ਗੁਨਾਹ ਕਬੂਲ ਹੈ, ਕਬੂਲ ਹੈ, ਕਬੂਲ ਹੈ/ਅਸ਼ਵਨੀ ਜੇਤਲੀ 'ਪ੍ਰੇਮ'.
ਧੀ ਸਮੁੰਦਰੋਂ ਪਾਰ ਵਸੇਂਦੀ
ਫ਼ਿਕਰ ਕਰੇਂਦੀ
ਕਰਦੀ ਹੈ ਕਾਲ
ਪੁੱਛਦੀ ਹੈ ਰੋਜ਼
ਬੁੱਢੜੇ ਬਾਪ ਦਾ ਹਾਲ
ਪੁੱਤਰ ਘਰ ਵਿਚ ਹੀ ਰਹਿੰਦਾ ਹੈ
ਰਹਿੰਦਾ ਹੈ ਕੰਮ-ਧੰਦੇ ਵਿਚ
ਬਹੁਤ ਹੀ ਮਸਰੂਫ਼
ਕਈ ਵਾਰ ਤਾਂ ਖਊਂ ਖਊਂ ਕਰਦੇ ਬਾਪੂ ਕੋਲੋਂ
ਲੰਘ ਜਾਵੇ ਚੁੱਪਚਾਪ
ਬਾਪ ਦੀ ਦਿਨੋਂ ਦਿਨ ਢਲਦੀ ਉਮਰ
ਤੇ ਵਿਗੜਦੀ ਸਿਹਤ ਤੋਂ ਬੇਖਬਰ
ਲਵੇ ਕਦੇ ਨਾ ਸਾਰ-ਖਬਰ
ਮਿਲਦਾ ਹੈ ਬਸ ਕਦੇ ਕਦਾਈਂ
ਸਾਲ ਛਿਮਾਹੀਂ
ਬਾਪ ਵਿਚਾਰਾ
ਪਲ ਪਲ ਮਰਦਾ
ਹਉਕੇ ਭਰਦਾ
ਕੰਧਾਂ ਦੇ ਨਾਲ ਗੱਲਾਂ ਕਰਦਾ 'ਓਸ ਵੇਲੇ' ਨੂੰ ਚੇਤੇ ਕਰਦਾ
ਆਪਣੇ ਆਪ 'ਤੇ ਸ਼ਿਕਵੇ ਕਰਦਾ
...ਜਦ ਪੁੱਤ ਦੇ ਜੰਮਣ ਵੇਲੇ
ਕਹਿੰਦਾ ਸੀ ਕਿ ਘਰ ਵਿਚ ਆਇਐ ਰਾਜਕੁਮਾਰ
ਤੇ ਧੀ ਜੰਮਣ ਮਗਰੋਂ
ਹੋ ਨਿੰਮੋਝੂਣਾ
ਧੀ ਨੂੰ ਸਮਝ ਕੇ ਵਾਧੂ ਭਾਰ
ਸੋਚਣ ਲੱਗਾ ਸੀ ਖੁਦ ਨੂੰ ਊਣਾ
ਧੀ ਦਾ ਅੱਜ ਜਦ ਆਇਆ ਫੋਨ
ਲੱਗਾ ਉੱਚੀ ਉੱਚੀ ਰੋਣ
ਜ਼ਾਰੋਜ਼ਾਰ
ਭੁੱਬਾਂ ਮਾਰ
ਮੰਨ ਕੇ ਖ਼ੁਦ ਨੂੰ ਗੁਨਾਹਗਾਰ।