ਵਰਕਰਾਂ ਦੀ ਚੱਲੂ ਸਲਾਹ.
ਜਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਚੁਣਨ ਲਈ ਆਬਜ਼ਰਵਰ ਬਰਾਲਾ ਨੇ ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਸੁਣੇ ਵਿਚਾਰ
ਕਾਂਗਰਸੀ ਵਰਕਰਾਂ ਦੀ ਸਹਿਮਤੀ ਨਾਲ ਇਸ ਵਾਰ ਬਣਨਗੇ ਪਾਰਟੀ ਪ੍ਰਧਾਨ
ਲੁਧਿਆਣਾ, 20 ਸਤੰਬਰ (ਵਰਿੰਦਰ) ਕਾਂਗਰਸ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਨਿਯੁਕਤ ਕੀਤੀ ਗਈ ਆਬਜ਼ਰਵਰ ਮੈਡਮ ਸ਼ਿਖਾ ਮੀਲ ਬਰਾਲਾ ਵਿਧਾਇਕਾ ਚੋਮੂ (ਰਾਜਸਥਾਨ) ਵੱਲੋਂ ਹੋਟਲ ਕੋਹਿਨੂਰ ਪੱਖੋਵਾਲ ਰੋਡ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਦੱਸਿਆ ਕਿ ਪਹਿਲਾ ਜਿਲ੍ਹਾ ਕਾਂਗਰਸ ਪ੍ਰਧਾਨ ਕਾਂਗਰਸੀ ਲੀਡਰਾਂ ਦੀ ਸਿਫਾਰਿਸ਼ ਤੇ ਹਾਈ ਕਮਾਂਡ ਵਲੋਂ ਨਿਯੁਕਤ ਕਰ ਦਿੱਤੇ ਜਾਂਦੇ ਸਨ ਜੌ ਕਿ ਆਪਣੀ ਜੁੰਮੇਵਾਰੀ ਨਿਭਾਉਣ ਵਿਚ ਵੀ ਕਮਜ਼ੋਰ ਸਾਬਤ ਹੁੰਦੇ ਸਨ। ਜਿਸ ਕਾਰਨ ਇਸ ਵਾਰ ਕਾਂਗਰਸ ਹਾਈ ਕਮਾਂਡ ਖਾਸ ਕਰਕੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਤੇ "ਕਾਂਗਰਸ ਸੰਗਠਨ ਸਿਰਜਣ ਅਭਿਆਨ" ਤਹਿਤ ਕਾਂਗਰਸੀ ਵਰਕਰਾਂ ਤੋਂ ਸਲਾਹ ਲੈ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ ਜਿਸ ਕਾਰਨ ਵਿਧਾਨ ਸਭਾ ਹਲਕਾ ਪੱਧਰ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀ ਸਲਾਹ ਲਾਈ ਜਾ ਰਹੀ ਹੈ। ਸ਼੍ਰੀਮਤੀ ਬਰਾਲਾ ਨੇ ਹੋਰ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀ ਪ੍ਰਧਾਨਗੀ ਲਈ ਹੁਣ ਤੱਕ 10 - 15 ਸੰਭਾਵੀ ਉਮੀਦਵਾਰਾਂ ਦੇ ਨਾਮ ਆ ਚੁੱਕੇ ਹਨ। ਜਿਸ ਦੇ ਹੱਕ ਵਿੱਚ ਸਭ ਤੋਂ ਵੱਧ ਕਾਂਗਰਸੀ ਵਰਕਰ ਸਹਿਮਤੀ ਦੇਣਗੇ ਉਸ ਨੂੰ ਹਾਈ ਕਮਾਂਡ ਵਲੋਂ ਪ੍ਰਧਾਨ ਥਾਪ ਦਿੱਤਾ ਜਾਵੇਗਾ। ਪ੍ਰੈਸ ਕਾਨਫਰੰਸ ਉਪਰੰਤ ਉਨ੍ਹਾਂ ਵੱਡੀ ਗਿਣਤੀ ਵਿੱਚ ਪੁੱਜੇ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਬੰਦ ਕਮਰੇ ਵਿੱਚ ਗਰੁੱਪਾਂ ਅਤੇ ਇੱਕਲੇ ਇੱਕਲੇ ਦੇ ਵਿਚਾਰ ਸੁਣੇ। ਇਸ ਮੌਕੇ ਤੇ ਵਿਧਾਨ ਸਭ ਹਲਕਾ ਗਿੱਲ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਮੌਜੂਦਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਕੰਵਰ ਹਰਪ੍ਰੀਤ ਸਿੰਘ, ਹਿਰਦੇਪਾਲ ਸਿੰਘ ਢੀਂਡਸਾ, ਜਸਪਾਲ ਸਿੰਘ ਸ਼ੰਕਰ, ਇੰਦਰਜੀਤ ਸਿੰਘ ਗਿੱਲ, ਤਨਵੀਰ ਸਿੰਘ ਰਣੀਆ, ਮਨਜੀਤ ਸਿੰਘ ਹੰਬੜਾਂ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜਰ ਸਨ।