ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁਚਾ ਸਿੰਘ ਜੀ ਦੇ ਬਰਸੀ ਸਮਾਗਮ ਰਾਗ ਆਤਮਕ ਧੁਨਾਂ ਨਾਲ ਸਮਾਪਤ.



ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋ ਆਈਆਂ ਸੰਗਤਾਂ ਦਾ ਧੰਨਵਾਦ

ਲੁਧਿਆਣਾ, 28 ਅਗਸਤ(ਪ੍ਰਿਤਪਾਲ ਸਿੰਘ ਪਾਲੀ) : ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਬਾਨੀ ਤੇ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਦੇ ਸਬੰਧ ਵਿੱਚ ਚੱਲ ਰਹੇ ਸਮਾਗਮ ਦੇਰ ਰਾਤ ਤੱਕ ਚਲੇ ਰਾਗ ਦਰਬਾਰ ਨਾਲ ਸਮਾਪਤ ਹੋ ਗਏ। ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਪਿਛਲੇ ਕਈ ਦਿਨਾਂ ਤੋ ਚੱਲ ਰਹੇ ਸਮਾਗਮ ਦੇ ਅੰਤਲੇ ਦਿਨ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਬੜੇ ਪ੍ਰੇਮ ਭਾਵ ਨਾਲ ਆਪਣੀਆਂ ਹਾਜ਼ਰੀਆਂ ਭਰੀਆਂ। ਕੱਲ ਆਯੋਜਿਤ ਕੀਤੇ ਗਏ ਸੰਤ ਸਮਾਗਮ ਉਪਰੰਤ ਜਿੱਥੇ ਪੰਥ ਪ੍ਰਸਿੱਧ ਗਿਆਨੀ ਜਸਵਿੰਦਰ ਸਿੰਘ ਬਾਗੀ ਦੇ ਢਾਡੀ ਜੱਥੇ ਨੇ ਬੀਰ ਰਸੀ ਵਾਰਾਂ ਦਾ ਗਾਇਨ ਕਰਕੇ ਇੱਕਤਰ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਉਪਰੰਤ ਬੀਬੀਆਂ ਦੇ ਜੱਥੇ ਵੱਲੋ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਦਾ ਪਾਠ ਕਰਕੇ ਸੰਗਤਾਂ ਨੂੰ ਅਧਿਆਤਮਕ ਦੇ ਰੰਗ ਵਿੱਚ ਰੰਗ ਦਿੱਤਾ।ਇਸ ਦੌਰਾਨ ਰਾਤ ਨੂੰ ਆਯੋਜਿਤ ਕੀਤੇ ਗਏ ਰਾਗ ਦਰਬਾਰ ਵਿੱਚ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ  ਟਕਸਾਲ ਦੇ ਭਾਈ ਭਾਰਤ ਸਿੰਘ, ਭਾਈ ਗੁਰਸੇਵਕ ਸਿੰਘ ਦੇ ਕੀਰਤਨੀ ਜੱਥੇ ਨੇ ਤੰਤੀ ਸਾਜ਼ਾਂ ਰਾਹੀਂ ਗੁਰਬਾਣੀ ਦਾ ਕੀਰਤਨ ਕੀਤਾ, ਉੱਥੇ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਸਤਿੰਦਰ ਸਿੰਘ ਬੋਦਲ, ਭਾਈ ਗੁਰਮੀਤ ਸਿੰਘ ਸ਼ਾਤ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਬਲਦੀਪ ਸਿੰਘ ਦਿੱਲੀ ਅਤੇ ਭਾਈ ਬਲਜੀਤ ਸਿੰਘ ਨਾਮਧਾਰੀ ਦੇ ਜੱਥਿਆਂ ਨੇ ਗੁਰੂ ਸਾਹਿਬਾਂ ਵੱਲੋ ਉਚਰੀ ਇਲਾਹੀ ਬਾਣੀ ਦਾ ਨਿਰਧਾਰਤ ਰਾਗਾਂ ਵਿੱਚ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਮਾਗਮ ਦੌਰਾਨ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਸਮੂਹ ਕੀਰਤਨੀ ਜੱਥਿਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਗਏ ਮਿਸਾਲੀ ਕਾਰਜ ਸਮੁੱਚੀ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਹਨ।ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੀਰਤਨ ਤੇ ਗੁਰਮਤਿ ਸਮਾਗਮ ਕਰਵਾਉਣੇ ਤਾਂ ਹੀ ਸਫਲਾ ਹੋ ਸਕਦੇ ਹਨ। ਜੇਕਰ ਅਸੀਂ ਗੁਰੂ ਦੇ ਉਪਦੇਸ਼ਾਂ ਨੂੰ ਸਮੁੱਚੀ ਮਾਨਵਤਾ ਤੱਕ ਪੁਹੰਚਾਣ ਦਾ ਯਤਨ ਕਰੀਏ ਅਤੇ ਆਪਣੇ ਆਪ ਨੂੰ ਸੰਪੂਰਨ ਸਿੱਖ ਬਣਾ ਕੇ  ਸਿਮਰਨ ਦੇ ਸਿਧਾਂਤ ਨਾਲ ਜੁੜਿਏ।ਉਨ੍ਹਾਂ ਨੇ ਬਰਸੀ ਸਮਾਗਮ ਅੰਦਰ ਉਚੇਚੇ ਤੌਰ ਤੇ ਪੁੱਜੇ ਵੱਖ ਵੱਖ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼ਾਂ,ਸਿੰਘ ਸਹਿਬਾਨਾਂ, ਸਸ਼ੌਮਣੀ ਕਮੇਟੀ ਦੇ ਪ੍ਰਧਾਨ, ਮੈਬਰਾਂ, ਨਿਹੰਗ ਸਿੰਘ ਜੱਥੇਦਾਰਾਂ ਅਤੇ ਸਮੂਹ ਸੰਗਤਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟ ਕੀਤਾ।