ਪਦਮਸ਼੍ਰੀ ਸਾਹਨੀ ਵਲੋਂ ਦਿੱਤੀਆਂ ਸੇਵਾਵਾਂ ਲਈ ਕੀਤਾ ਧੰਨਵਾਦ.
ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅੰਮ੍ਰਿਤਸਰ ਅਤੇ ਟ੍ਰੇਡ ਐਂਡ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਸ਼੍ਰੀਮਤੀ ਅਤੇ ਪਦਮਸ਼੍ਰੀ ਸ੍ਰ. ਵਿਕਰਮਜੀਤ ਸਿੰਘ ਸਾਹਨੀ ਦਾ ਹਾਰਦਿਕ ਧੰਨਵਾਦ : ਰਜਿੰਦਰ ਸਿੰਘ ਮਰਵਾਹਾ।
ਅੰਮ੍ਰਿਤਸਰ ( ਸਵਿੰਦਰ ਸਿੰਘ ) ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜਤਾਂ ਨੂੰ ਦਰਪੇਸ਼ ਮੁਸੀਬਤਾਂ ਨੂੰ ਦਿਲੋਂ ਮਨੋਂ ਮਹਿਸੂਸ ਕਰਦਿਆਂ ਹੋਇਆਂ , ਉਨ੍ਹਾਂ ਦੀ ਹਰ ਖੇਤਰ ਦੀਆਂ ਲੋੜਾਂ ਦੀ ਪੂਰਤੀ ਲਈ ਯਥਾਯੋਗ ਸਮਾਨ ਦਾ ਇੰਤਜ਼ਾਮ ਕਰਕੇ, ਅੱਜ ਅਜਨਾਲਾ ਸ਼ਹਿਰ ਦੇ ਬੱਬੂ ਰੀਜ਼ੋਰਟ ਵਿੱਚ ਸਰਦਾਰਨੀ ਅਤੇ ਪਦਮਸ਼੍ਰੀ ਸਰਦਾਰ ਵਿਕਰਮਜੀਤ ਸਿੰਘ ਸਾਹਨੀ, ਮੈਂਬਰ ਪਾਰਲੀਮੈਂਟ ਵੱਲੋਂ ਇੱਕ ਸਮਾਗਮ ਕੀਤਾ ਗਿਆ। ਸਰਦਾਰ ਸਾਹਨੀ ਜੀ ਵੱਲੋਂ ਹੜ੍ਹਾਂ ਕਾਰਨ ਜਰਖੇਜ਼ ਜ਼ਮੀਨਾਂ ਵਿੱਚ ਇਕੱਠੀ ਹੋ ਗਈ ਰੇਤ ਅਤੇ ਭਲ਼ ਨੂੰ ਹਟਾ ਕੇ, ਜ਼ਮੀਨਾਂ ਨੂੰ ਮੁੜ ਤੋਂ ਵਾਹੀਯੋਗ ਬਣਾਉਣ ਲਈ 25 ਟਰੈਕਟਰ ਅਤੇ 5 ਜੇ.ਸੀ.ਬੀ. ਮਸ਼ੀਨਾਂ ਦੀਆਂ ਸੇਵਾਵਾਂ ਭੇਟ ਕਰ ਦਿੱਤੀਆਂ ਹਨ,ਜੋ ਕੁਝ ਹੀ ਦਿਨਾਂ ਵਿੱਚ ਪ੍ਰਭਾਵਿਤ ਕਿਸਾਨ ਭਾਈਚਾਰੇ ਨੂੰ ਇਸ ਕਾਬਿਲ ਕਰ ਦੇਣਗੀਆਂ ਕਿ ਉਹ ਆਪਣੀਆਂ ਪੈਲੀਆਂ ਵਿੱਚ ਕਣਕ, ਮਟਰ, ਆਲੂ ਆਦਿ ਦੀ ਬਿਜਾਈ ਸਮੇਂ ਸਿਰ ਕਰ ਸਕਣਗੇ। ਇਸ ਤੋਂ ਇਲਾਵਾ ਸਰਦਾਰ ਸਾਹਨੀ ਨੇ ਇੱਕ ਹੋਰ ਬੇਹੱਦ ਵੱਡਾ ਭਰੋਸਾ ਦਿੱਤਾ ਕਿ ਉਹ ਕਿਸਾਨ ਭਰਾਵਾਂ ਨੂੰ ਲੋੜੀਂਦੀ ਮਾਤਰਾ ਵਿੱਚ ਰਸਾਇਣਕ ਖਾਦਾਂ ਅਤੇ ਬੀਜਾਂ ਦਾ ਪ੍ਰਬੰਧ ਵੀ ਆਪਣੇ ਵੱਲੋਂ ਕਰਕੇ ਦੇਣਗੇ। ਉਨ੍ਹਾਂ ਅੱਜ ਹੀ ਬੱਬੂ ਰੀਜ਼ੋਰਟ ਦੇ ਵੱਡੇ ਹਾਲ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਰੋਜ਼ਮਰਾ ਦੀ ਵਰਤੋਂ ਦੀਆਂ ਜ਼ਰੂਰੀ ਵਸਤਾਂ ਨਾਲ ਭਰਪੂਰ ਕਰ ਦਿੱਤਾ, ਜਿਨ੍ਹਾਂ ਵਿੱਚ ਮੰਜੇ, ਬਿਸਤਰੇ, ਕੁਰਸੀਆਂ, ਦਵਾਈਆਂ, ਪਸ਼ੂ ਖੁਰਾਕ, ਫੌਗਿੰਗ ਮਸ਼ੀਨਾਂ, ਰਾਸ਼ਨ ਦੇ ਪੈਕਟ ਆਦਿ ਵੱਡੀ ਮਾਤਰਾ ਵਿੱਚ ਸਨ। ਇਸ ਮੌਕੇ ਅਜਨਾਲਾ ਖੇਤਰ ਦੇ ਦੁਖੀ ਇਲਾਕਾ ਨਿਵਾਸੀਆਂ ਦੀਆਂ ਪੀੜਾਂ ਨੂੰ ਮਹਿਸੂਸ ਕਰਦਿਆਂ ਸਰਦਾਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਦੁਖਿਆਰਿਆਂ ਦੀ ਔਖੀ ਘੜੀ ਬਾਂਹ ਫੜਨ ਲਈ ਟਰੇਡ ਐਂਡ ਇੰਡਸਟਰੀਜ਼ ਐਸੋਸੀਏਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਨੇ ਸ਼ੁਕਰੀਆ ਅਦਾ ਕੀਤਾ।
ਇਸ ਮੌਕੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਅੰਮ੍ਰਿਤਸਰ ਅਤੇ ਟ੍ਰੇਡ ਐਂਡ ਇੰਡਸਟਰੀਜ਼ ਐਸੋਸੀਏਸ਼ਨ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਵੱਲੋਂ ਪਦਮਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਜੀ ਅਤੇ ਉਨ੍ਹਾਂ ਦੀ ਸੁਪਤਨੀ ਨੂੰ ਦੋਸ਼ਾਲੇ ਭੇਟ ਕਰਕੇ ਸਤਿਕਾਰ ਭੇਟ ਕੀਤਾ। ਹਾਜ਼ਰ ਸਖਸ਼ੀਅਤਾਂ ਵਿੱਚ ਅਰਵਿੰਦਰ ਸਿੰਘ ਭੱਟੀ, ਡਾ. ਜਗਜੀਤ ਸਿੰਘ, ਅਕਾਲ ਪੁਰਖ ਕੀ ਫੌਜ ਦੇ ਐਡਵੋਕੇਟ ਜਸਵਿੰਦਰ ਸਿੰਘ ਅਤੇ ਸਨ ਫਾਊਂਡੇਸ਼ਨ ਦੇ ਦਰਜਨਾਂ ਵਲੰਟੀਅਰਾਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਸਨ।