ਪੀਐਚਡੀਸੀਸੀਆਈ ਦੇ 19ਵੇਂ ਪਾਈਟੈਕਸ ਦੀਆਂ ਤਿਆਰੀਆਂ ਸ਼ੁਰੂ.
ਕਰਨ ਗਿੱਲਹੋਤਰਾ ਦੀ ਅਗਵਾਈ ਹੇਠ ਉਦਯੋਗ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ
ਵਿਭਾਗੀ ਅਧਿਕਾਰੀਆਂ ਨਾਲ ਪਾਈਟੈਕਸ ਦੇ ਵਿਸਥਾਰ 'ਤੇ ਚਰਚਾ
ਅੰਮ੍ਰਿਤਸਰ। ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੇ ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ ਦੇ 19ਵੇਂ ਐਡੀਸ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਰ ਸਾਲ ਦੀ ਤਰ੍ਹਾਂ, ਇਸ ਸਾਲ ਵੀ ਦਸੰਬਰ ਦੇ ਮਹੀਨੇ ਦੌਰਾਨ ਪਾਈਟੈਕਸ ਆਯੋਜਿਤ ਕੀਤਾ ਜਾਵੇਗਾ।
ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰਮੈਨ ਕਰਨ ਗਿੱਲਹੋਤਰਾ ਦੀ ਅਗਵਾਈ ਹੇਠ ਚੈਂਬਰ ਦੇ ਇੱਕ ਵਫ਼ਦ ਨੇ ਇਨਵੈਸਟ ਪੰਜਾਬ ਚੰਡੀਗੜ੍ਹ ਵਿਖੇ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਉਦਯੋਗ ਅਤੇ ਵਣਜ ਸਕੱਤਰ ਕਮਲ ਕਿਸ਼ੋਰ ਯਾਦਵ, ਪੀਐਚਡੀ ਵੱਲੋਂ ਰੀਜਨਲ ਡਾਇਰੈਕਟਰ ਪੀਐਚਡੀ ਚੈਂਬਰ ਭਾਰਤੀ ਸੂਦ ਅਤੇ ਰੈਜ਼ੀਡੈਂਟ ਐਗਜ਼ੀਕਿਊਟਿਵ ਪੀਐਚਡੀ ਪੁੰਨਿਆ ਭਾਟੀਆ ਮੌਜੂਦ ਰਹੇ।
ਕਰਨ ਗਿੱਲਹੋਤਰਾ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਉਦਯੋਗਿਕ ਕਮੇਟੀਆਂ ਦੇ ਗਠਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਜਦੋਂ ਉਦਯੋਗਿਕ ਨੀਤੀ ਬਣਾਉਣ ਲਈ ਉਦਯੋਗਪਤੀਆਂ ਦੀ ਰਾਏ ਲਈ ਜਾ ਰਹੀ ਹੈ। ਗਿੱਲਹੋਤਰਾ ਨੇ ਉਦਯੋਗ ਮੰਤਰੀ ਨੂੰ ਪਾਈਟੈਕਸ ਦੇ ਨਾਲ-ਨਾਲ ਪੀਐਚਡੀਸੀਸੀਆਈ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਲੱਖਾਂ ਲੋਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਹਨ।
ਪਾਈਟੈਕਸ ਰਾਹੀਂ, ਕਾਰੋਬਾਰੀਆਂ ਨੂੰ ਅਜਿਹਾ ਪਲੇਟਫਾਰਮ ਪ੍ਰਦਾਨ ਕੀਤਾ ਜਾਂਦਾ ਹੈ ਜਿੱਥੇ ਉਹ ਆਪਣੇ ਨਵੇਂ ਉਤਪਾਦ ਲਾਂਚ ਕਰ ਸਕਦੇ ਹਨ। ਵੱਡੇ ਬਦਲਾਅ ਦਾ ਜ਼ਿਕਰ ਕਰਦਿਆਂ ਕਰਨ ਗਿੱਲਹੋਤਰਾ ਨੇ ਕਿਹਾ ਕਿ ਪਹਿਲਾਂ ਜਿੱਥੇ ਪੰਜਾਬ ਦੇ ਉਦਯੋਗਪਤੀ ਆਪਣੇ ਕਿਸੇ ਵੀ ਉਤਪਾਦ ਨੂੰ ਮਾਰਕੀਟ ਵਿੱਚ ਲਾਂਚ ਕਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਜਾਂਦੇ ਸਨ, ਹੁਣ ਪਾਈਟੈਕਸ ਦੌਰਾਨ ਵੀ ਉਤਪਾਦ ਪੰਜਾਬ ਦੀ ਮਾਰਕੀਟ ਵਿੱਚ ਉਤਾਰੇ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਪੀਐਚਡੀਸੀਸੀਆਈ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਪਤੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ, ਉੱਥੇ ਹੀ ਉਦਯੋਗਿਕ ਨੀਤੀ ਨੂੰ ਵੀ ਸਰਲ ਬਣਾਇਆ ਗਿਆ ਹੈ। ਜੋ ਉਦਯੋਗਪਤੀ ਪੰਜਾਬ ਵਿੱਚ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹਰ ਤਰ੍ਹਾਂ ਦੀ ਕਲੀਅਰੈਂਸ ਸਮੇਂ ਸਿਰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਇਸ ਵਾਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਦਾ ਵਿਭਾਗ ਵੀ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਵੇਗਾ।
