ਭਵਿੱਖ ਦੇ ਸੁਆਦ ਦਾ ਆਨੰਦ ਮਾਣੋ.



ਲੇਖਕ : ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਚਿਰਾਗ ਪਾਸਵਾਨ ਦੁਆਰਾ

ਕੇਂਦਰੀ ਮੰਤਰੀ ਵਜੋਂ ਸਤੰਬਰ 2024 ਵਿੱਚ ਮੇਰਾ ਪਹਿਲਾ ਵਰਲਡ ਫੂਡ ਇੰਡੀਆ (ਡਬਲਿਊਐੱਫਆਈ) ਮੇਰੇ ਲਈ ਯਾਦਗਾਰ ਅਨੁਭਵ ਰਿਹਾ। ਉਨ੍ਹਾਂ ਚਾਰ ਦਿਨਾਂ ਦੌਰਾਨ, ਮੈਂ ਖੇਤ ਤੋਂ ਲੈ ਕੇ ਭੋਜਨ ਦੀ ਥਾਲੀ ਤੱਕ ਦੇ ਪੂਰੇ ਈਕੋਸਿਸਟਮ : ਆਲਮੀ ਖਰੀਦਦਾਰਾਂ ਨਾਲ ਰਾਜਾਂ ਦੇ ਪਵੇਲੀਅਨ, ਤਕਨਾਲੋਜੀ ਦੇ ਪ੍ਰਦਰਸ਼ਨਾਂ ਦੇ ਨਾਲ-ਨਾਲ ਐੱਫਪੀਓ ਅਤੇ ਐੱਸਐੱਚਜੀ, ਅਤੇ ਨਿਵੇਸ਼ ਐਲਾਨਾਂ ਦੇ ਨਾਲ-ਨਾਲ ਨੀਤੀਗਤ ਸੰਵਾਦ ਨੂੰ–ਇਕੱਠਿਆਂ ਆਉਂਦੇ ਦੇਖਿਆ। ਇਸ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਭਾਰਤ ਨੂੰ ਗਲੋਬਲ ਫੂਡ ਬਾਸਕੇਟ ਬਣਾਉਣ ਦੇ ਇੱਕ ਰਣਨੀਤਕ ਮੰਚ ਵਜੋਂ ਡਬਲਿਊਐੱਫਆਈ ਦੀ ਭੂਮਿਕਾ ਦੀ ਪੁਸ਼ਟੀ ਕੀਤੀ।

ਉਸ ਅਨੁਭਵ ਨੇ 2025 ਦੀ ਰੂਪ-ਰੇਖਾ ਤਿਆਰ ਕੀਤੀ। ਫੂਡ ਪ੍ਰੋਸੈੱਸਿੰਗ ਯੂਨਿਟਾਂ ਦੀਆਂ ਯਾਤਰਾਵਾਂ, ਉਦਯੋਗ ਜਗਤ ਦੇ ਦਿੱਗਜਾਂ ਦੇ ਨਾਲ ਸੰਵਾਦ ਅਤੇ ਗਲਫਫੂਡ (Gulfood-ਖਾੜੀ) ਅਤੇ ਡਬਲਿਊਈਐੱਫ ਵਰਗੇ ਆਲਮੀ ਮੰਚਾਂ ‘ਤੇ ਸ਼ਿਰਕਤ ਨਾਲ ਮੇਰੀ ਇਹ ਧਾਰਨਾ ਹੋਰ ਜ਼ਿਆਦਾ ਪ੍ਰਬਲ ਹੋਈ ਕਿ ਦੂਨੀਆ ਨੂੰ ਭਾਰਤ ਦੀ ਖੇਤੀਬਾੜੀ-ਖੁਰਾਕ ਵਿਭਿੰਨਤਾ ਅਤੇ ਸਮਰੱਥਾਵਾਂ ਨੂੰ ਦੇਖਣ ਦੀ ਲੋੜ ਪਹਿਲਾਂ ਨਾਲੋਂ ਕਿਤੇ ਵੱਧ ਹੈ। ਅਸੀਂ ਅਗਲੇ ਸੰਸਕਰਣ ਨੂੰ ਹੋਰ ਵੀ ਜ਼ਿਆਦਾ ਸਾਹਸੀ ਅਤੇ ਨਤੀਜਾ-ਮੁਖੀ ਬਣਾਉਣ, ਇਨੋਵੇਸ਼ਨ ਨੂੰ ਨਿਵੇਸ਼ ਵਿੱਚ ਬਦਲਣ ਅਤੇ ਭਾਰਤ ਨੂੰ ਭਰੋਸੇਯੋਗ ਆਲਮੀ ਖੁਰਾਕ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨ ਦਾ ਸੰਕਲਪ ਲਿਆ।

ਇਸ ਇੱਛਾ ਨੂੰ ਅਨੁਕੂਲ ਨੀਤੀਗਤ ਸਥਿਤੀਆਂ, ਖਾਸ ਕਰਕੇ ਅਗਲੀ ਪੀੜ੍ਹੀ ਦੇ ਜੀਐੱਸਟੀ ਸੁਧਾਰਾਂ ਦੁਆਰਾ ਬਲ ਮਿਲਿਆ ਹੈ। ਜ਼ਿਆਦਾਤਰ ਪ੍ਰੋਸੈੱਸਡ ਫੂਡ ਪ੍ਰੋਡਕਟਸ 'ਤੇ ਪੰਜ ਜਾਂ ਜ਼ੀਰੋ ਪ੍ਰਤੀਸ਼ਤ ਟੈਕਸ ਲਗਾ ਕੇ, ਇਨ੍ਹਾਂ ਸੁਧਾਰਾਂ ਨੇ ਇਸ ਖੇਤਰ ਲਈ ਇੱਕ ਅਨੁਕੂਲ ਅਤੇ ਪ੍ਰਤੀਯੋਗੀ ਮਾਹੌਲ ਤਿਆਰ ਕੀਤਾ ਹੈ।

ਇਸ ਪਿਛੋਕੜ ਦੇ ਨਾਲ, ਅਸੀਂ 25 ਤੋਂ 28 ਸਤੰਬਰ ਤੱਕ ਡਬਲਿਊਐੱਫਆਈ 2025 ਦੀ ਮੇਜ਼ਬਾਨੀ ਦੇ ਲਈ ਤਿਆਰ ਹਾਂ। ਇਸ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ  ਕਰਨਗੇ, ਜੋ ਇਸ ਖੇਤਰ ਲਈ ਸਰਕਾਰ ਦੀ ਉੱਚ ਪੱਧਰੀ ਤਰਜੀਹ ਨੂੰ ਦਰਸਾਉਂਦਾ ਹੈ। ਇਸ ਐਡੀਸ਼ਨ ਵਿੱਚ ਨਿਊਜ਼ੀਲੈਂਡ ਅਤੇ ਸਊਦੀ ਅਰਬ ਭਾਈਵਾਲ ਦੇਸ਼ ਹੋਣਗੇ, ਜਦਕਿ ਜਾਪਾਨ, ਸੰਯੁਕਤ ਅਰਬ ਅਮੀਰਾਤ (ਯੂਏਈ), ਵੀਅਤਨਾਮ ਅਤੇ ਰੂਸ ਫੋਕਸ ਦੇਸ਼ ਹੋਣਗੇ। ਸਹਿਕਾਰੀ ਸੰਘਵਾਦ ਦੀ ਇੱਕ ਮਜ਼ਬੂਤ ਉਦਾਹਰਣ ਪੇਸ਼ ਕਰਦੇ ਹੋਏ, 21 ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਾਨਕ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਪਵੇਲੀਅਨਾਂ ਨਾਲ ਸਮਾਗਮ ਨੂੰ ਸਮ੍ਰਿੱਧ ਕਰਨਗੇ। ਡਬਲਿਊਐੱਫਆਈ ਪ੍ਰਮੁੱਖ ਪ੍ਰਦਰਸ਼ਨੀਆਂ ਅਤੇ ਬੀ2ਬੀ ਮੰਚਾਂ ਦੇ ਨਾਲ ਹੀ ਨਾਲ, ਐੱਫਐੱਸਐੱਸਏਆਈ (FSSAI) ਦੁਆਰਾ ਤੀਜੀ ਗਲੋਬਲ ਫੂਡ ਰੈਗੂਲੇਟਰਸ ਸਮਿਟ ਅਤੇ ਐੱਸਈਏਆਈ (SEAI) ਦੁਆਰਾ 24ਵੇਂ ਇੰਡੀਆ ਇੰਟਰਨੈਸ਼ਨਲ ਸੀਫੂਡ ਸ਼ੋਅ ਦੀ ਮੇਜ਼ਬਾਨੀ ਕਰੇਗਾ।

ਡਬਲਿਊਐੱਫਆਈ ਪੂਰੀ ਤਰ੍ਹਾਂ ਸਰਕਾਰੀ ਪ੍ਰਣਾਲੀ ਦੀ ਸ਼ਕਤੀ ਨਾਲ ਸੰਚਾਲਿਤ ਹੁੰਦਾ ਹੈ। ਜਿੱਥੇ ਇੱਕ ਪਾਸੇ, ਸਾਡਾ ਮੰਤਰਾਲਾ ਅਗਵਾਈ ਕਰਦਾ ਹੈ, ਉੱਥੇ ਹੀ ਅਸੀਂ ਵੈਲਿਊ ਚੇਨ ਦੇ ਸਾਰੇ ਮੰਤਰਾਲਿਆਂ ਜਿਵੇਂ –ਪਸ਼ੂਪਾਲਣ ਅਤੇ ਡੇਅਰੀ, ਮੱਛੀ ਪਾਲਣ, ਵਣਜ, ਡੀਪੀਆਈਆਈਟੀ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ ਅਤੇ ਪਰਿਵਾਰ ਭਲਾਈ, ਆਯੁਸ਼, ਉੱਤਰ ਪੂਰਬੀ ਖੇਤਰ ਵਿਕਾਸ ਮੰਤਰਾਲਾ ਅਤੇ ਉਨ੍ਹਾਂ ਦੇ ਅਧੀਨ ਏਜੰਸੀਆਂ ਦੇ ਨਾਲ ਮੋਢੇ ਨਾਲ ਮੋਢੇ ਮਿਲਾ ਕੇ ਕੰਮ ਕਰਦੇ ਹਨ ਤਾਂ ਜੋ ਉਤਪਾਦਨ, ਮਿਆਰ, ਵਪਾਰ ਅਤੇ ਨਿਵੇਸ਼ ਆਪਸੀ ਤਾਲਮੇਲ ਨਾਲ ਅੱਗੇ ਵਧ ਸਕਣ।

