ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ 'ਅੰਤਰਰਾਸ਼ਟਰੀ ਵਿਸ਼ਵ ਹੁਨਰ 2025-26' ਦੀਆ ਤਿਆਰੀਆਂ ਸ਼ੁਰੂ.

ਇੰਡੀਆ ਸਕਿੱਲ ਮੁਕਾਬਲੇ 'ਚ ਨੈਸ਼ਨਲ ਵਿਜੇਤਾ ਨੂੰ ਸ਼ੰਗਾਈ (ਚੀਨ) ਜਾਣ ਦਾ ਮਿਲੇਗਾ ਮੌਕਾ


ਲੁਧਿਆਣਾ, 22 ਅਗਸਤ (ਵਾਸੂ ਜੇਤਲੀ) - ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਸ਼ੰਗਾਈ (ਚੀਨ) ਵਿਚ ਹੋਣ ਵਾਲੇ ਅੰਤਰਰਾਸ਼ਟਰੀ ਵਿਸ਼ਵ ਹੁਨਰ 2025-26 ਦੀਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।


ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਜੀਤ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਵਾਏ ਜਾਣ ਵਾਲੇ ਜ਼ਿਲ੍ਹਾ ਪੱਧਰੀ ਹੁਨਰ ਮੁਕਾਬਲਿਆਂ ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਉਹਨਾਂ ਦੀ ਜਾਂਚ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਪੱਧਰੀ ਮੁਕਾਬਲਿਆਂ ਵਿੱਚ, ਜ਼ਿਲ੍ਹਾ, ਰਾਜ, ਖੇਤਰੀ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਸ਼ਾਮਲ ਹਨ। ਰਾਸ਼ਟਰੀ ਪੱਧਰ 'ਤੇ ਜੇਤੂ ਸ਼ੰਗਾਈ, ਚੀਨ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਜਿੱਥੇ ਇਹ ਮੁਕਾਬਲੇ ਕੁੱਲ 63 ਟ੍ਰੇਡ ਲਈ ਆਯੋਜਿਤ ਕੀਤੇ ਜਾਣਗੇ।


ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਨਰ ਮੁਕਾਬਲੇ ਦੀਆ ਤਾਰੀਖਾਂ ਦਾ ਜਲਦ ਐਲਾਨ ਕੀਤਾ ਜਾਵੇਗਾ। 50 ਟਰੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਦਾ ਜਨਮ 1 ਜਨਵਰੀ, 2004 ਅਤੇ 13 ਟਰੇਡਾਂ ਲਈ ਜਨਮ 01 ਜਨਵਰੀ, 2001 ਨੂੰ ਜਾਂ ਉਸ ਤੋਂ ਬਾਅਦ ਹੋਣਾ ਲਾਜਮੀ ਹੈ।


ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਭਾਗ ਲੈਣ ਦੇ ਚਾਹਵਾਨ ਉਮੀਦਵਾਰ ਵੈਬਸਾਈਟ http://www.skillindiadigital.gov.in 'ਤੇ ਅਪਲਾਈ ਕਰ ਸਕਦੇ ਹਨ. ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ, 2025 ਨਿਰਧਾਰਿਤ ਕੀਤੀ ਗਈ ਹੈ। 


ਵਧੀਕ ਡਿਪਟੀ ਕਮਿਸ਼ਨਰ ਬੈਂਸ ਨੇ ਹੁਨਰਮੰਦ ਨੌਜਵਾਨਾਂ, ਆਈ.ਟੀ.ਆਈ., ਪੋਲੀਟੈਕਨਿਕ ਕਾਲਜਾਂ, ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਦੇ ਮੁਖੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ ਵੱਧ ਤੋਂ ਵੱਧ ਸਿਖਿਆਰਥੀਆਂ ਪਾਸੋਂ ਰੇਜਿਸਟ੍ਰੇਸ਼ਨ ਕਰਵਉਣ ਤਾਂ ਜੋ ਵਿਦਿਆਰਥੀ ਇਸ ਦਾ ਲਾਭ ਲੈ ਸਕਣ।


ਵਧੇਰੇ ਜਾਣਕਾਰੀ ਲਈ ਵੈਬਸਾਈਟ http://www.skillindiadigital.gov.in 'ਤੇ ਜਾ ਕੇ ਸਰੋਤ ਟੈਬ ਦੀ ਪਾਲਣਾ ਕਰ ਸਕਦੇ ਹਨ। ਇਸ ਤੋਂ ਇਲਾਵਾ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਅਤੇ ਪ੍ਰਿੰਸ ਕੁਮਾਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।