ਜ਼ਿਲ੍ਹਾ ਅੰਮ੍ਰਿਤਸਰ ਪ੍ਰਸ਼ਾਸ਼ਨ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤਾ ਸਾਂਝਾ ਉਪਰਾਲਾ : ਡੀਸੀ ਸਾਕਸ਼ੀ ਸਾਹਨੀ.



ਬਾਬਾ ਬਕਾਲਾ ਸਾਹਿਬ, 8 ਸਤੰਬਰ (ਸੁਖਰਾਜ ਸਿੰਘ ਮੱਦੇਪੁਰ) - ਹੜ੍ਹ ਪ੍ਰਭਾਵਿਤ ਲੋਕਾਂ ਦੇ ਰਾਹਤ ਕਾਰਜਾਂ ਲਈ ਕੰਮ ਕਰ ਰਹੇ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਪ੍ਰਭਾਵਿਤ ਇਲਾਕੇ ਦੇ ਲੋੜਵੰਦ ਪਰਿਵਾਰਾਂ ਲਈ ਜਿਨਾਂ ਨੂੰ ਪੈਰਾਂ ਸਿਰ ਕਰਨ ਲਈ ਸਹਾਇਤਾ ਦੀ ਲੋੜ ਪਵੇਗੀ,  ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਛੇ ਮਹੀਨੇ ਤੱਕ ਚੱਲਣ ਵਾਲੀ ਯੋਜਨਾਬੰਦੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਕੰਮ ਲਈ ਅਸੀਂ ਪੰਜਾਬ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ,‌ ਜਥੇਬੰਦੀਆਂ ਅਤੇ ਹੋਰ ਦਾਨੀ ਪੁਰਸ਼ਾਂ ਦਾ ਸਾਥ ਵੀ ਲਵਾਂਗੇ। ਉਹਨਾਂ ਦੱਸਿਆ ਕਿ ਹੁਣ ਤੱਕ ਚੱਲ ਰਹੇ ਰਾਹਤ ਦੇ ਕੰਮਾਂ ਵਿੱਚੋਂ ਜੋ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਉਸ ਅਨੁਸਾਰ ਕੁਝ ਅਜਿਹੇ ਪਰਿਵਾਰ ਹੜਾਂ ਨਾਲ ਪ੍ਰਭਾਵਿਤ ਹੋਏ ਹਨ, ਜਿਨਾਂ ਦੇ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਘਰਾਂ ਵਿੱਚ ਪਿਆ ਸਮਾਨ ਵੀ ਤਬਾਹ ਹੋ ਗਿਆ ਹੈ । ਉਹਨਾਂ ਦੇ ਛੋਟੇ ਕਾਰੋਬਾਰ ਵੀ ਲਗਭਗ ਤਬਾਹ ਹੋ ਗਏ ਹਨ।
ਇਸ ਲਈ ਅਸੀਂ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਵਾਸਤੇ “ਸਾਂਝਾ ਉਪਰਾਲਾ” ਸ਼ੁਰੂ ਕਰਨ ਜਾ ਰਹੇ ਹਾਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਨੇਕ ਕੰਮ ਦੀ ਜ਼ਿੰਮੇਵਾਰੀ ਲਈ ਨੋਡਲ ਅਧਿਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੂੰ ਬਣਾਇਆ ਗਿਆ ਹੈ।ਉਹਨਾਂ ਕਿਹਾ ਕਿ ਅਜਿਹੇ ਪਰਿਵਾਰਾਂ ਨੂੰ ਘਰ ਬਣਾ ਕੇ ਦੇਣ ਅਤੇ ਉਹਨਾਂ ਦੇ ਕਾਰੋਬਾਰ ਫਿਰ ਸਥਾਪਿਤ ਕਰਨ ਲਈ ਸਾਨੂੰ ਤਿੰਨ ਤੋਂ ਛੇ ਮਹੀਨੇ ਦਾ ਸਮਾਂ ਲੱਗੇਗਾ। ਇਸ ਲਈ ਅਸੀਂ ਹੜ ਦਾ ਪਾਣੀ ਉਤਰਨ ਉਪਰੰਤ ਇਸ ਦਾ ਵਿਸ਼ੇਸ਼ ਸਰਵੇ ਕਰਕੇ ਵਿਸਥਾਰਤ ਰਿਪੋਰਟ ਤਿਆਰ ਕਰਾਂਗੇ ਕਿ ਕਿਸ ਪਿੰਡ ਵਿੱਚ, ਕਿਸ ਵਿਅਕਤੀ ਨੂੰ ਕੀ ਲੋੜ ਹੈ। ਉਹਨਾਂ ਦੱਸਿਆ ਕਿ ਇਸ ਅਨੁਸਾਰ ਅਸੀਂ ਪੰਜਾਬ ਸਰਕਾਰ ਦੇ ਨਾਲ ਨਾਲ ਹੋਰ ਸੰਸਥਾਵਾਂ ਦਾ ਸਾਥ ਲੈ ਕੇ ਇਹਨਾਂ ਪੀੜਤ ਪਰਿਵਾਰਾਂ ਨੂੰ ਮੁੜ ਪੈਰਾਂ ਸਿਰ ਕਰਾਂਗੇ।