ਸੰਤ ਬਾਬਾ ਸੁਚਾ ਸਿੰਘ ਜੀ 23ਵੀਂ ਬਰਸੀ ਸਮਾਗਮ ਦੇ ਦੂਜੇ ਦਿਨ ਹੋਇਆ ਨਾਮ ਸਿਮਰਨ 'ਤੇ ਗੁਰਬਾਣੀ ਕੀਰਤਨ.
ਸੰਤ ਬਾਬਾ ਸੁਚਾ ਸਿੰਘ ਜੀ ਨੇ ਗੁਰਮਤਿ ਸੰਗੀਤ ਕਲਾ ਦੀ ਪ੍ਰਫੁੱਲਤਾ 'ਚ ਆਪਣਾ ਅਹਿਮ ਯੋਗਦਾਨ ਪਾਇਆ-ਸੰਤ ਬਾਬਾ ਅਮੀਰ ਸਿੰਘ ਜੀ
ਬਰਸੀ ਸਮਾਗਮ ਵਿੱਚ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਨੇ ਵੱਡੀ ਗਿਣਤੀ 'ਚ ਭਰੀਆਂ ਹਾਜ਼ਰੀਆਂ
ਲੁਧਿਆਣਾ 26 ਅਗਸਤ (ਪ੍ਰਿਤਪਾਲ ਸਿੰਘ ਪਾਲੀ) - ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਦੇ ਸਬੰਧ ਵਿੱਚ ਚੱਲੇ ਰਹੇ ਸਮਾਗਮਾ ਦੀ ਲੜੀ ਤਹਿਤ 26 ਅਗਸਤ ਦੇ ਸਮਾਗਮ ਅੰਦਰ ਆਯੋਜਿਤ ਕੀਤੇ ਗਏ ਸਿਮਰਨ ਤੇ ਗੁਰਮਤਿ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ ਅਤੇ ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸੁਸਾਇਟੀਆਂ ਦੀਆਂ ਬੀਬੀਆਂ ਨੂੰ ਸਿਮਰਨ ਕਰਵਾਉਦਿਆਂ ਹੋਇਆ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਕੀਰਤਨ ਦੀ ਦਾਤ, ਉਹ ਗੁਣਨਾਤਮਕ ਦਾਤ ਹੈ। ਜੋ ਮਨੁੱਖ ਦੀ ਆਤਮਾ ਨੂੰ ਅਧਿਆਤਮਕ ਤੇ ਰੂਹਾਨੀਅਤ ਦਾ ਸਕੂਨ ਪ੍ਰਦਾਨ ਕਰਕੇ ਉਸ ਨੂੰ ਪਰਮਾਤਮਾ ਦੀ ਬੰਦਗੀ ਕਰਨ ਦਾ ਮਾਰਗ ਦਰਸਾਉਦੀ ਹੈ, ਖਾਸ ਕਰਕੇ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਵਿਸ਼ੇਸ਼ ਰਾਗਾ ਵਿੱਚ ਵਿਉਂਤਬੱਧ ਕਰਕੇ ਗੁਰਮਤਿ ਸੰਗੀਤ ਨੂੰ ਇੱਕ ਅਜਿਹੇ ਸਾਧਨ ਵੱਜੋਂ ਵਰਤਿਆ ਹੈ ਜੋ ਮਨ ਨੂੰ ਇਕਾਗਰ ਕਰਨ ਤੇ ਆਤਮਾ ਨੂੰ ਰੂਹਾਨੀਅਤ ਦੀਆਂ ਬੁਲੰਦੀਆਂ ਤੇ ਲਿਜਾ ਸਕੇ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਨੂੰ ਜਿਥੇ ਮਹਾਨ ਰਬਾਬੀਆਂ ਤੇ ਰਾਗੀ ਕੀਰਤਨੀਆਂ ਦੀ ਭਰਪੂਰ ਦੇਣ ਹੈ ਉਥੇ ਨਾਲ ਹੀ ਇਸਤਰੀ ਸਤਿਸੰਗ ਸਭਾਵਾਂ ਦੀ ਦੇਣ ਵੀ ਬਹੁਤ ਮਹਾਨ ਹੈ। ਇਸ ਦੌਰਾਨ ਉਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਦੀ ਹਮੇਸ਼ਾ ਇਹ ਸੋਚ ਰਹੀ ਹੈ ਕਿ ਕੀਰਤਨ ਦਰਬਾਰਾਂ ਦੀ ਲੜੀ ਦੇ ਤਹਿਤ ਗੁਰਮਤਿ ਸੰਗੀਤ ਕਲਾ ਨੂੰ ਸੰਗਤਾਂ ਵਿੱਚ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ। ਇਸ ਲੜੀ ਦੇ ਅੰਤਰਗਤ ਮੌਜੂਦਾ ਸਮੇਂ ਅੰਦਰ ਵੀ ਜਵੱਦੀ ਟਕਸਾਲ ਨਿਰਧਾਰਤ ਰਾਗਾਂ ਵਿੱਚ ਗੁਰਬਾਣੀ ਕੀਰਤਨ ਤੇ ਗੁਰਮਤਿ ਸੰਗੀਤ ਕਲਾ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਬਰਸੀ ਸਮਾਗਮ ਦੇ ਅਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਅੰਦਰ ਆਪਣੀ ਵਿਸ਼ੇਸ਼ ਤੌਰ ਤੇ ਕੀਰਤਨ ਦੀ ਹਾਜਰੀ ਭਰਨ ਲਈ ਪੁੱਜੇ ਭਾਈ ਕਾਰਜ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜੱਥੇ ਅਤੇ ਸਮਾਗਮ ਦੌਰਾਨ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਵਾਲੀਆਂ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਦਾ ਵੀ ਦਿਲ ਦੀ ਗਹਿਰਾਈ ਤੋਂ ਅਤੀ ਧੰਨਵਾਦ ਪ੍ਰਗਟ ਕੀਤਾ।ਬਾਬਾ ਜੀ ਨੇ ਦੱਸਿਆਂ ਅੱਜ 27 ਅਗਸਤ ਨੂੰ ਮਹਾਨ ਸੰਤ ਸਮਾਗਮ, ਕੀਰਤਨ ਦਰਬਾਰ,ਅਤੇ ਢਾਡੀ ਦਰਬਾਰ ਹੋਣਗੇ ਜਿਸ ਵਿੱਚ ਪੰਥ ਦੀਆਂ ਪ੍ਰਮੁੱਖ ਸਤਿਕਾਰਤ ਹਸਤੀਆਂ,ਸੰਤ ਮਹਾਪੁਰਖ, ਸਿੰਘ ਸਾਹਿਬਾਨ ਆਪਣੀਆਂ ਹਾਜ਼ਰੀਆਂ ਭਰਨਗੇ। ਰਾਤ ਨੂੰ ਵਿਸ਼ੇਸ਼ ਤੌਰ ਤੇ ਰਾਗ ਦਰਬਾਰ ਹੋਵੇਗਾ। ਇਸ ਤੋ ਪਹਿਲਾਂ ਕੱਲ ਰਾਤ ਦੇ ਦੀਵਾਨ ਅੰਦਰ ਕਰਵਾਏ ਗਏ ਕੀਰਤਨ ਦਰਬਾਰ ਵਿੱਚ ਗੁਰਮਤਿ ਰਾਗੀ ਸਭਾ ਲੁਧਿਆਣਾ ਦੇ ਕੀਰਤਨੀ ਜੱਥਿਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।