ਸਿਹਤ ਵਿਭਾਗ ਨੇ ਕੀਤੀ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ.
ਹੜ੍ਹਾਂ ਦੇ ਬਰਸਾਤੀ ਪਾਣੀ ਨਾਲ ਫੈਲ ਸਕਦੀਆਂ ਹਨ ਬਿਮਾਰੀਆਂ,ਲੋਕ ਰਹਿਣ ਸਾਵਧਾਨ-ਡਾ. ਰਮਨਦੀਪ ਕੌਰ
ਲੁਧਿਆਣਾ, 9 ਸਤੰਬਰ – ਬਰਸਾਤ ਦੇ ਮੌਸਮ ਅਤੇ ਹੜ੍ਹਾਂ ਦੇ ਦੌਰਾਨ ਲੋਕਾਂ ਦੀ ਸਿਹਤ ਸਭ ਤੋਂ ਵੱਧ ਪ੍ਰਭਾਵਿਤ ਹੁੰਦੀ ਹੈ। ਇਸ ਸਮੇਂ ਗੰਦੇ ਪਾਣੀ, ਮੱਛਰਾਂ ਦੀ ਵਾਧੂ ਪੈਦਾਵਾਰ ਅਤੇ ਵਾਤਾਵਰਣ ਵਿੱਚ ਨਮੀ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਇਸ ਮੌਸਮ ਵਿੱਚ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਲਈ ਵਿਸ਼ੇਸ਼ ਸਾਵਧਾਨੀ ਰੱਖਣ ਦੀ ਲੋੜ ਹੁੰਦੀ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਬੁੱਢੇ ਨਾਲੇ ਅਤੇ ਸਤਲੁਜ ਦਰਿਆ ਦੇ ਨਾਲ ਲਗਦੇ ਖੇਤਰਾਂ ਵਿੱਚ ਆਏ ਹੜ੍ਹਾਂ ਦੇ ਪਾਣੀ ਕਾਰਨ ਡਾਇਰੀਆ, ਹੈਜਾ , ਟਾਇਫਾਇਡ, ਹੈਪਾਟਾਈਟਿਸ-ਏ ਅਤੇ ਈ ਅਤੇ ਪੇਟ ਦੀਆਂ ਬਿਮਾਰੀਆਂ ਫੈਲਣ ਖ਼ਤਰਾ ਹੋ ਸਕਦਾ ਹੈ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨ ਰਹਿਣ ।
ਇਸ ਸਬੰਧੀ ਅੱਜ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਿੱਚ ਸ਼ਾਮਲ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀ ਸੀ ਸੀ ਕੋ-ਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ ਏ ਯੂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ ਲੁਧਿਆਣਾ ਦੇ ਲਗਭਗ 125 ਅਧਿਆਪਕਾਂ ਨੂੰ ਹੜ੍ਹਾਂ ਦੇ ਬਰਸਾਤੀ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕਰਦੇ ਹੋਏ ਦੱਸਿਆ ਕਿ ਗੰਦੇ ਪਾਣੀ ਨਾਲ ਦਸਤ, ਉਲਟੀਆਂ ਅਤੇ ਪੇਟ ਦੀਆਂ ਬਿਮਾਰੀਆਂ,ਮਲੇਰੀਆ,ਡੇਂਗੂ,ਅਤੇ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਖੜ੍ਹੇ ਪਾਣੀ ਵਿੱਚ ਮੱਛਰ ਬਹੁਤ ਤੇਜ਼ੀ ਨਾਲ ਵਧਦੇ ਹਨ। ਉਹਨਾਂ ਅਧਿਆਪਕਾਂ ਕਿਹਾ ਕਿ ਘਰਾਂ ਵਿੱਚ ਹਮੇਸ਼ਾਂ ਸਾਫ਼ ਅਤੇ ਉਬਾਲਿਆ ਹੋਇਆ ਪਾਣੀ ਹੀ ਪੀਣਾ ਚਾਹੀਦਾ ਹੈ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਢੱਕੀਆਂ ਹੋਣੀਆ ਚਾਹੀਦੀਆਂ ਹਨ ।ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ, ਮੱਛਰ ਭਜਾਉ ਕ੍ਰੀਮਾਂ ਅਤੇ ਜੰਤਰਾਂ ਦੀ ਵਰਤੋਂ ਕੀਤੀ ਜਾਵੇ ਘਰ ਦੇ ਆਲੇ ਦੁਆਲੇ ਖੜ੍ਹਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ।ਬਿਮਾਰੀ ਦੇ ਲੱਛਣ ਦਿਖਣ ‘ਤੇ ਤੁਰੰਤ ਨੇੜਲੇ ਹਸਪਤਾਲ ਜਾਂ ਸਿਹਤ ਕੇਂਦਰ ‘ਤੇ ਸੰਪਰਕ ਕੀਤਾ ਜਾਵੇ ।
ਬਰਸਾਤੀ ਮੌਸਮ ਵਿੱਚ ਸੱਪ ਆਪਣੇ ਬਿੱਲਾਂ ਵਿੱਚੋਂ ਬਾਹਰ ਨਿਕਲ ਕੇ ਘਰਾਂ, ਖੇਤਾਂ ਅਤੇ ਪਾਣੀ ਵਾਲੀਆਂ ਥਾਵਾਂ ‘ਤੇ ਆ ਸਕਦੇ ਹਨ । ਸੱਪ ਡੱਸਣ ਦੀ ਸਥਿਤੀ ਵਿੱਚ ਜਿੰਨੀ ਜਲਦੀ ਹੋ ਸਕੇ ਮਰੀਜ਼ ਨੂੰ ਹਸਪਤਾਲ ਵਿੱਚ ਲਜਾਇਆ ਜਾਵੇ ਅਤੇ ਘਰੇਲੂ ਟੋਟਕੇ ਕਰਨ ਦੀ ਬਜਾਏ ਸਿੱਧਾ ਐਂਟੀ-ਸਨੇਕ ਵੈਨਮ ਦੀ ਖੁਰਾਕ ਲਈ ਮੈਡੀਕਲ ਸਹਾਇਤਾ ਹੀ ਲਈ ਜਾਵੇ ।
ਬਰਸਾਤੀ ਮੌਸਮ ਵਿੱਚ ਕੁੱਤਿਆਂ ਦੇ ਵਤੀਰੇ ਵਿੱਚ ਵੀ ਬਦਲਾਅ ਆ ਸਕਦਾ ਹੈ ਜਿਸ ਕਾਰਨ ਕੱਟਣ ਦੇ ਮਾਮਲੇ ਵਧ ਸਕਦੇ ਹਨ। ਇਸ ਲਈ ਅਣਜਾਣ ਕੁੱਤਿਆਂ ਨਾਲ ਸੰਪਰਕ ਤੋਂ ਬਚਿਆ ਜਾਵੇ । ਜੇਕਰ ਕੁੱਤਾ ਕੱਟ ਲਵੇ ਤਾਂ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਸਾਫ਼ ਪਾਣੀ ਨਾਲ ਘੱਟੋ-ਘੱਟ 15 ਮਿੰਟ ਧੋਵੋ ਅਤੇ ਤੁਰੰਤ ਨੇੜਲੇ ਐਂਟੀ ਰੇਬੀਜ਼ ਵੈਕਸੀਨ ਸੈਂਟਰ ‘ਤੇ ਜਾ ਕੇ ਟੀਕਾਕਰਣ ਕਰਵਾਇਆ ਜਾਵੇ । ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ ਏ ਯੂ ਲੁਧਿਆਣਾ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੁਮਾਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਿੱਟਰੀ ਰੋਡ ਦੇ ਇੰਚਾਰਜ ਮੈਡਮ ਡਿੰਪਲ ਮੌਜੂਦ ਸਨ ।
