ਪ੍ਰਧਾਨ ਓਬੀਸੀ ਵਿੰਗ ਚੋਂ ਬਣੇ .
ਅੰਮ੍ਰਿਤਸਰ ਕਾਂਗਰਸ ਕਮੇਟੀ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਓਬੀਸੀ ਵਰਗ ਚੋਂ ਬਣਾਉਣ ਦੀ ਮੰਗ ਜ਼ੋਰਾਂ ’ਤੇ
ਅੰਮ੍ਰਿਤਸਰ,15ਸਤੰਬਰ (ਸਵਿੰਦਰ ਸਿੰਘ) – ਵਿਧਾਨ ਸਭਾ ਚੋਣਾਂ 2027 ਨੂੰ ਧਿਆਨ ਵਿੱਚ ਰੱਖਦਿਆਂ ਕਾਂਗਰਸ ਪਾਰਟੀ ਵੱਲੋਂ ਹਰ ਵਰਗ ਨੂੰ ਪਾਰਟੀ ਨਾਲ ਜੋੜਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਪਾਰਟੀ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਨਵੇਂ ਹੀਰੇ ਤਰਾਸ਼ ਕੇ ਜ਼ਿਲ੍ਹਾ ਪ੍ਰਧਾਨ ਬਣਾਉਣ ਦੀ ਕਸਰਤ ਤੇਜ਼ੀ ਨਾਲ ਜਾਰੀ ਹੈ। ਇਸੇ ਸਿਲਸਿਲੇ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਚਰਚਾ ਤੇਜ਼ ਹੋਈ ਦਿਖਾਈ ਦੇ ਰਹੀ ਹੈ।ਪਾਰਟੀ ਦੇ ਅੰਦਰੋਂ ਮਿਲ ਰਹੀ ਜਾਣਕਾਰੀ ਅਨੁਸਾਰ ਇਸ ਵਾਰ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਕਿਸੇ ਓਬੀਸੀ ਵਰਗ ਦੇ ਗੁਰਸਿੱਖ ਚਿਹਰੇ ਨੂੰ ਬਣਾਉਣ ਦੀ ਮੰਗ ਬੜੇ ਜ਼ੋਰਾਂ ਨਾਲ ਸਾਹਮਣੇ ਆ ਰਹੀ ਹੈ। ਰਾਹੁਲ ਗਾਂਧੀ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ “ਜਿਸਦੀ ਜਿੰਨੀ ਹਿੱਸੇਦਾਰੀ, ਉਸਦੀ ਉਨੀ ਭਾਗੇਦਾਰੀ” ਨੂੰ ਹਾਈ ਕਮਾਂਡ ਗੰਭੀਰਤਾ ਨਾਲ ਲੈ ਰਹੀ ਹੈ। ਪੰਜਾਬ ਕਾਂਗਰਸ ਓਬੀਸੀ ਵਿੰਗ ਲੰਮੇ ਸਮੇਂ ਤੋਂ 27 ਫੀਸਦੀ ਹਿੱਸੇਦਾਰੀ ਦੀ ਮੰਗ ਉੱਠਾ ਰਿਹਾ ਹੈ। ਵਰਕਿੰਗ ਪ੍ਰਧਾਨ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਅਤੇ ਓਬੀਸੀ ਟੀਮ ਨੇ ਇਹ ਲੜਾਈ ਹਮੇਸ਼ਾ ਜ਼ੋਰਦਾਰ ਢੰਗ ਨਾਲ ਲੜੀ ਹੈ ਅਤੇ ਸ੍ਰੀ ਰਾਹੁਲ ਗਾਂਧੀ ਨੇ ਵੀ ਪਾਰਲੀਮੈਂਟ ਵਿੱਚ ਇਹ ਮੰਗ ਉਠਾਈ ਸੀ।
ਲੋਕ ਪੱਧਰ ‘ਤੇ ਵੀ ਹੁਣ ਇਹ ਮੰਗ ਗੂੰਜ ਰਹੀ ਹੈ ਕਿ ਅੰਮ੍ਰਿਤਸਰ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਇੱਕ ਗੁਰਸਿੱਖ ਓਬੀਸੀ ਹੋਵੇ।ਕਾਂਗਰਸ ਦੇ ਤੇਜ਼ ਤਰਾਰ ਆਗੂ ਦੇ ਤੌਰ ਤੇ ਜਾਣੇ ਜਾਂਦੇ ਸਰਬਜੀਤ ਸਿੰਘ ਸੋਨੂੰ ਜੰਡਿਆਲਾ ਦਾ ਨਾਮ ਖ਼ਾਸ ਤੌਰ ’ਤੇ ਚਰਚਾ ਵਿੱਚ ਹੈ। ਉਹ ਇੱਕ ਅਜਿਹਾ ਨੌਜਵਾਨ ਚਿਹਰਾ ਹੈ ਜੋ ਪੰਜਾਬ ਦੇ ਹਰ ਮੁੱਦੇ ‘ਤੇ ਬੇਬਾਕੀ ਨਾਲ ਬੋਲਦਾ ਹੈ, ਲੋਕਾਂ ਦੇ ਸੁੱਖ-ਦੁੱਖ ਵਿੱਚ ਹਾਜ਼ਰ ਰਹਿੰਦਾ ਹੈ ਅਤੇ ਕਾਂਗਰਸ ਪਾਰਟੀ ਲਈ ਦਿਨ ਰਾਤ ਸਰਗਰਮ ਹੈ। ਸੋਨੂੰ ਜੰਡਿਆਲਾ ਨੂੰ ਅਕਸਰ ਕਾਂਗਰਸ ਪਾਰਟੀ ਵੱਲੋਂ ਦੂਜੀਆਂ ਰਾਜਾਂ ਵਿੱਚ ਵੀ ਸਿੱਖ ਚਿਹਰੇ ਵਜੋਂ ਚੋਣ ਪ੍ਰਚਾਰ ਲਈ ਭੇਜਿਆ ਜਾਂਦਾ ਹੈ।
ਦੂਜੇ ਪਾਸੇ ਉਹ ਜਿੱਥੇ ਰਾਹੁਲ ਗਾਂਧੀ ਦੀ ਟੀਮ ਦੇ ਸਰਗਰਮ ਆਗੂ ਸਮਝੇ ਜਾਂਦੇ ਹਨ ਉੱਥੇ ਸੋਨੂੰ ਜੰਡਿਆਲਾ ਦੀ ਨੇੜਤਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਤੇ ਜੰਡਿਆਲਾ ਗੁਰੂ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸਮੇਤ ਹੋਰ ਆਗੂਆਂ ਨਾਲ ਵੀ ਹੈ। ਉਹਨਾਂ ਨੂੰ ਸਾਬਕਾ ਮੰਤਰੀ ਅਤੇ ਮਜੂਦਾ ਵਿਧਾਇਕ ਸ੍ਰ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਵੀ ਥਾਪੜ੍ਹਨਾ ਹੈ।ਇਸ ਤੋਂ ਇਲਾਵਾ ਉਸ ਦਾ ਸੰਤ ਸਮਾਜ ਅਤੇ ਸਿੱਖ ਜਥੇਬੰਦੀਆਂ ਵਿੱਚ ਵੀ ਉਸਦੀ ਪਹੁੰਚ ਕਾਫ਼ੀ ਮਜ਼ਬੂਤ ਮੰਨੀ ਜਾਂਦੀ ਹੈ। ਉਸਦਾ ਮਿੱਠਾ ਸੁਭਾਅ ਤੇ ਬੋਲਬਾਣੀ ਵੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਇੰਟਰ -ਨੈਸ਼ਨਲ, ਨੈਸ਼ਨਲ ਚੈਨਲਾਂ ਤੋਂ ਇਲਾਵਾ ਲੋਕਲ ਚੈਨਲਾਂ ਵਿਚ ਵੀ ਉਹ ਚੰਗੇ ਬੁਲਾਰੇ ਦੇ ਤੌਰ ਤੇ ਪਛਾਣ ਬਣਾ ਚੁੱਕਾ ਹੈ।ਜਦੋਂ ਇਸ ਸਬੰਧੀ ਸੋਨੂੰ ਜੰਡਿਆਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾਕਿ ਕਾਂਗਰਸ ਪਾਰਟੀ ਹਮੇਸ਼ਾਂ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ ਅਤੇ ਹਰ ਕਿਸੇ ਨੂੰ ਬਣਦਾ ਮਾਨ-ਸਨਮਾਨ ਦਿੰਦੀ ਹੈ। ਮੈਂ ਵੀ ਆਸ ਕਰਦਾ ਹਾਂ ਕਿ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਕਿਸੇ ਓਬੀਸੀ ਚਿਹਰੇ ਨੂੰ ਅੱਗੇ ਲਿਆਵੇ, ਭਾਵੇਂ ਉਹ ਕੋਈ ਵੀ ਹੋਵੇ। ਜੋ ਵੀ ਬਣੇਗਾ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕਰੇਗਾ।ਸੂਤਰਾਂ ਅਨੁਸਾਰ ਪਾਰਟੀ ਦੇ ਅੰਦਰ ਇਸ ਸਬੰਧੀ ਵਿਚਾਰ-ਵਟਾਂਦਰਾ ਜਾਰੀ ਹੈ ਅਤੇ ਅੰਤਿਮ ਫ਼ੈਸਲਾ ਜਲਦੀ ਲਿਆ ਜਾ ਸਕਦਾ ਹੈ।