ਆਪ ਅਤੇ ਪ੍ਰਸ਼ਾਸ਼ਨ ਦੀ ਸਾਂਝੀ ਮਿਹਨਤ ਨਾਲ ਸਸਰਾਲੀ ਵਿਚ ਰਾਹਤ ਕਾਰਜ ਜਾਰੀ .
ਲੁਧਿਆਣਾ, 7 ਸਤੰਬਰ ( ਰਾਕੇਸ਼ ਅਰੋੜਾ) - ਸਤਲੁਜ ਦਰਿਆ ਵਿੱਚ ਸਸਰਾਲੀ ਪਿੰਡ ਨੇੜੇ ਬੰਨ ਦੇ ਟੁੱਟਣ ਕਾਰਨ ਹੜ੍ਹਾਂ ਦਾ ਗੰਭੀਰ ਖਤਰਾ ਬਣਿਆ ਹੋਇਆ ਹੈ। ਇਸ ਸੰਕਟ ਨਾਲ ਨਜਿੱਠਣ ਲਈ ਲੁਧਿਆਣਾ ਦੇ ਸਥਾਨਕ ਵਸਨੀਕ, ਪ੍ਰਸ਼ਾਸਨ, ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਭਾਰਤੀ ਸੇਨਾ ਦੇ ਜਵਾਨ ਸਾਂਝੇ ਤੌਰ 'ਤੇ ਇੱਕ ਨਵਾਂ ਬੰਨ ਬਣਾਉਣ ਵਿੱਚ ਜੁਟੇ ਹੋਏ ਹਨ।ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਡਾਇਰੈਕਟਰ ਕਰਨ ਸ਼ਰਮਾ ਨੇ ਸਸਰਾਲੀ ਪਿੰਡ ਵਿਖੇ ਮੋਰਚਾ ਸੰਭਾਲਦਿਆਂ ਕਿਹਾ, "ਪੰਜਾਬ ਦੇ ਕਈ ਹਿੱਸੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ, ਪਰ 'ਆਪ' ਸਰਕਾਰ ਅਤੇ ਆਪ ਦੀ ਟੀਮ ਹਰ ਪੰਜਾਬੀ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ"। ਉਹਨਾਂ ਦੇ ਨਾਲ ਪੰਜਾਬ ਦਰਮਿਆਨੇ ਉਦਯੋਗ ਵਿਕਾਸ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ, ਚੇਅਰਮੈਨ ਪ੍ਰਦੀਪ ਸਿੰਘ ਖਾਲਸਾ ਅਤੇ 'ਆਪ' ਵਲੰਟੀਅਰ ਲਗਾਤਾਰ ਸਸਰਾਲੀ ਪਿੰਡ ਵਿੱਚ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਹਨ।
ਸਸਰਾਲੀ ਪਿੰਡ ਦੇ ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਸ਼ਨ, ਪੀਣ ਵਾਲਾ ਪਾਣੀ ਅਤੇ ਹੋਰ ਜ਼ਰੂਰੀ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਕਰਨ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਟੁੱਟੇ ਬੰਨ ਦੀ ਥਾਂ 'ਤੇ ਹੁਣ ਨਵਾਂ ਬਨ ਬਣਾ ਲਿਆ ਗਿਆ ਹੈ, ਜਿਸ ਨਾਲ ਲੁਧਿਆਣਾ ਸ਼ਹਿਰ ਵਿੱਚ ਹੜ੍ਹ ਆਉਣ ਦਾ ਖਤਰਾ ਕਾਫੀ ਹੱਦ ਤੱਕ ਘਟਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਲੁਧਿਆਣਾ ਵਾਸੀਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।
ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਵੀ ਲੁਧਿਆਣਾ ਪਹੁੰਚ ਕੇ ਡੀ.ਸੀ. ਹਿਮਾਂਸ਼ੂ ਜੈਨ, ਪੀ.ਡੀ. ਐਨ.ਐਚ.ਏ.ਆਈ ਪ੍ਰਿਯੰਕਾ ਮੀਨਾ ਅਤੇ ਏ.ਡੀ.ਸੀ.ਅਮਰਜੀਤ ਬੈਂਸ ਨਾਲ ਮੀਟਿੰਗ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ, "'ਆਪ' ਦੇ ਸਾਰੇ ਮੰਤਰੀ, ਵਿਧਾਇਕ, ਚੇਅਰਮੈਨ ਅਤੇ ਵਲੰਟੀਅਰ ਦਿਨ-ਰਾਤ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹਨ।"ਇਸ ਦੌਰਾਨ, 'ਆਪ' ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਰਾਜ ਸਭਾ ਸਾਂਸਦ ਸ਼੍ਰੀ ਸੰਜੇ ਸਿੰਘ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਪ੍ਰਭਾਵ ਨਾਲ ਹਾਲ ਕਰ ਰਹੇ ਹਨ।