ਵਰਿੰਦਰ ਸਹਿਗਲ ਬਣੇ ਪ੍ਰੈੱਸ ਸਕੱਤਰ.

ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਵਲੋਂ ਵਰਿੰਦਰ ਸਹਿਗਲ ਪ੍ਰੈਸ ਸਕੱਤਰ ਨਿਯੁਕਤ 

ਲੁਧਿਆਣਾ, 20 ਸਤੰਬਰ (ਵਾਸੂ ਜੇਤਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਨੇ ਲੁਧਿਆਣਾ ਇਕਾਈ ਦਾ ਵਿਸਥਾਰ ਕਰਦੇ ਹੋਏ ਆਪਣੇ ਇੱਕ ਮਤੇ ਵਿੱਚ ਲੇਖਕ ਅਤੇ ਉੱਘੇ ਸਮਾਜ ਸੇਵੀ ਵਰਿੰਦਰ ਸਹਿਗਲ ਨੂੰ ਯੂਨੀਅਨ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ। ਇਹ ਮਤਾ ਪਾਉਣ ਉਪਰੰਤ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁਲਾਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਹਰ ਸੰਸਥਾ ਵਿੱਚ ਚਾਹੇ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਪ੍ਰੈਸ ਸਕੱਤਰ ਦੀ ਭੂਮਿਕਾ ਅਹਿਮ ਹੁੰਦੀ ਹੈ ਤੇ ਸੰਸਥਾਵਾਂ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਸਮਝਾਉਣ ਵਿਚ ਵੀ ਅਹਿਮ ਰੋਲ ਹੁੰਦਾ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਨੇ ਵਰਿੰਦਰ ਸਹਿਗਲ ਦੇ ਮੋਢਿਆਂ ਤੇ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਰਿੰਦਰ ਸਹਿਗਲ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਇੰਨਾਂ ਤੋਂ ਇਲਾਵਾ ਯੂਨੀਅਨ ਦੇ ਜਥੇਬੰਦਕ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਮੁਕੰਦਪੁਰ ਅਤੇ ਨਵਪ੍ਰੀਤ ਸਿੰਘ ਕਲਸੀ ਨੇ ਵੀ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਵਰਿੰਦਰ ਸਹਿਗਲ ਹੋਰਾਂ ਦੀ ਨਿਯੁਕਤੀ ਨਾਲ ਯੂਨੀਅਨ ਦੀਆਂ ਗਤੀਵਿਧੀਆਂ ਜਿੱਥੇ ਤੇਜ਼ ਰਫ਼ਤਾਰ ਨਾਲ ਅੱਗੇ ਵੱਧਣਗੀਆਂ ਉਥੇ ਵੱਧ ਤੋਂ ਵੱਧ ਲੋਕਾਂ ਤੱਕ ਕਿਸਾਨਾਂ ਦੀਆ ਸਮੱਸਿਆਵਾਂ ਦੀ ਆਵਾਜ਼ ਵੀ ਪਹੁੰਚੇਗੀ, ਜਿਸ ਆਵਾਜ਼ ਨੂੰ ਸਰਕਾਰੀ ਤੰਤਰ ਅਕਸਰ ਦਬਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਮੌਕੇ ਆਪਣੀ ਨਿਯੁਕਤੀ ਤੋਂ ਬਾਅਦ ਪ੍ਰੈਸ ਸਕੱਤਰ ਵਰਿੰਦਰ ਸਹਿਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਯੂਨੀਅਨ ਦੀ ਸਮੁੱਚੀ ਹਾਈ ਕਮਾਂਡ ਦਾ, ਸੂਬਾ ਪ੍ਰਧਾਨ ਓਂਕਾਰ ਸਿੰਘ ਬਰਾੜ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁਲਾਰ ਦਾ ਜਿਥੇ ਵਿਸ਼ੇਸ਼ ਧੰਨਵਾਦ ਕੀਤਾ ਉੱਥੇ ਨਾਲ ਹੀ ਇਸ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਵੀ ਦਿਵਾਇਆ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਲਈ ਉਹ ਸੰਘਰਸ਼ੀਲ ਰਹਿਣਗੇ ਤੇ ਯੂਨੀਅਨ ਦਾ ਮਜ਼ਬੂਤ ਪੱਖ ਹਰ ਧਰਾਤਲ ਤੇ ਰੱਖਣਗੇ। ਉਹਨਾਂ ਅੱਗੇ ਕਿਹਾ ਕਿ ਕਈ ਮੁੱਦਿਆਂ ਤੇ ਕਿਸਾਨੀ ਮੰਗਾਂ ਰੱਖਦੇ ਸਮੇਂ ਪੱਖ ਕਮਜ਼ੋਰ ਰਹਿ ਜਾਂਦਾ ਹੈ ਜਿਸ ਕਾਰਨ ਸਰਕਾਰਾਂ ਉਹਨਾਂ ਵੱਲ ਖਾਸ ਤਵੱਜੋ ਨਹੀਂ ਦਿੰਦੀਆਂ, ਜਿਸ ਕਾਰਨ ਬਹੁਤੀਆਂ ਮੰਗਾਂ ਦਬਾ ਦਿੱਤੀਆਂ ਜਾਂਦੀਆਂ ਹਨ ਪਰੰਤੂ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਵੱਲੋਂ ਚੁੱਕੇ ਜਾਂਦੇ ਅਹਿਮ ਕਿਸਾਨੀ ਮੁੱਦਿਆਂ ਕਾਰਨ ਹੀ ਅੱਜ ਮੈਂ ਇਸ ਭਾਰਤੀ ਕਿਸਾਨ ਯੂਨੀਅਨ ਦਾ ਪ੍ਰੈਸ ਸਕੱਤਰ ਦਾ ਅਹੁੱਦਾ ਸੰਭਾਲਣ ਲਈ ਤਿਆਰ ਹੋਇਆ ਹਾਂ। ਮੈਨੂੰ ਖੁਸ਼ੀ ਹੈ ਕਿ ਯੂਨੀਅਨ ਹਾਈ ਕਮਾਂਡ ਨੇ ਜਿੱਥੇ ਮੇਰੇ ਤੇ ਭਰੋਸਾ ਕੀਤਾ ਮੈਂ ਵੀ ਆਪਣੀਆਂ ਸੇਵਾਵਾਂ ਤਨ ਮਨ ਧਨ ਨਾਲ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਇਸ ਮੌਕੇ ਇਹਨਾਂ ਤੋਂ ਇਲਾਵਾ ਪਾਰਟੀ ਹਾਈ ਕਮਾਂਡ ਦੀ ਸੀਨੀਅਰ  ਲੀਡਰਸ਼ਿਪ ਅਤੇ ਯੂਨੀਅਨ ਦੇ ਆਗੂ ਵੀ ਸ਼ਾਮਿਲ ਸਨ।