ਬੁਢਲਾਡਾ, 25ਅਗਸਤ ( ਅਮਨ ਮੇਹਤਾ ): ਬ੍ਰਹਮਕੁਮਾਰੀਜ਼ ਬੁਢਲਾਡਾ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਅੱਜ ਬ੍ਰਹਮਕੁਮਾਰੀ ਸੇਵਾ ਕੇਂਦਰ, ਨਜ਼ਦੀਕ ਸਿਟੀ ਪੁਲਿਸ ਥਾਣਾ ਬੁਢਲਾਡਾ (ਮਾਨਸਾ) ਵਿੱਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕੁੱਲ 106 ਯੂਨਿਟ ਖੂਨ ਇਕੱਠਾ ਹੋਇਆ, ਜੋ ਕਿ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਵਰਤਿਆ ਜਾਵੇਗਾ।
ਇਹ ਕੈਂਪ ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਜੀ ਦੀ 18ਵੀਂ ਬਰਸੀ ਨੂੰ ਸਮਰਪਿਤ ਕੀਤਾ ਗਿਆ। ਦਾਦੀ ਪ੍ਰਕਾਸ਼ਮਣੀ ਜੀ ਬ੍ਰਹਮਕੁਮਾਰੀ ਸੰਸਥਾ ਦੀ ਮੁੱਖ ਪ੍ਰਬੰਧਕ ਰਹੇ ਹਨ ਅਤੇ ਉਨ੍ਹਾਂ ਨੇ ਸਾਰੀ ਜ਼ਿੰਦਗੀ ਸਮਾਜ ਸੇਵਾ, ਅਧਿਆਤਮਿਕਤਾ ਅਤੇ ਨੈਤਿਕ ਮੁੱਲਾਂ ਦੇ ਪ੍ਰਚਾਰ ਲਈ ਸਮਰਪਿਤ ਕੀਤੀ। ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ ਇਹ ਕੈਂਪ ਆਯੋਜਿਤ ਕੀਤਾ ਗਿਆ।
ਸਮਾਗਮ ਦੌਰਾਨ ਬ੍ਰਹਮਕੁਮਾਰੀ ਰਜਿੰਦਰ ਦੀਦੀ ਜੀ ਨੇ ਸਭ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਮੈਡਲ, ਬੈਗ ਤੇ ਸਰਟੀਫਿਕੇਟ ਭੇਂਟ ਕਰਕੇ ਹੌਸਲਾ ਅਫਜਾਈ ਕੀਤੀ।
ਇਸ ਮੌਕੇ ਨੇਕੀ ਫਾਊਂਡੇਸ਼ਨ ਦੀ ਟੀਮ ਅਤੇ ਸਰਕਾਰੀ ਬਲੱਡ ਬੈਂਕ ਟੀਮ, ਮਾਨਸਾ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ। ਨੇਕੀ ਫਾਊਂਡੇਸ਼ਨ ਵੱਲੋਂ ਕਿਹਾ ਗਿਆ ਕਿ ਖੂਨਦਾਨ ਸਭ ਤੋਂ ਵੱਡੀ ਨੇਕੀ ਹੈ ਕਿਉਂਕਿ ਇਸ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ।