ਸਿੱਖਿਆ ਰਾਹੀਂ ਔਰਤਾਂ ਨੂੰ ਸਮਰੱਥ ਬਣਾਉਣਾ : ਸਾਵਿਤਰੀਬਾਈ ਫੂਲੇ ਦੀ ਵਿਰਾਸਤ / ਸਾਵਿਤਰੀ ਠਾਕੁਰ.


ਅਧਿਆਪਕ ਦਿਵਸ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਸਨਮਾਨ ਕਰਨ ਦਾ ਮੌਕਾ ਹੈ, ਜੋ ਆਪਣੇ ਗਿਆਨ ਅਤੇ ਮਾਰਗਦਰਸ਼ਨ ਨਾਲ ਰਾਸ਼ਟਰ ਦੇ ਭਵਿੱਖ ਨੂੰ ਸਰੂਪ ਦਿੰਦੀਆਂ ਹਨ। ਇਸ ਦਿਨ, ਅਸੀਂ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਅਤੇ ਸਮਾਜ ਸੁਧਾਰਕ ਸਾਵਿਤਰੀਬਾਈ ਫੁਲੇ (1831-1897) ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਦੇਸ਼ ਵਿੱਚ ਔਰਤਾਂ ਦੀ ਸਿੱਖਿਆ ਦੀ ਬੁਨਿਆਦ ਰੱਖਣ ਲਈ ਪੁਰਾਣੇ ਸਮਾਜਿਕ ਪੱਖਪਾਤ ਨੂੰ ਦਲੇਰੀ ਨਾਲ ਚੁਣੌਤੀ ਦਿੱਤੀ।
ਇੱਕ ਅਜਿਹੇ ਦੌਰ ਵਿੱਚ ਜਦੋਂ ਔਰਤਾਂ ਦੀ ਸਿੱਖਿਆ ਨੂੰ ਨਾਪਸੰਦ ਕੀਤਾ ਜਾਂਦਾ ਸੀ ਅਤੇ ਅਕਸਰ ਹਿੰਸਕ ਵਿਰੋਧ ਕੀਤਾ ਜਾਂਦਾ ਸੀ, ਸਾਵਿਤਰੀਬਾਈ ਫੁਲੇ ਨੇ ਆਪਣੇ ਪਤੀ ਮਹਾਤਮਾ ਜੋਤੀਬਾ ਫੁਲੇ ਨਾਲ ਮਿਲ ਕੇ 1848 ਵਿੱਚ ਪੁਣੇ ਵਿੱਚ ਕੁੜੀਆਂ ਲਈ ਸਕੂਲ ਖੋਲ੍ਹੇ। ਉਨ੍ਹਾਂ ਨੇ ਨਾ ਸਿਰਫ਼ ਪੜ੍ਹਾਇਆ ਸਗੋਂ ਪਾਠਕ੍ਰਮ ਵੀ ਤਿਆਰ ਕੀਤਾ ਅਤੇ ਔਰਤਾਂ ਨੂੰ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਲਈ ਕਵਿਤਾਵਾਂ ਵੀ ਲਿਖੀਆਂ। ਉਨ੍ਹਾਂ ਦਾ ਜੀਵਨ ਹਿੰਮਤ ਦਾ ਸਬੂਤ ਸੀ - ਉਹ ਰੋਜ਼ਾਨਾ ਇੱਕ ਸਾੜੀ ਪਾ ਕੇ ਸਕੂਲ ਜਾਂਦੇ ਸਨ, ਕਿਉਂਕਿ ਰੂੜ੍ਹੀਵਾਦੀ ਮਰਦ ਉਨ੍ਹਾਂ 'ਤੇ ਚਿੱਕੜ ਅਤੇ ਪੱਥਰ ਸੁੱਟਦੇ ਸਨ। ਫਿਰ ਵੀ ਉਹ ਡਟੇ ਰਹੇ, ਕਿਉਂਕਿ ਉਹ ਜਾਣਦੀ ਸੀ ਕਿ ਭਾਰਤ ਦਾ ਭਵਿੱਖ ਉਸ ਦੀਆਂ ਧੀਆਂ ਦੀ ਸਿੱਖਿਆ ਨਾਲ ਜੁੜਿਆ ਹੈ।
ਸੁਧਾਰਕਾਂ ਦੀ ਵਿਰਾਸਤ ਅਤੇ ਬਰਾਬਰੀ ਦਾ ਸੱਦਾ
ਸਾਵਿਤਰੀਬਾਈ ਫੁਲੇ ਆਪਣੇ ਸੰਘਰਸ਼ ਵਿੱਚ ਇਕੱਲੇ ਨਹੀਂ ਸਨ। ਭਾਰਤ ਦੀ ਸਮਾਜਿਕ ਸੁਧਾਰ ਯਾਤਰਾ ਰਾਜਾ ਰਾਮ ਮੋਹਨ ਰਾਏ ਵਰਗੀਆਂ ਮਹਾਨ ਸ਼ਖ਼ਸੀਅਤਾਂ ਵੱਲੋਂ ਨਿਰਦੇਸ਼ਤ ਸੀ, ਜਿਨ੍ਹਾਂ ਨੇ ਸਤੀ ਪ੍ਰਥਾ, ਬਾਲ ਵਿਆਹ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਅਤੇ ਔਰਤਾਂ ਦੀ ਸਿੱਖਿਆ ਦਾ ਸਮਰਥਨ ਕੀਤਾ। ਈਸ਼ਵਰਚੰਦਰ ਵਿਦਿਆਸਾਗਰ ਨੇ ਵਿਧਵਾ ਮੁੜ-ਵਿਆਹ ਅਤੇ ਕੁੜੀਆਂ ਦੀ ਸਿੱਖਿਆ ਦੀ ਵਕਾਲਤ ਕੀਤੀ। ਅੱਗੇ ਜਾ ਕੇ ਮਹਾਤਮਾ ਗਾਂਧੀ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਔਰਤਾਂ ਦੀ ਸਿੱਖਿਆ ਸਮਾਜਿਕ ਤਬਦੀਲੀ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਹੈ। ਇਹ ਸਾਰੇ ਸੁਧਾਰਕ ਮੰਨਦੇ ਸਨ ਕਿ ਭਾਰਤ ਓਦੋਂ ਤੱਕ ਅਸਲ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਔਰਤਾਂ ਨੂੰ ਸਿੱਖਿਆ ਰਾਹੀਂ ਸਮਰੱਥ ਨਹੀਂ ਬਣਾਇਆ ਜਾਂਦਾ।
ਇਹ ਵਿਰਾਸਤ ਅੱਜ ਵੀ ਆਧੁਨਿਕ ਭਾਰਤ ਦੀਆਂ ਆਸਾਂ-ਉਮੀਦਾਂ ਦੀ ਅਗਵਾਈ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਕਸਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਭਾਰਤ ਦੀ ਵਿਕਾਸ ਯਾਤਰਾ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨਾਲ ਅੱਗੇ ਵਧੇਗੀ। 'ਵਿਕਸਿਤ ਭਾਰਤ @ 2047' ਦਾ ਦ੍ਰਿਸ਼ਟੀਕੋਣ ਵੀ ਇਸ ਸੋਚ 'ਤੇ ਅਧਾਰਤ ਹੈ, ਜਿਸ ਵਿੱਚ ਔਰਤਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਬਰਾਬਰ ਦੀ ਭਾਈਵਾਲ ਬਣਾਇਆ ਗਿਆ ਹੈ ਅਤੇ ਇਸ ਸਸ਼ਕਤੀਕਰਨ ਦੀ ਬੁਨਿਆਦ ਸਿੱਖਿਆ ਹੈ।
ਔਰਤਾਂ ਅਤੇ ਸਿੱਖਿਆ: ਹੁਣ ਤੱਕ ਦੀ ਤਰੱਕੀ
