ਲਗਨ ਵਾਲੀ ਅਜ਼ੀਮ ਸ਼ਖਸ਼ੀਅਤ ਸਨ- ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ.
ਮੇਰੀਆਂ ਅੱਖਾਂ ਨੂੰ ਉਨ੍ਹਾਂ ਵਿਚਲੇ ਆਦਰਸ਼ ਤੇ ਟੀਚੇ ਦੇ ਮੁੱਖ ਤੋਂ ਸੁਦ੍ਰਿੜ ਤੇ ਅਹਿੱਲ ਨਜ਼ਰ ਆਏ - ਸੰਤ ਗਿਆਨੀ ਅਮੀਰ ਸਿੰਘ ਜੀ
ਲੁਧਿਆਣਾ, 26 ਅਗਸਤ, (ਪ੍ਰਿਤਪਾਲ ਸਿੰਘ ਪਾਲੀ)- ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਦੇ ਸਦੀਵੀ ਵਿਛੋੜੇ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਉਹ ਇਕ ਲਗਨ ਵਾਲੀ ਅਜ਼ੀਮ ਸ਼ਖਸ਼ੀਅਤ ਸਨ। ਉਨ੍ਹਾਂ ਦੀ ਲਗਨ ਦਾ ਕੇਂਦਰ ਬਿੰਦੂ ਸੀ "ਗੁਰਬਾਣੀ ਦੁਆਰਾ ਦਰਸਾਇਆ ਗਿਆ ਜੀਵਨ ਮਾਰਗ"। ਸੰਪ੍ਰਦਾਇ ਰਾੜਾ ਸਾਹਿਬ ਨੇ ਉਨ੍ਹਾਂ ਵਿਚਲੀ ਲਗਨ ਨੂੰ ਵੇਖਦਿਆਂ-ਸਮਝਦਿਆਂ ਉਨ੍ਹਾਂ ਨੂੰ ਗੁਰਮਤਿ ਦੀ ਕੁਠਾਲੀ ਵਿੱਚ ਢਾਲਿਆ। ਅਸੀਂ ਬਚਪਨ ਤੋਂ ਇੱਕ ਦੂਜੇ ਦੇ ਵਾਕਫ ਸਾਂ। ਮੈਂ ਉਨ੍ਹਾਂ ਨੂੰ ਇੱਕੋ-ਇੱਕ ਮਾਰਗ ਦਾ ਅਡੋਲ ਪਾਂਧੀ ਵੇਖਦਾ ਆਇਆ ਹਾਂ। ਵਕਤ ਜਨਧਾਰਨ ਨੂੰ ਨਾ ਕੇਵਲ ਸ਼ਕਲ, ਸੂਰਤ ਤੇ ਸੀਰਤ ਵਿੱਚ ਹੀ ਬਦਲਾਉਂਦਾ ਹੈ। ਸਗੋਂ ਉਸਦੇ ਆਦਰਸ਼ ਤੇ ਟੀਚਿਆਂ ਵਿੱਚ ਵੀ ਲੋਹੜੇ ਦਾ ਅੰਤ ਲਿਆ ਦਿੰਦਾ ਹੈ। ਮੈਂ ਉਨ੍ਹਾਂ ਨੂੰ ਇੱਕ ਵਿਦਿਆਰਥੀ ਦੇ ਰੂਪ ਵਿੱਚ, ਜਥੇਦਾਰ ਬਾਬਾ ਜੀ ਦੀ ਸੰਗਤ ਵਿੱਚ ਸੇਵਾ ਨਿਭਾਉਣ ਦੇ ਰੂਪ ਵਿਚ ਅਤੇ ਜਥੇਦਾਰ ਬਾਬਾ ਜੀ ਦੇ ਤੋਂ ਬਾਅਦ ਗੁਰਦੁਆਰਾ ਰਾੜਾ ਸਾਹਿਬ ਵੱਲੋਂ ਮੁੱਖ ਪ੍ਰਚਾਰਕ ਦੇ ਰੂਪ ਵਿੱਚ ਵੀ ਵੇਖਿਆ ਅਤੇ ਸੰਪਰਦਾਇ ਰਾੜਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਨਿਭਾਉਂਦਿਆਂ ਨੂੰ ਵੀ ਨੇੜਿਓ ਹੋ ਕੇ ਵੇਖਿਆ। ਮੇਰੀਆਂ ਅੱਖਾਂ ਨੂੰ ਉਨ੍ਹਾਂ ਵਿਚਲੇ ਆਦਰਸ਼ ਤੇ ਟੀਚੇ ਦੇ ਮੁੱਖ ਤੋਂ ਸੁਦ੍ਰਿੜ ਤੇ ਅਹਿੱਲ ਨਜ਼ਰ ਆਏ। ਮੈਂ ਸਮਝਦਾ ਹਾਂ ਕਿ ਇਸ ਅਟੱਲ ਵਿਸ਼ਵਾਸ ਨੇ ਉਹਨਾਂ ਨੂੰ ਸਧਾਰਨ ਸੇਵਾਦਰਾਂ ਵਿਚੋਂ ਨਿਵੇਕਲੀ ਸ਼ਖਸ਼ੀਅਤ ਦਾ ਮਾਲਕ ਬਣਾਇਆ ਅਤੇ 2014 'ਚ ਸੰਪਰਦਾਇ ਦਾ ਮੁਖੀ ਬਣਾਇਆ। ਅੱਜ ਉਨ੍ਹਾਂ ਦੇ ਸਦੀਵੀ ਵਿਛੋੜੇ ਨੇ ਕੌਮ ਦੀ ਲਾਸਾਨੀ ਲਗਨ ਵਾਲੀ ਸ਼ਖਸ਼ੀਅਤ ਤੋ ਵੰਚਿਤ ਕੀਤਾ ਹੈ। ਕੱਲ ਤੋਂ ਹੀ ਵੱਡੀ ਗਿਣਤੀ ਵਿੱਚ ਸੰਗਤਾਂ ਕਤਾਰ ਵਿੱਚ ਖੜੀਆਂ ਇੰਤਜ਼ਾਰ ਕਰਦੀਆਂ ਉਹਨਾਂ ਦੇ ਅੰਤਿਮ ਦਰਸ਼ਨਾਂ ਦੀ ਉਡੀਕ ਦੇ ਨਾਲ-ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਦੀਆਂ ਮਹਿਸੂਸ ਹੋਈਆਂ ਕਿ ਸਤਿਗੁਰੂ ਜੀ ਉਹਨਾਂ ਨੂੰ ਆਪਣੇ ਪਵਿੱਤਰ ਚਰਨਾਂ ਦੀ ਛਾਇਆ ਵਿੱਚ ਨਿਵਾਸ ਪ੍ਰਦਾਨ ਕਰਨ।