ਮਰਨ ਉਪਰੰਤ ਸ਼ਿਵ ਦੇ ਪਰਿਵਾਰ ਨੇ ਕੀਤੀਆਂ ਅੱਖਾਂ ਦਾਨ.
ਇੱਕ ਵਿਅਕਤੀ ਦੀਆਂ ਅੱਖਾਂ 6 ਨੂੰ ਦਿੰਦੀਆਂ ਨੇ ਰੋਸ਼ਨੀ-ਡਾ. ਸਾਹਿਲ
ਬੁਢਲਾਡਾ (ਅਮਨ ਮਹਿਤਾ) ਸਥਾਨਕ ਆਈਟੀਆਈ ਦੇ ਇੰਸਟਰਕਟਰ ਸ਼ਿਵ ਕੁਮਾਰ ਦੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਕਾਰਨ ਸ਼ੋਕ ਦੀ ਲਹਿਰ ਫੈਲ੍ਹ ਗਈ।। ਪਰਿਵਾਰ ਨੇ ਆਪਣੇ ਵੱਡੇ ਦੁੱਖ ਦੇ ਸਮੇਂ ਵਿਚ ਵੀ ਇਕ ਵੱਡਾ ਮਨੁੱਖਤਾ ਭਰਿਆ ਫੈਸਲਾ ਲਿਆ। ਨੇਕੀ ਫਾਊਂਡੇਸ਼ਨ ਦੇ ਸਹਿਯੋਗ ਸਦਕਾ ਪਰਿਵਾਰ ਵੱਲੋਂ ਸ਼ਿਵ ਕੁਮਾਰ ਦੀਆਂ ਅੱਖਾਂ ਏਮਜ ਹਸਪਤਾਲ ਦੇ ਡਾਕਟਰ ਸਾਹਿਲ ਦੀ ਅਗਵਾਈ ਹੇਠ ਦਾਨ ਕੀਤੀਆਂ ਗਈਆਂ। ਇਸ ਮੌਕੇ ਗੱਲਬਾਤ ਦੌਰਾਨ ਡਾ. ਸਾਹਿਲ ਨੇ ਦੱਸਿਆ ਕਿ ਭਾਰਤ ਚ ਕਰੀਬ 30 ਲੱਖ ਲੋਕ ਅੱਖਾਂ ਤੋਂ ਵਾਂਝੇ ਹਨ ਅਤੇ ਅੱਖਾਂ ਦਾਨੀਆਂ ਦੀ ਸੂਚੀ 30 ਲੱਖ ਤੋਂ ਕਾਫੀ ਘੱਟ ਹੈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਅੱਖਾਂ ਦਾਨ ਕਰਨ ਨਾਲ 6 ਵਿਅਕਤੀਆਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਸਾਨੂੰ ਇਸ ਮਾਨਵਤਾ ਦੇ ਕਾਰਜ ਵਿੱਚ ਆਪਣਾ ਨਾਂਅ ਵੀ ਦਰਜ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਪਰਿਵਾਰਿਕ ਮੈਂਬਰ ਐਸ.ਡੀ.ਓ. ਅਸ਼ਵਨੀ ਵਰਮਾਂ, ਰਵੀ ਵਰਮਾਂ, ਸਤਿਅਮ ਵਰਮਾਂ, ਸਤੂਤੀ ਨੇ ਦੱਸਿਆ ਕਿ ਸ਼ਿਵ ਕੁਮਾਰ ਦੀ ਇੱਛਾ ਸੀ ਕਿ ਮਰਨ ਉਪਰੰਤ ਉਨ੍ਹਾਂ ਦੀਆਂ ਅੱਖਾਂ ਕਿਸੇ ਦੇ ਕੰਮ ਆ ਸਕਣ। ਉਨ੍ਹਾਂ ਦੀ ਇੱਛਾ ਤੇ ਪੂਰ ਪਾਉਂਦਿਆਂ ਅੱਜ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਮਹਾਨ ਕਦਮ ਸਦੀਆਂ ਤੱਕ ਰੋਸ਼ਨੀ ਵੰਡਦਾ ਰਹੇਗਾ ਅਤੇ ਦੂਜਿਆਂ ਨੂੰ ਜੀਵਨ ਦੇਵੇਗਾ। ਇਕ ਪਾਸੇ ਪਰਿਵਾਰ ਆਪਣਾ ਵੱਡਾ ਸਹਾਰਾ ਗੁਆ ਬੈਠਾ, ਪਰ ਦੂਜੇ ਪਾਸੇ ਉਹਨਾਂ ਨੇ ਹਨੇਰੇ ਵਿਚੋਂ ਰੌਸ਼ਨੀ ਦੀ ਕਿਰਨ ਬਣ ਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ।
