ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਡੇਗੂ, ਮਲੇਰੀਆ ਅਤੇ ਚਿਕਨਗੁਨੀਆ ਬੀਮਾਰੀਆਂ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ.
- ਡੀ.ਸੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੀ ਪ੍ਰਧਾਨਗੀ
ਲੁਧਿਆਣਾ, 22 ਅਗਸਤ (ਤਮੰਨਾ ਬੇਦੀ): ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਆਦਿ ਫੈਲਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ, ਨਗਰ ਨਿਗਮ, ਜਨ ਸਿਹਤ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਦੇ ਕਦਮ ਚੁੱਕਣ 'ਤੇ ਜ਼ੋਰ ਦਿੱਤਾ।
ਹਿਮਾਂਸ਼ੂ ਜੈਨ ਆਪਣੇ ਦਫਤਰ ਵਿਖੇ ਡੇਗੂ, ਮਲੇਰੀਆ ਅਤੇ ਚਿਕਨਗੁਨੀਆ ਬੀਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹਾ ਪੱਧਰ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਪ੍ਰਗਤੀ ਰਾਣੀ, ਜ਼ਿਲ੍ਹਾ ਮਲੇਰੀਆ ਅਫਸਰ ਡਾ. ਸ਼ੀਤਲ ਨਾਰੰਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਵਲੋਂ ਨੈਸ਼ਨਲ ਵੈਕਟਰ ਬੋਰਨ ਬੀਮਾਰੀਆਂ ਜਿੰਨਾਂ ਵਿੱਚ ਡੇਗੂ, ਮਲੇਰੀਆ ਅਤੇ ਚਿਕਨਗੁਨੀਆ ਬੀਮਾਰੀਆਂ ਸ਼ਾਮਲ ਹਨ, ਦੀ ਰੋਕਥਾਮ ਲਈ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ। ਉਹਨਾ ਅਧਿਕਾਰੀਆਂ ਨੂੰ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨ ਲਈ ਕਿਹਾ। ਉਹਨਾਂ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਸ਼ਹਿਰ ਹੈ ਅਤੇ ਇਥੇ ਬਿਮਾਰੀਆਂ ਦੇ ਫੈਲਣ ਦਾ ਖਤਰਾ ਆਮ ਸ਼ਹਿਰਾਂ ਨਾਲੋ ਜਿਆਦਾ ਰਹਿੰਦਾ ਹੈ। ਉਹਨਾ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਦੇ ਆਸ-ਪਾਸ ਗੰਦਾ ਪਾਣੀ ਖੜਾ ਨਾ ਹੋਣ ਦੇਣ ਅਤੇ ਘਰਾਂ ਦੀਆ ਛੱਤਾਂ ਉਪਰ ਪਾਣੀ ਦੀਆਂ ਟੈਕੀਆਂ, ਘਰਾਂ ਵਿਚ ਪਏ ਕੂਲਰਾਂ ਦੀ ਸਫਾਈ ਅਤੇ ਛੱਤਾਂ ਉਪਰ ਪਏ ਪੁਰਾਣੇ ਬਰਤਨਾਂ ਵਿੱਚ ਵੀ ਪਾਣੀ ਨਾ ਖੜਾ ਹੋਣ ਦੇਣ।
ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਮਲੇਰੀਆ ਅਫਸਰ ਡਾ. ਸ਼ੀਤਲ ਨਾਰੰਗ ਨੂੰ ਇਹ ਵੀ ਕਿਹਾ ਕਿ ਉਹ ਡੇਂਗੂ ਸੰਭਾਵਿਤ ਇਲਾਕਿਆਂ, ਸਲੱਮ ਏਰੀਏ, ਗਲੀਆਂ ਦੀਆਂ ਨਾਲੀਆਂ ਜਿੰਨਾਂ ਥਾਵਾਂ ਤੇ ਪਾਣੀ ਖੜ੍ਹਾ ਰਹਿੰਦਾ ਹੈ, ਉਹਨਾਂ ਥਾਵਾਂ ਤੇ ਦਿਨ ਵਿੱਚ ਦੋ ਵਾਰ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾ ਕਰਵਾਉਣ। ਉਹਨਾ ਕਿਹਾ ਕਿ ਉਹ ਵੱਖ-ਵੱਖ ਬੀਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕਰਨ ਲਈ ਪਿੰਡਾਂ ਵਿੱਚ ਕੈਪ ਲਗਾਉਣ ਅਤੇ ਕਲੋਰੀਨ ਦੀਆਂ ਗੋਲੀਆਂ ਵੀ ਵੰਡਣ। ਉਹਨਾ ਇਹ ਵੀ ਕਿਹਾ ਕਿ ਸੀਵਰੇਜ਼ ਅਤੇ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਦੀ ਲੀਕੇਜ਼ ਚੈਕ ਕਰਵਾ ਕੇ ਤੁਰੰਤ ਬੰਦ ਕਰਵਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਾਰਜ ਸਾਧਕ ਅਫਸਰਾਂ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਜੇ ਕਿਧਰੇ ਕੋਈ ਖੜ੍ਹਾ ਪਾਣੀ ਮਿਲਦਾ ਹੈ ਤਾਂ ਉਸ ਪਾਣੀ ਵਿੱਚ ਡੀਜਲ ਦਾ ਛਿੜਕਾਓ ਕੀਤਾ ਜਾਵੇ ਤਾ ਜੋ ਮੱਛਰ ਪੈਦਾ ਨਾ ਹੋ ਸਕੇ। ਉਹਨਾ ਜ਼ਿਲਾ ਸਿੱਖਿਆ ਅਫਸਰਾਂ ਨੂੰ ਕਿਹਾ ਕਿ ਉਹ ਬੱਚਿਆਂ ਅਤੇ ਸਕੂਲੀ ਸਟਾਫ ਨੂੰ ਪੂਰੀਆਂ ਬਾਹਵਾਂ ਵਾਲੇ ਕਪੜੇ ਪਹਿਨਣ ਸਬੰਧੀ ਹਦਾਇਤਾਂ ਜਾਰੀ ਕਰਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਸਵੇਰ ਦੀ ਪ੍ਰਾਰਥਨਾ ਸਮੇ ਬੱਚਿਆਂ ਨੂੰ ਇਹਨਾਂ ਬੀਮਾਰੀਆਂ ਦੀ ਰੋਕਥਾਮ ਅਤੇ ਬਚਾਅ ਲਈ ਜਰੂਰੀ ਸਾਵਧਾਨੀਆਂ ਵਰਤਣ ਬਾਰੇ ਜਾਗਰੂਕ ਕਰਨ ਅਤੇ ਬੱਚਿਆਂ ਨੂੰ ਇਸ ਸਬੰਧੀ ਪੈਫਲਿਟ ਵੰਡਣ ਨੂੰ ਯਕੀਨੀ ਬਣਾਉਣ। ਉਹਨਾ ਜ਼ਿਲੇ ਦੇ ਸਾਰੇ ਸਰਕਾਰੀ ਦਫਤਰਾਂ ਦੇ ਮੁਖੀਆਂ ਨੂੰ ਕਿਹਾ ਕਿ ਉਹ ਆਪੋ ਆਪਣੇ ਦਫਤਰਾਂ ਵਿਚ ਸਫਾਈ ਨੂੰ ਯਕੀਨੀ ਬਣਾਉਣ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ। ਉਹਨਾ ਕਿਹਾ ਕਿ ਇਸ ਕੰਮ ਵਿਚ ਕੁਤਾਹੀ ਨਾ ਵਰਤੀ ਜਾਵੇ। ਕੂਲਰਾਂ ਦੇ ਪੁਰਾਣੇ ਪੈਡ ਬਦਲੇ ਜਾਣ।
ਹਿਮਾਂਸ਼ੂ ਜੈਨ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਘਰਾਂ, ਦਫ਼ਤਰਾਂ ਜਾਂ ਕਿਸੇ ਵੀ ਜਗ੍ਹਾ ਤੇ ਜਿੱਥੇ ਕੂਲਰ, ਡੱਬੇ, ਬਰਤਨ, ਛੱਤ ਆਦਿ ਦੀ ਸਫਾਈ ਕਰਕੇ ਸ਼ੁੱਕਰਵਾਰ ਨੂੰ ਡਰਾਈ ਡੇਅ ਵੱਜੋਂ ਮਨਾਉਣ। ਉਹਨਾਂ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਚੱਕਰ ਨੂੰ ਤੋੜਨ ਦਾ ਇਹ ਸਭ ਤੋਂ ਉੱਤਮ ਢੰਗ ਹੈ, ਜੋ ਸਿਰਫ ਇੱਕ ਹਫ਼ਤੇ ਅੰਦਰ ਇੱਕ ਅੰਡੇ ਤੋਂ ਪੂਰਾ ਅਡਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਵੱਖ-ਵੱਖ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਅਤੇ ਜ਼ਿਲੇ ਦੀ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਏਰੀਏ ਵਿੱਚ ਵੱਖ-ਵੱਖ ਸੰਭਾਵਿਤ ਖੇਤਰਾਂ ਵਿੱਚ ਫੋਗਿੰਗ ਵੀ ਕੀਤੀ ਜਾ ਰਹੀ ਹੈ।
ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜੇਕਰ ਕਿਸੇ ਵੀ ਵਿਆਕਤੀ ਨੇ ਡੇਂਗੂ ਟੈਸਟ ਕਰਵਾਉਣਾ ਹੋਵੇ ਤਾਂ ਉਹ ਇਹ ਡੇਂਗੂ ਦੇ ਫ਼ਰੀ ਟੈਸਟ ਸਿਵਲ ਹਸਪਤਾਲ ਲੁਧਿਅਣਾ, ਖੰਨਾ, ਰਾਏਕੋਟ ਅਤੇ ਜਗਰਾਓ ਵਿਖੇ ਜਾ ਕੇ ਕਰਵਾ ਸਕਦਾ ਹੈ।