ਮੁਹਿੰਮ ਰਹੇਗੀ ਜਾਰੀ : ਸੀਐਸ .
ਸਿਹਤ ਵਿਭਾਗ ਨੇ 1100 ਵਿਦਿਆਰਥੀਆਂ ਨੂੰ ਕੀਤਾ ਜਾਗਰੂਕ-ਡਾ ਰਮਨਦੀਪ ਕੌਰ
ਹੜ੍ਹ ਪ੍ਰਭਾਵਿਤ ਖੇਤਰਾਂ 'ਚ ਜਾਗਰੂਕਤਾ ਮੁਹਿੰਮ ਰਹੇਗੀ ਜਾਰੀ
ਲੁਧਿਆਣਾ 11 ਸਤੰਬਰ () ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ ਤਹਿਤ ਆਮ ਲੋਕਾਂ ਅਤੇ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਡੇਂਗੂ ਮਲੇਰੀਆ ਚਿਕਨਗੁਨੀਆ ਡਾਇਰੀਆ, ਟਾਈਫਾਇਡ ਅਤੇ ਪੀਲੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ।
ਹੜ੍ਹਾਂ ਅਤੇ ਬਰਸਾਤ ਦੇ ਮੌਸਮ ਵਿੱਚ ਖੜ੍ਹਾ ਪਾਣੀ ਅਤੇ ਗੰਦਗੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣਦੀ ਹੈ। ਖ਼ਾਸ ਕਰਕੇ ਡਾਇਰੀਆ, ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਈਫਾਇਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਇਸ ਸਮੇਂ ਜ਼ਿਆਦਾ ਫੈਲਦੀਆਂ ਹਨ। ਇਹ ਬਿਮਾਰੀਆਂ ਲੋਕਾਂ ਦੀ ਸਿਹਤ ਲਈ ਖ਼ਤਰਾ ਹੀ ਨਹੀਂ, ਸਗੋਂ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੀਆਂ ਹਨ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਵਿਖੇ ਸਤਲੁਜ ਦਰਿਆ ਦੇ ਨਾਲ ਲੱਗਦੇ ਵੱਖ ਵੱਖ ਪਿੰਡਾਂ ਤੋਂ ਪੜ੍ਹਦੇ 1100 ਤੋਂ ਵੱਧ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਉਨਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਅਤੇ ਜ਼ਿਲ੍ਹਾ ਬੀਸੀਸੀ ਕੋ-ਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਬਰਸਾਤੀ ਪਾਣੀ ਅਕਸਰ ਗਲੀਆਂ, ਛੱਤਾਂ, ਖਾਲੀ ਪਲਾਟਾਂ ਅਤੇ ਹੋਰ ਥਾਵਾਂ ’ਤੇ ਇਕੱਠਾ ਹੋ ਜਾਂਦਾ ਹੈ। ਇਹ ਪਾਣੀ ਮੱਛਰਾਂ ਦੀ ਪੈਦਾ ਹੋ ਜਾਂਦਾ ਹੈ। ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ। ਡੇਂਗੂ ਵਿੱਚ ਬੁਖਾਰ, ਸਰੀਰ ਦਰਦ ਅਤੇ ਪਲੇਟਲਿਟ ਘੱਟ ਹੋਣ ਦੇ ਲੱਛਣ ਪ੍ਰਗਟ ਹੁੰਦੇ ਹਨ। ਮਲੇਰੀਆ ਦੇ ਮਰੀਜ਼ਾਂ ਨੂੰ ਬੁਖਾਰ ਚੜ੍ਹਨਾ ਅਤੇ ਕੰਬਣੀ ਆਉਣਾ ਸ਼ੁਰੂ ਹੋ ਜਾਂਦਾ ਹੈ। ਚਿਕਨਗੁਨੀਆ ਵਿਚ ਤੇਜ਼ ਬੁਖਾਰ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ।
ਇਸੇ ਤਰ੍ਹਾਂ ਦੂਸ਼ਿਤ ਪਾਣੀ ਦੇ ਇਸਤੇਮਾਲ ਨਾਲ ਡਾਇਰੀਆ, ਟਾਈਫਾਇਡ ਅਤੇ ਪੀਲੀਆ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਹਨ। ਦੂਸ਼ਿਤ ਪਾਣੀ ਨਾਲ ਪੇਟ ਦਰਦ,ਉਲਟੀਆਂ, ਦਸਤ, ਅੰਤੜੀ ਰੋਗ , ਹੈਪੇਟਾਈਟਿਸ ਅਤੇ ਟਾਈਫਾਈਡ ਆਦਿ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ । ਉਨਾਂ ਦੱਸਿਆ ਕਿ ਆਪਣੇ ਘਰਾਂ ਅਤੇ ਆਸ-ਪਾਸ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਕੁਲਰ, ਟੈਂਕੀਆਂ, ਗਮਲੇ ਅਤੇ ਛੱਤਾਂ ’ਤੇ ਪਾਣੀ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਖਾਲੀ ਕਰਕੇ ਸੁੱਕਾ ਰੱਖਿਆ ਜਾਵੇ। ਪੀਣ ਵਾਲੇ ਪਾਣੀ ਨੂੰ ਹਮੇਸ਼ਾਂ ਉਬਾਲਕੇ ਜਾਂ ਫਿਲਟਰ ਕਰਕੇ ਹੀ ਵਰਤਿਆ ਜਾਵੇ। ਬਾਹਰਲਾ ਕੱਚਾ ਜਾਂ ਗੰਦੇ ਵਾਤਾਵਰਣ ਵਿੱਚ ਬਣਿਆ ਖਾਣਾ ਖਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਤੇਜ ਬੁਖਾਰ, ਦਸਤ, ਉਲਟੀ, ਸਰੀਰ ਦਰਦ ਜਾਂ ਹੋਰ ਕੋਈ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਵਿੱਚ ਡਾਕਟਰੀ ਜਾਂਚ ਅਤੇ ਇਲਾਜ ਲਿਆ ਜਾਵੇ ।ਇਸ ਮੌਕੇ ਸਕੂਲ ਦੇ ਇੰਚਾਰਜ ਰਵੀ ਦੱਤ,ਅਧਿਆਪਕ ਵਿਜੇ ਕੁਮਾਰ,ਮਹਿੰਦਰ ਕੌਰ ,ਰਵਿੰਦਰ ਕੌਰ, ਮੇਘਾ ਬੱਗਾ,ਮੰਜੂ ਬਾਲਾ,ਦਮਨਪ੍ਰੀਤ, ਰੀਨਾ ਅਤੇ ਹੋਰ ਸਟਾਫ ਹਾਜ਼ਰ ਸੀ।