ਆਜ਼ਾਦੀ ਤੋਂ ਬਾਅਦ ਹੋਈ ਤਰੱਕੀ ਸ਼ਾਨਦਾਰ ਰਹੀ ਹੈ। ਔਰਤਾਂ ਦੀ ਸਾਖਰਤਾ, ਜੋ ਕਿ 1951 ਵਿੱਚ ਸਿਰਫ਼ 8.86 ਪ੍ਰਤੀਸ਼ਤ ਸੀ, ਅੱਜ ਵਧ ਕੇ 65.46 ਪ੍ਰਤੀਸ਼ਤ ਹੋ ਗਈ ਹੈ (2011 ਦੀ ਜਨਗਣਨਾ ਦੇ ਅਨੁਸਾਰ) ਅਤੇ ਹਾਲ ਹੀ ਦੇ ਸਰਵੇਖਣ ਦਰਸਾਉਂਦੇ ਹਨ ਕਿ ਸਕੂਲਾਂ ਵਿੱਚ ਕੁੜੀਆਂ ਦੇ ਵਧਦੇ ਦਾਖ਼ਲੇ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਏਕੀਕ੍ਰਿਤ ਜ਼ਿਲ੍ਹਾ ਸਿੱਖਿਆ ਸੂਚਨਾ ਪ੍ਰਣਾਲੀ (ਯੂਡੀਆਈਐੱਸਈ+) 2021-22 ਦੇ ਅਨੁਸਾਰ ਪ੍ਰਾਇਮਰੀ ਪੱਧਰ 'ਤੇ ਕੁੜੀਆਂ ਦਾ ਕੁੱਲ ਦਾਖ਼ਲਾ ਅਨੁਪਾਤ (ਜੀਈਆਰ) ਹੁਣ ਮੁੰਡਿਆਂ ਨਾਲੋਂ ਵੱਧ ਹੈ।
ਮੋਦੀ ਸਰਕਾਰ ਨੇ 2015 ਵਿੱਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਸ਼ੁਰੂ ਕੀਤੀ, ਜਿਸਨੇ ਸਮਾਜ ਦੀ ਸੋਚ ਨੂੰ ਬਦਲਿਆ, ਬਾਲ ਲਿੰਗ ਅਨੁਪਾਤ ਵਿੱਚ ਸੁਧਾਰ ਕੀਤਾ ਅਤੇ ਸਕੂਲੀ ਸਿੱਖਿਆ ਦੇ ਸਾਰੇ ਪੱਧਰਾਂ 'ਤੇ ਕੁੜੀਆਂ ਦੇ ਦਾਖ਼ਲੇ ਵਿੱਚ ਵਾਧਾ ਕੀਤਾ। ਪੋਸ਼ਣ ਅਭਿਆਨ, ਮਿਸ਼ਨ ਸ਼ਕਤੀ ਅਤੇ ਸਾਮਰਥਿਆ ਵਰਗੀਆਂ ਪਹਿਲਕਦਮੀਆਂ ਰਲ-ਮਿਲ ਕੇ ਇੱਕ ਅਜਿਹਾ ਢਾਂਚਾ ਬਣਾਉਂਦੀਆਂ ਹਨ, ਜਿਸ ਵਿੱਚ ਸਿੱਖਿਆ ਨੂੰ ਪੋਸ਼ਣ, ਸੁਰੱਖਿਆ ਅਤੇ ਮੌਕਿਆਂ ਦਾ ਸਹਾਰਾ ਮਿਲਦਾ ਹੈ। ਯੂਡੀਆਈਐੱਸਈ+ 2024-25 ਦੇ ਅੰਕੜੇ ਦਰਸਾਉਂਦੇ ਹਨ ਕਿ ਪਹਿਲੀ ਵਾਰ, ਭਾਰਤ ਵਿੱਚ ਮਹਿਲਾ ਅਧਿਆਪਕਾਂ ਦੀ ਗਿਣਤੀ ਕੁੱਲ ਸਕੂਲ ਅਧਿਆਪਕਾਂ ਦਾ 54.2 ਪ੍ਰਤੀਸ਼ਤ ਹੋ ਗਈ ਹੈ, ਜੋ ਕਿ 2014-15 ਵਿੱਚ 46.9 ਪ੍ਰਤੀਸ਼ਤ ਤੋਂ ਕਿਤੇ ਵੱਧ ਹੈ।
ਇੱਕ ਇਤਿਹਾਸਕ ਕਦਮ ਤਹਿਤ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਰਾਸ਼ਟਰੀ ਜਨ ਸਹਿਯੋਗ ਅਤੇ ਬਾਲ ਵਿਕਾਸ ਸੰਸਥਾਨ ਦਾ ਨਾਮ ਬਦਲ ਕੇ ਸਾਵਿਤਰੀਬਾਈ ਫੁਲੇ ਰਾਸ਼ਟਰੀ ਮਹਿਲਾ ਅਤੇ ਬਾਲ ਵਿਕਾਸ ਸੰਸਥਾਨ ਕਰ ਦਿੱਤਾ ਹੈ। ਇਹ ਸੰਸਥਾ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਪ੍ਰੋਗਰਾਮਾਂ ਨੂੰ ਮਜ਼ਬੂਤ ​​ਬਣਾਉਣ ਲਈ ਸਮਰੱਥਾ ਨਿਰਮਾਣ, ਸਿਖਲਾਈ ਅਤੇ ਖੋਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਨੀਤੀਆਂ ਦੇ ਜ਼ਮੀਨੀ ਪੱਧਰ 'ਤੇ ਅਸਰਦਾਰ ਢੰਗ ਅਮਲ ਨੂੰ ਯਕੀਨੀ ਬਣਾਉਂਦੀ ਹੈ। ਸਾਵਿਤਰੀਬਾਈ ਫੁਲੇ ਦੇ ਨਾਮ 'ਤੇ ਰੱਖਿਆ ਗਿਆ, ਇਹ ਸੰਸਥਾ ਸਿੱਖਿਆ ਅਤੇ ਸੁਧਾਰਾਂ ਰਾਹੀਂ ਮਹਿਲਾ ਸਸ਼ਕਤੀਕਰਨ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਇੱਕ ਜਿਊਂਦੀ-ਜਾਗਦੀ ਸ਼ਰਧਾਂਜਲੀ ਹੈ।
ਫਿਰ ਵੀ ਕੁਝ ਚੁਣੌਤੀਆਂ ਬਾਕੀ ਹਨ। ਬਹੁਤ ਸਾਰੀਆਂ ਕੁੜੀਆਂ ਛੋਟੀ ਉਮਰ ਵਿੱਚ ਵਿਆਹ, ਸੁਰੱਖਿਆ ਚਿੰਤਾਵਾਂ ਅਤੇ ਆਰਥਿਕ ਕਾਰਨਾਂ ਕਰਕੇ ਸੈਕੰਡਰੀ ਪੱਧਰ 'ਤੇ ਸਕੂਲ ਛੱਡ ਦਿੰਦੀਆਂ ਹਨ। ਸਰਕਾਰ ਇਨ੍ਹਾਂ ਚੁਣੌਤੀਆਂ ਨੂੰ ਵਜ਼ੀਫੇ, ਰਿਹਾਇਸ਼ੀ ਸਹੂਲਤਾਂ, ਮਾਹਵਾਰੀ ਸਵੱਛਤਾ ਪਹਿਲਕਦਮੀਆਂ ਅਤੇ ਡਿਜੀਟਲ ਸਿੱਖਿਆ ਦੇ ਮੌਕੇ ਪ੍ਰਦਾਨ ਕਰਕੇ ਹੱਲ ਕਰ ਰਹੀ ਹੈ ਤਾਂ ਜੋ ਹਰ ਕੁੜੀ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਪੜ੍ਹਾਈ ਪੂਰੀ ਕਰ ਸਕੇ।
ਰਾਸ਼ਟਰ-ਨਿਰਮਾਤਾ ਵਜੋਂ ਅਧਿਆਪਕ
ਮਹਿਲਾ ਅਧਿਆਪਕਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਹ ਨਾ ਸਿਰਫ਼ ਪੜ੍ਹਾਉਂਦੀਆਂ ਹਨ, ਸਗੋਂ ਲੱਖਾਂ ਕੁੜੀਆਂ ਲਈ ਪ੍ਰੇਰਨਾ ਅਤੇ ਰੋਲ ਮਾਡਲ ਵੀ ਬਣਦੀਆਂ ਹਨ। ਇਸ ਤਰ੍ਹਾਂ, ਉਹ ਸਾਵਿਤਰੀਬਾਈ ਫੁਲੇ ਦੀ ਮਸ਼ਾਲ ਨੂੰ ਅੱਗੇ ਵਧਾ ਰਹੀਆਂ ਹਨ। ਅਧਿਐਨ ਦਰਸਾਉਂਦੇ ਹਨ ਕਿ ਪੇਂਡੂ ਖੇਤਰਾਂ ਵਿੱਚ ਮਹਿਲਾ ਅਧਿਆਪਕਾਂ ਦੀ ਮੌਜੂਦਗੀ ਕੁੜੀਆਂ ਦੇ ਸਕੂਲ ਵਿੱਚ ਦਾਖ਼ਲ ਹੋਣ ਅਤੇ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਸੰਭਾਵਨਾ ਨੂੰ ਵਧਾਉਂਦੀ ਹੈ। ਗ਼ਰੀਬੀ ਦੇ ਚੱਕਰ ਨੂੰ ਤੋੜਨ ਅਤੇ ਪਰਿਵਾਰਾਂ ਨੂੰ ਇੱਕ ਬਿਹਤਰ ਭਵਿੱਖ ਦੇ ਸੁਪਨੇ ਦੇਖਣ ਵਿੱਚ ਮਦਦ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਹੈ।
ਇੱਕ ਵਿਕਸਿਤ ਭਾਰਤ ਵੱਲ
ਜਿਵੇਂ-ਜਿਵੇਂ ਭਾਰਤ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਵੱਲ ਵਧ ਰਿਹਾ ਹੈ, ਸਿੱਖਿਆ ਵਿਕਾਸ ਦਾ ਇੱਕ ਮੁੱਖ ਚਾਲਕ ਬਣੀ ਹੋਈ ਹੈ। ਖ਼ਾਸਕਰ ਔਰਤਾਂ ਦੀ ਸਿੱਖਿਆ, ਇਸਦੇ ਅਸਰ ਨੂੰ ਕਈ ਗੁਣਾ ਵਧਾ ਦਿੰਦੀ ਹੈ: ਪੜ੍ਹੀਆਂ-ਲਿਖੀਆਂ ਔਰਤਾਂ ਬਿਹਤਰ ਸਿਹਤ ਸੇਵਾ, ਘੱਟ ਬਾਲ ਮੌਤ ਦਰ, ਉੱਚ ਪਰਿਵਾਰਕ ਆਮਦਨ ਅਤੇ ਮਜ਼ਬੂਤ ​​ਭਾਈਚਾਰਿਆਂ ਨੂੰ ਯਕੀਨੀ ਬਣਾਉਂਦੀ ਹੈ। ਯੂਨੈਸਕੋ ਦੇ ਅਨੁਸਾਰ, ਇੱਕ ਕੁੜੀ ਲਈ ਸਕੂਲੀ ਸਿੱਖਿਆ ਦੇ ਹਰੇਕ ਵਾਧੂ ਸਾਲ ਨਾਲ ਉਸ ਦੀ ਭਵਿੱਖ ਦੀ ਆਮਦਨ 10-20 ਪ੍ਰਤੀਸ਼ਤ ਵਧਦੀ ਹੈ।
ਇਸ ਲਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਆਪਣੀਆਂ ਯੋਜਨਾਵਾਂ ਨੂੰ ਟਿਕਾਊ ਵਿਕਾਸ ਟੀਚਾ 4 (ਗੁਣਵੱਤਾ ਸਿੱਖਿਆ) ਅਤੇ ਟਿਕਾਊ ਵਿਕਾਸ ਟੀਚਾ 5 (ਲਿੰਗ ਸਮਾਨਤਾ) ਨਾਲ ਲਗਾਤਾਰ ਜੋੜ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਕੁੜੀ ਪਿੱਛੇ ਨਾ ਰਹੇ। ਅਸੀਂ ਸਿੱਖਿਆ ਨੂੰ ਪੋਸ਼ਣ, ਸੁਰੱਖਿਆ ਅਤੇ ਹੁਨਰ ਵਿਕਾਸ ਨਾਲ ਜੋੜ ਰਹੇ ਹਾਂ ਤਾਂ ਜੋ ਇੱਕ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਜਿਸ ਵਿੱਚ ਔਰਤਾਂ ਵਿਦਿਆਰਥੀ, ਅਧਿਆਪਕ, ਉੱਦਮੀ ਅਤੇ ਆਗੂ ਵਜੋਂ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਸਕਣ।
ਸਮੂਹਿਕ ਸੰਕਲਪ
ਸਾਵਿਤਰੀਬਾਈ ਫੁਲੇ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਅਸਲ ਤਰੱਕੀ ਹਿੰਮਤ ਤੋਂ ਹੀ ਪੈਦਾ ਹੁੰਦੀ ਹੈ। ਪੁਣੇ ਵਿੱਚ ਉਨ੍ਹਾਂ ਦੀ ਸਧਾਰਨ ਜਮਾਤ ਤੋਂ ਲੈ ਕੇ ਆਧੁਨਿਕ ਭਾਰਤ ਦੀਆਂ ਜਮਾਤਾਂ ਤੱਕ, ਜਿੱਥੇ ਕਰੋੜਾਂ ਕੁੜੀਆਂ ਹਰ ਰੋਜ਼ ਸਿੱਖਿਆ ਹਾਸਲ ਕਰਦੀਆਂ ਹਨ, ਇਹ ਯਾਤਰਾ ਔਰਤਾਂ ਅਤੇ ਸਿੱਖਿਆ ਪ੍ਰਤੀ ਸਮਾਜ ਦੇ ਰਵੱਈਏ ਵਿੱਚ ਆਈ ਇੱਕ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ। ਪਰ ਇਹ ਮਿਸ਼ਨ ਅਜੇ ਪੂਰਾ ਨਹੀਂ ਹੋਇਆ।
ਅਧਿਆਪਕ ਦਿਵਸ ਮਨਾਉਂਦੇ ਹੋਏ, ਆਓ ਅਸੀਂ ਆਪਣੇ ਆਪ ਨੂੰ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਤੇ ਸਾਡੇ ਪ੍ਰਧਾਨ ਮੰਤਰੀ ਦੇ ਸੱਦੇ ਪ੍ਰਤੀ ਸਮਰਪਿਤ ਕਰੀਏ ਕਿ ਮਹਿਲਾ ਸਸ਼ਕਤੀਕਰਨ ਭਲਾਈ ਨਹੀਂ, ਸਗੋਂ ਰਾਸ਼ਟਰੀ ਤਾਕਤ ਦਾ ਵਿਸ਼ਾ ਹੈ। ਇਹ ਯਕੀਨੀ ਬਣਾਉਂਦੇ ਹੋਏ ਕਿ ਹਰ ਕੁੜੀ ਪੜ੍ਹੀ-ਲਿਖੀ ਹੋਵੇ, ਹਰ ਔਰਤ ਸਸ਼ਕਤ ਹੋਵੇ ਅਤੇ ਹਰ ਅਧਿਆਪਕ ਦਾ ਸਤਿਕਾਰ ਹੋਵੇ, ਅਸੀਂ ਆਪਣੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ।
ਸਾਵਿਤਰੀਬਾਈ ਫੁਲੇ ਦੀ ਵਿਰਾਸਤ ਸਿਰਫ਼ ਇਤਿਹਾਸ ਨਹੀਂ ਹੈ - ਇਹ ਸਾਡੇ ਵਰਤਮਾਨ ਲਈ ਇੱਕ ਜੀਵੰਤ ਮਾਰਗਦਰਸ਼ਕ ਅਤੇ ਭਵਿੱਖ ਲਈ ਇੱਕ ਚਾਨਣ ਮੁਨਾਰਾ ਹੈ। ਉਨ੍ਹਾਂ ਦੀ ਹਿੰਮਤ ਦੇ ਚਾਨਣ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਵਿਕਸਿਤ ਭਾਰਤ ਦੇ ਰਾਹ 'ਤੇ ਉਸਦੇ ਧੀਆਂ ਅਤੇ ਪੁੱਤਾਂ ਵੱਲੋਂ ਹੀ ਅਗਵਾਈ ਕੀਤੀ ਜਾਵੇਗੀ।

-ਸਾਵਿਤਰੀ ਠਾਕੁਰ
ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ
ਭਾਰਤ ਸਰਕਾਰ