ਜਰਖੜ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮਦਿਨ ਮਨਾਇਆ.
ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਖਿਡਾਰੀਆਂ ਨੂੰ ਧਿਆਨ ਚੰਦ ਵਰਗਾ ਖਿਡਾਰੀ ਬਣਨ ਲਈ ਕੀਤਾ ਪ੍ਰੇਰਿਤ
ਲੁਧਿਆਣਾ 29 ਅਗਸਤ (ਵਾਸੂ ਜੇਤਲੀ) - ਜਰਖੜ ਹਾਕੀ ਅਕੈਡਮੀ ਨੇ ਸਲਾਨਾ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਬਹੁਤ ਹੀ ਸਤਿਕਾਰ ਅਤੇ ਖੇਡ ਭਾਵਨਾ ਨਾਲ ਮਨਾਇਆ ।
ਇਸ ਮੌਕੇ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਹਾਕੀ ਦੇ ਜਾਦੂ ਧਿਆਨ ਚੰਦ ਦੇ ਜਰਖੜ ਖੇਡ ਸਟੇਡੀਅਮ ਵਿਖੇ ਸਥਾਪਿਤ ਆਦਮ ਕੱਦ ਬੁੱਤ ਤੇ ਹਾਰ ਪਾਕੇ,ਉਹਨਾਂ ਨੂੰ ਯਾਦ ਕਰਦਿਆਂ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਮਹਾਨ ਖਿਡਾਰੀ ਧਿਆਨ ਚੰਦ ਵਰਗੇ ਹਾਕੀ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਧਿਆਨ ਚੰਦ ਦੀ ਹਾਕੀ ਵਿਰਾਸਤ ਨੂੰ ਅੱਗੇ ਤੋਰਨ ਲਈ "ਖੇਡਾਂ ਵਤਨ ਪੰਜਾਬ ਦੀਆਂ " ਦੀ ਸ਼ੁਰੂਆਤ ਕੀਤੀ ਹੈ। ਇੰਨਾ ਖੇਡਾਂ ਵਿੱਚ 10 ਸਾਲ ਦੇ ਬੱਚੇ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਖਿਡਾਰੀ ਹਿੱਸਾ ਲੈ ਰਹੇ ਹਨ। ਖੇਡਾਂ ਵਤਨ ਪੰਜਾਬ ਦੀ ਸ਼ੁਰੂਆਤ ਨਾਲ ਜਿੱਥੇ ਪੰਜਾਬ ਦਾ ਖੇਡ ਸੱਭਿਆਚਾਰ ਮਜਬੂਤ ਹੋਵੇਗਾ ,ਉਥੇ ਪੰਜਾਬ ਦੇ ਬੱਚਿਆਂ ਦਾ ਖੇਡ ਹੁਨਰ ਵੀ ਉਭਰ ਕੇ ਉਪਰ ਆਵੇਗਾ । ਇਸ ਮੌਕੇ ਜਰਖੜ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜੀਵਨ ਅਤੇ ਉਹਨਾਂ ਦੀਆਂ ਖੇਡ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਰਪੰਚ ਸੰਦੀਪ ਸਿੰਘ ਜਰਖੜ,ਤਜਿੰਦਰ ਸਿੰਘ ਜਰਖੜ ਸ਼ਿੰਗਾਰਾ ਸਿੰਘ ਜਰਖੜ, ਚੀਫ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਕੋਚ ਹਰਮੀਤ ਸਿੰਘ, ਪੀ ਏ ਜਸਵਿੰਦਰ ਸਿੰਘ ਜੱਸੀ , ਕੇਵਲ ਸਿੰਘ ਮਹਿਮੀ,ਰਵਿੰਦਰ ਸਿੰਘ ਰਵੀ ਝਮਟ ,ਇੰਦਰਜੀਤ ਸਿੰਘ ਹੈਪੀ ਹਿਮਾਂਝੁਪੁਰਾ, ਸਾਬਕਾ ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ, ਮਨੀਪਾਲ ਸਿੰਘ ਰਣੀਆ ,ਤਜਿੰਦਰ ਸਿੰਘ ਲੁਹਾਰਾ , ਸ਼ਿੰਦਰ ਸਿੰਘ ਜਰਖੜ ਇਲਾਕੇ ਦੀਆਂ ਹੋਰ ਸਖਸ਼ੀਅਤ ਹਾਜ਼ਰ ਸਨ।