ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਟੇਲੈਂਟ ਦਾਂ ਪ੍ਰਦਰਸ਼ਨ .
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਦੇ ਰਾਸ਼ਟਰੀ ਪੱਧਰ ਦੇ ਰਾਉਂਡ ਵਿੱਚ ਆਪਣੇ ਭਾਸ਼ਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ
ਬਠਿੰਡਾ, 10 ਸਤੰਬਰ 2025: ਗਰੁੱਪ ਪੱਧਰ 'ਤੇ ਜੇਤੂ ਰਹਿਣ ਤੋਂ ਬਾਅਦ, ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਆਯੋਜਿਤ ਕੀਤੇ ਜਾ ਰਹੇ 17ਵੀਂ ਰਾਸ਼ਟਰੀ ਯੁਵਾ ਸੰਸਦ (ਐਨਵਾਈਪੀ) ਮੁਕਾਬਲੇ ਦੇ ਰਾਸ਼ਟਰੀ ਪੱਧਰ ਦੇ ਰਾਉਂਡ ਵਿੱਚ ਆਪਣੇ ਸ਼ਾਨਦਾਰ ਭਾਸ਼ਣ ਦੇ ਹੁਨਰ ਨਾਲ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ।
ਭਾਰਤ ਸਰਕਾਰ ਦੇ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਆਯੋਜਿਤ ਇਸ ਮੁਕਾਬਲੇ ਦਾ ਉਦੇਸ਼ ਸੰਸਦੀ ਸ਼ੈਲੀ ਦੀਆਂ ਬਹਿਸਾਂ ਅਤੇ ਵਿਚਾਰ-ਵਟਾਂਦਰੇ ਰਾਹੀਂ ਨੌਜਵਾਨਾਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ 17ਵੇਂ ਐਨਵਾਈਪੀ ਵਿੱਚ 46 ਸੰਸਥਾਵਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ ਸੀਯੂ ਪੰਜਾਬ ਸਮੇਤ ਅੱਠ ਟੀਮਾਂ ਨੇ ਅੰਤਿਮ ਦੌਰ ਲਈ ਕੁਆਲੀਫਾਈ ਕੀਤਾ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਬ੍ਰਤਿਨ ਸੇਨ ਗੁਪਤਾ, ਸੰਸਦੀ ਮਾਮਲਿਆਂ ਦੇ ਮੰਤਰਾਲੇ ਵਲੋਂ ਆਯੋਜਿਤ ਯੂਥ ਪਾਰਲੀਮੈਂਟ ਦੇ ਡਾਇਰੈਕਟਰ ਸ਼੍ਰੀ ਏ.ਬੀ.ਅਚਾਰੀਆ, ਅੰਮ੍ਰਿਤਸਰ ਲਾਅ ਕਾਲਜ ਦੇ ਪ੍ਰਿੰਸੀਪਲ ਡਾ. ਏਵਨ ਕੁਮਾਰ ਵੈਦ ਜਿਊਰੀ ਮੈਂਬਰ ਵਜੋਂ ਸ਼ਾਮਲ ਹੋਏ। ਜਿਊਰੀ ਮੈਂਬਰਾਂ ਨੇ ਦਿਲਚਸਪ ਸੰਸਦੀ ਸੈਸ਼ਨ ਦਾ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ।
ਇਹ ਧਿਆਨ ਦੇਣ ਯੋਗ ਹੈ ਕਿ ਸੀਯੂ ਪੰਜਾਬ ਪਹਿਲਾਂ 2019-20 ਅਤੇ 2023-24 ਵਿੱਚ ਆਯੋਜਿਤ 15ਵੇਂ ਅਤੇ 16ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ ਵਿੱਚ ਜੇਤੂ ਰਿਹਾ ਹੈ।
55 ਮਿੰਟ ਮਿੰਟ ਦੀ ਮਿਆਦ ਦੇ ਇਸ ਸੈਸ਼ਨ ਵਿੱਚ ਸੀਯੂਪੀਬੀ ਦੇ ਵਿਦਿਆਰਥੀਆਂ ਨੇ ਸੰਸਦ ਦੀ ਵੱਖ-ਵੱਖ ਕਾਰਵਾਈਆਂ ਜਿਵੇਂ: ਸਹੁੰ ਚੁੱਕ, ਸ਼ੋਕ ਸੰਦੇਸ਼, ਨਵੇਂ ਮੰਤਰੀਆਂ ਦੀ ਜਾਣ-ਪਛਾਣ, ਪ੍ਰਸ਼ਨ ਕਾਲ, ਵਿਸ਼ੇਸ਼ ਅਧਿਕਾਰ ਦੀ ਉਲੰਘਣਾ, ਉੱਚ ਸਦਨ ਤੋਂ ਸੰਦੇਸ਼, ਰਾਸ਼ਟਰਪਤੀ ਦਫ਼ਤਰ ਤੋਂ ਸੰਦੇਸ਼, ਵਿਦੇਸ਼ੀ ਪ੍ਰਤੀਨਿਧੀ ਦਾ ਸੁਆਗਤ, ਬਿੱਲਾਂ ਦੀ ਜਾਣ-ਪਛਾਣ ਅਤੇ ਵਿਧਾਨਕ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਆਪਣੇ ਭਾਸ਼ਣ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ 'ਤੇ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਜਿਊਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਸਦੀ ਮਾਮਲਿਆਂ ਦੇ ਮੰਤਰਾਲੇ ਦੀ ਇਹ ਪਹਿਲ ਨੌਜਵਾਨਾਂ ਨੂੰ ਲੋਕਤੰਤਰੀ ਮੁੱਲ ਪ੍ਰਣਾਲੀ ਤੋਂ ਜਾਣੂ ਕਰਵਾਏਗੀ ਅਤੇ ਉਨ੍ਹਾਂ ਨੂੰ ਸੰਸਦੀ ਲੋਕਤੰਤਰ ਦੇ ਮਜ਼ਬੂਤ ਕਾਰਜਸ਼ੀਲਤਾ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਪਹਿਲਗਾਮ ਹਮਲੇ, ਆਪ੍ਰੇਸ਼ਨ ਸਿੰਦੂਰ ਅਤੇ ਆਪ੍ਰੇਸ਼ਨ ਮਹਾਦੇਵ ਦੀਆਂ ਪ੍ਰਾਪਤੀਆਂ, ਅਮਰੀਕੀ ਟੈਰਿਫ ਨੀਤੀਆਂ, ਟੈਕਸ ਸੁਧਾਰਾਂ, 'ਇੱਕ ਰਾਸ਼ਟਰ-ਇੱਕ ਚੋਣ' ਪ੍ਰਸਤਾਵ ਅਤੇ ਹਰੀ ਊਰਜਾ ਪ੍ਰਮੋਸ਼ਨ ਵਰਗੇ ਮੁੱਦਿਆਂ 'ਤੇ ਵਿਦਿਆਰਥੀਆਂ ਦੁਆਰਾ ਕੀਤੀ ਗਈ ਚਰਚਾ ਦੀ ਵੀ ਸ਼ਲਾਘਾ ਕੀਤੀ।
ਐਨਵਾਈਪੀ ਦੇ ਨੋਡਲ ਅਫਸਰ ਡਾ. ਪੁਨੀਤ ਪਾਠਕ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦੇ ਹੋਏ ਵਿਸ਼ਵਾਸ ਪ੍ਰਗਟਾਇਆ ਕਿ ਇਸ ਵਾਰ ਵੀ ਉਹ ਮੁਕਾਬਲੇ ਵਿੱਚ ਆਪਣੀ ਪਛਾਣ ਬਣਾਉਣਗੇ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰਨਗੇ।
ਸੈਸ਼ਨ ਦੇ ਅੰਤ ਵਿੱਚ, ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ 55 ਵਿੱਚੋਂ 8 ਸਰਵੋਤਮ ਬੁਲਾਰਿਆਂ ਨੂੰ ਵਿਸ਼ੇਸ਼ ਪ੍ਰਸ਼ੰਸਾ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ:
· ਪਹਿਲਾ ਇਨਾਮ: ਸ਼ੁਚੀ ਅਰੋੜਾ
· ਦੂਜਾ ਇਨਾਮ: ਪਦਮ ਅੰਗਮੋ, ਦੀਪ ਧਾਰਾ
· ਤੀਜਾ ਇਨਾਮ: ਅਮਨ ਤਿਵਾੜੀ, ਕੁਮਾਰ ਅਭਿਨਵ
· ਚੌਥਾ ਇਨਾਮ: ਅਨੁਭਵ ਪ੍ਰਤਾਪ ਸਿੰਘ, ਅਰਾਧਨਾ, ਨੇਹਾ ਮਿਸ਼ਰਾ
ਪ੍ਰੋਗਰਾਮ ਵਿੱਚ ਪ੍ਰੋ. ਆਰ.ਕੇ. ਵੁਸੀਰਿਕਾ (ਡੀਨ ਇਨਚਾਰਜ ਅਕਾਦਮਿਕ), ਪ੍ਰੋ. ਮੋਨੀਸ਼ਾ ਧੀਮਾਨ (ਡਾਇਰੈਕਟਰ ਆਈਕਿਊਏਸੀ), ਪ੍ਰੋ. ਸੰਜੀਵ ਠਾਕੁਰ (ਡੀਨ ਵਿਦਿਆਰਥੀ ਭਲਾਈ), ਪ੍ਰੋ. ਦੀਪਕ ਚੌਹਾਨ (ਡੀਨ, ਸਕੂਲ ਆਫ਼ ਲੀਗਲ ਸਟੱਡੀਜ਼) ਅਤੇ ਪ੍ਰੋ. ਕਨ੍ਹਈਆ ਤ੍ਰਿਪਾਠੀ (ਅੰਬੇਡਕਰ ਚੇਅਰ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਮੁੱਲ) ਸਮੇਤ ਯੂਨੀਵਰਸਿਟੀ ਦੇ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਦੇ ਸ਼ਮੂਲੀਅਤ ਕੀਤੀ।