ਤੋੜ ਕੇ ਕੌਲ ਕਰਾਰ ਤੁਰ ਗਿਆ....ਜਸਵਿੰਦਰ ਭੱਲਾ ਦੇ ਵਿਛੋੜੇ 'ਤੇ ਗੁਰਭਜਨ ਗਿੱਲ ਦੇ ਦਿਲੋਂ ਨਿਕਲੇ ਸ਼ਬਦ .
ਜਦੋਂ ਬਹੁੜ ਨੇੜਲੇ ਪਿਆਰੇ ਜਾਂਦੇ ਨੇ ਤਾਂ ਸ਼ਬਦ ਹਾਰ ਜਾਂਦੇ ਨੇ। ਪਹਿਲਾਂ ਸਰਦੂਲ ਸਿਕੰਦਰ, ਸੁਰਿੰਦਰ ਛਿੰਦਾ, ਡਾ. ਸੁਰਜੀਤ ਪਾਤਰ ਤੇ ਹੁਣ ਡਾ. ਜਸਵਿੰਦਰ ਭੱਲਾ .........
ਮਣਕੇ ਕਿਰਦੇ ਜਾਂਦੇ ਨੇ!
ਜਸਵਿੰਦਰ ਭੱਲਾ ਨਮਿਤ
30 ਅਗਸਤ ਦੁਪਹਿਰ 12 ਵਜੇ ਤੋਂ 1.30 ਵਜੇ ਤੀਕ ਗੁਰਦੁਆਰਾ ਸਾਹਿਬ ਸੈਕਟਰ 34 ਚੰਡੀਗੜ੍ਹ ਵਿੱਚ ਅੰਤਿਮ ਅਰਦਾਸ ਹੋਵੇਗੀ।
ਪਰਿਵਾਰ ਦੇ ਦਰਦ ਵਿੱਚ ਮੈਂ ਵੀ ਸ਼ਾਮਿਲ ਹਾਂ।
ਗੁਰਭਜਨ ਗਿੱਲ
ਕੁਝ ਸ਼ਬਦ …….
ਡੁੱਬਦੇ ਸੂਰਜ ਦੇ ਵਿੱਚ ਘੁਲ਼ਿਆ, ਕਿੱਧਰ ਸਾਡਾ ਯਾਰ ਤੁਰ ਗਿਆ।
ਦਿਲ ਦਾ ਹਾਣ ਜ਼ਬਾਨ ਦਾ ਪੱਕਾ,ਤੋੜ ਕੇ ਕੌਲ ਕਰਾਰ ਤੁਰ ਗਿਆ।
ਬੜੇ ਵਾਸਤੇ ਪਾਏ! ਹਾਏ! ਇੱਕ ਨਾ ਮੰਨੀ ਜਾਣ ਦੇ ਵੇਲ਼ੇ,
ਸਾਡੇ ਮਨ ਤੇ ਅਣਮਿਣਵਾਂ ਉਹ ਪਾ ਕੇ ਕੈਸਾ ਭਾਰ ਤੁਰ ਗਿਆ।
ਬਾਤ- ਹੁੰਗਾਰਾ ਭਰਦਾ ਭਰਦਾ, ਅਚਨਚੇਤ ਕਿਸ ਖੂਹ ਵਿੱਚ ਲੱਥਿਆ,
ਰੂਹ ਤੇ ਪੈੜਾਂ ਪਾਉਂਦਾ ਪਾਉਂਦਾ ਚੁੱਪ ਦੀ ਬੁੱਕਲ ਮਾਰ ਤੁਰ ਗਿਆ।
ਅਜੇ ਅਲਾਪ ਲਿਆ ਸੀ ਉਸ ਨੇ, ਗਾਉਣਾ ਸੀ ਜਿਸ ਹੇਕਾਂ ਲਾ ਕੇ,
ਸਾਜ਼ ਵਿਲਕਦੇ ਹਾਲੇ ਤੱਕ ਵੀ ਤੋੜ ਸਬੂਤੀ ਤਾਰ ਤੁਰ ਗਿਆ।
ਕਿੰਨੇ ਸੁਪਨੇ, ਕਿੰਨੀਆਂ ਰੀਝਾਂ, ਕੋਰੇ ਵਰਕੇ ਵਾਹੀਆਂ ਲੀਕਾਂ,
ਤੜਪ ਰਹੇ ਰੰਗ ਡੱਬੀਆਂ ਅੰਦਰ,ਸਭ ਨੂੰ ਜਿਉਂਦੇ ਮਾਰ ਤੁਰ ਗਿਆ।
ਬਾਂਸ ਦੀ ਪੋਰੀ ਛੇਕਾਂ ਵਿੰਨ੍ਹੀ, ਹੁਣ ਹੋਠਾਂ ਨੂੰ ਸਹਿਕ ਰਹੀ ਹੈ,
ਸੁਰ ਦੇ ਨਾਲ ਕਲੋਲਾਂ ਕਰਦਾ,ਕਿੱਧਰ ਕ੍ਰਿਸ਼ਨ ਮੁਰਾਰ ਤੁਰ ਗਿਆ।
ਅੱਥਰੇ ਘੋੜੇ ਮਾਰ ਪਲਾਕੀ, ਚੜ੍ਹ ਜਾਂਦਾ ਸੀ ਵਾਗਾਂ ਫੜ ਕੇ,
ਸਾਨੂੰ ਛੱਡ ਕੇ ਕਿਹੜੇ ਰਾਹੀਂ, ਸਾਡਾ ਪੌਣ ਸਵਾਰ ਤੁਰ ਗਿਆ।
⚫️
