ਖ਼ਸਖ਼ਸ ਦੀ ਖੇਤੀ ਨੂੰ ਮਿਲੇ ਪ੍ਰਵਾਨਗੀ .
ਹੜ੍ਹਾਂ ਕਾਰਨ ਹੋਈ ਤਬਾਹੀ ਦੀ ਪੂਰਤੀ ਲਈ ਸਰਕਾਰ ਖਸਖਸ ਦੀ ਖੇਤੀ ਨੂੰ ਪ੍ਰਵਾਨਗੀ ਦੇਵੇ : ਬਰਾੜ
ਲੁਧਿਆਣਾ, 12 ਸਤੰਬਰ (ਸਹਿਗਲ) "ਪੰਜਾਬ ਵਿੱਚ ਹੜ੍ਹਾਂ ਕਰਨ ਹੋਈ ਵੱਡੀ ਤਬਾਹੀ ਦੀ ਪੂਰਤੀ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਪ੍ਰਵਾਨਗੀ ਦੇਵੇ।" ਇਹ ਬਿਆਨ ਜਾਰੀ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਪ੍ਰਧਾਨ ਸ. ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਇਕ ਸੂਰਬੀਰਾਂ ਦਾ ਸੂਬਾ ਹੈ ਅਤੇ ਇਸ ਵਿੱਚ ਵਸਣ ਵਾਲੇ ਸੂਰਬੀਰ ਹਨ, ਜੌ ਕਿ ਕਿਸੇ ਵੀ ਆਫਤ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਅਜਾਦੀ ਲਈ ਲੜਦੇ ਹੋਏ ਸਭ ਤੋਂ ਵੱਧ ਸ਼ਹੀਦੀਆਂ ਪਾਈਆਂ। ਇਸ ਉਪਰੰਤ ਸਰਹੱਦੀ ਸੂਬਾ ਹੋਣ ਕਾਰਨ ਔਕੜਾਂ ਸਹਿੰਦੇ ਹੋਏ ਹਰੀ ਕ੍ਰਾਂਤੀ ਵਿੱਚ ਭਰਪੂਰ ਯੋਗਦਾਨ ਪਾਇਆ ਅਤੇ ਕੇਂਦਰ ਸਰਕਾਰ ਵਲੋ ਲਾਗੂ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਇਸ ਦੇ ਨਾਲ ਹੀ ਜਦ ਦੇਸ਼ ਤੇ ਭੀੜ ਪਈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਸੋਨਾ ਦਾਨ ਕਰਨ ਦੀ ਅਪੀਲ ਤੇ ਪੰਜਾਬੀਆਂ ਨੇ ਕੁੱਲ ਦਾਂ ਕੀਤੇ ਗਏ ਸੋਨੇ ਦਾ ਸਭ ਤੋਂ ਵੱਧ 65% ਸੋਨਾ ਦਾਨ ਕੀਤਾ। ਸ. ਬਰਾੜ ਨੇ ਅਪੀਲ ਕੀਤੀ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਤੋਂ ਪੰਜਾਬ ਵਾਸੀਆਂ ਨੂੰ ਮੁੜ ਲੀਹਾਂ ਤੇ ਲਿਆਉਣ ਲਈ ਕਿਸਾਨਾਂ ਨੂੰ ਖਸਖਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ। ਇਸ ਨਾਲ ਕਿਸਾਨ ਤਾਂ ਖੁਸ਼ਹਾਲ ਹੋਵੇਗਾ ਹੀ, ਨਾਲ ਹੀ ਸਿੰਥੈਟਿਕ ਨਸ਼ੇ ਕਾਰਨ ਦਿਨੋ ਦਿਨ ਪੰਜਾਬ ਦੀ ਮੁੱਕਦੀ ਜਾ ਰਹੀ ਜਵਾਨੀ ਨੂੰ ਵੀ ਠੱਲ ਪਵੇਗੀ। ਸ. ਬਰਾੜ ਨੇ ਐਲਾਨ ਕੀਤਾ ਕਿ ਨੇੜ ਭਵਿੱਖ ਵਿਚ ਭਾਰਤੀ ਕਿਸਾਨ ਯੂਨੀਅਨ ਵਲੋ ਖਸਖਸ ਦੀ ਖੇਤੀ ਦੀ ਮਨਜ਼ੂਰੀ ਲਈ ਵੱਡੇ ਪੱਧਰ ਤੇ ਇਕ ਇੱਕਠ ਕੀਤਾ ਜਾਵੇਗਾ। ਉਨ੍ਹਾਂ ਹਮਖਿਆਲੀ ਕਿਸਾਨ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਵਿੱਚ ਭਰਪੂਰ ਸਾਥ ਦੇਣ। ਇਸ ਮੌਕੇ ਪ੍ਰਧਾਨ ਓਂਕਾਰ ਸਿੰਘ ਬਰਾੜ ਤੋਂ ਇਲਾਵਾ ਮਨੀ ਸਿੰਘ ਬੈਂਸ, ਗੁਰਮੇਲ ਸਿੰਘ ਫ਼ਤਹਿਗੜ੍ਹ ਸਾਹਿਬ, ਰਣਜੀਤ ਸਿੰਘ, ਡਾ. ਧਰਮਿੰਦਰ ਸਿੰਘ, ਕਿਰਨਦੀਪ ਸਿੰਘ, ਬਰਜਿੰਦਰ ਸਿੰਘ ਲੁਧਿਆਣਾ, ਕੁਲਵਿੰਦਰ ਸਿੰਘ ਯੂ.ਐੱਸ. ਏ., ਮੁਖਤਿਆਰ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।