ਡਬਲਿਊਐੱਫਆਈ ਦਾ ਏਜੰਡਾ ਪੰਜ ਮੁੱਖ ਥੰਮ੍ਹਾਂ: ਸਥਿਰਤਾ ਅਤੇ ਨੈੱਟ-ਜ਼ੀਰੋ ਫੂਡ ਪ੍ਰੋਸੈੱਸਿੰਗ; ਭਾਰਤ ਇੱਕ ਗਲੋਬਲ ਫੂਡ ਪ੍ਰੋਸੈੱਸਿੰਗ ਹੱਬ ਵਜੋਂ; ਫੂਡ ਪ੍ਰੋਸੈੱਸਿੰਗ, ਉਤਪਾਦ ਅਤੇ ਪੈਕੇਜਿੰਗ ਤਕਨਾਲੋਜੀਆਂ ਵਿੱਚ ਮੋਹਰੀ; ਪੋਸ਼ਣ ਅਤੇ ਸਿਹਤ ਲਈ ਪ੍ਰੋਸੈੱਸਡ ਫੂਡ; ਗ੍ਰਾਮੀਣ ਅਰਥਵਿਵਸਥਾ ਨੂੰ ਗਤੀ ਦੇਣ ਵਾਲੇ ਪਸ਼ੂਧਨ ਅਤੇ ਸਮੁੰਦਰੀ ਉਤਪਾਦ ‘ਤੇ ਅਧਾਰਿਤ ਹੈ। ਹਰੇਕ ਥੰਮ੍ਹ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਸੈਸ਼ਨਾਂ, ਬੀ2ਬੀ ਮੀਟਿੰਗਾਂ, ਅਤੇ ਅਪਣਾਉਣ ਦੇ ਤਰੀਕਿਆਂ ਨਾਲ ਜੋੜਿਆ ਗਿਆ ਹੈ ਤਾਂ ਜੋ ਭਾਗੀਦਾਰੀ ਨੂੰ ਚਰਚਾ ਤੋਂ ਲਾਗੂ ਕਰਨ ਤੱਕ ਵਧਾਇਆ ਜਾ ਸਕੇ।

ਪੀਐੱਮਐੱਫਐੱਮਈ ਲਘੂ ਉੱਦਮੀਆਂ ਦੀ ਜ਼ਿਕਰਯੋਗ ਸਫ਼ਲਤਾ ਡਬਲਿਊਐੱਫਆਈ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਮੁਫ਼ਤ ਸਟਾਲ ਉਨ੍ਹਾਂ ਨੂੰ ਸਮਾਗਮ ਦੇ ਕੇਂਦਰ ਵਿੱਚ ਬਣਾਏ ਰੱਖਦੇ ਹਨ, ਜਿਸ ਨਾਲ ਉਨ੍ਹਾਂ ਦਾ ਘਰੇਲੂ ਅਤੇ ਆਲਮੀ ਦਿੱਗਜ਼ਾਂ ਨਾਲ ਜੁੜਨਾ ਸੰਭਵ ਹੁੰਦਾ ਹੈ। ਉਨ੍ਹਾਂ ਦੀ ਭਾਈਵਾਲੀ ਨਾਲ ਕਰੋੜਾਂ ਦੇ ਵਪਾਰਕ ਆਰਡਰ ਅਤੇ ਸਥਾਈ ਸਾਂਝੇਦਾਰੀਆਂ ਪ੍ਰਾਪਤ ਹੋਈਆਂ ਹਨ। ਇਸ ਵਰ੍ਹੇ ਵੀ ਕਈ ਉੱਦਮੀ ਵਾਪਸ ਆ ਰਹੇ ਹਨ, ਕਿਉਂਕਿ ਅਸੀਂ ਮਾਣ ਨਾਲ ਭਾਰਤ ਦੇ ਸਭ ਤੋਂ ਛੋਟੇ ਉੱਦਮੀਆਂ ਲਈ ਵੀ ਇੱਕੋ ਜਿਹੇ ਮੌਕੇ ਯਕੀਨੀ ਬਣਾਉਂਦੇ ਹਾਂ।

ਡਬਲਿਊਐੱਫਆਈ ਦਾ ਇੱਕ ਮੁੱਖ ਆਕਰਸ਼ਣ ਸੀਈਓ ਗੋਲਮੇਜ਼ ਚਰਚਾ ਹੈ, ਜਿੱਥੇ ਉਦਯੋਗ ਜਗਤ ਦੇ ਦਿੱਗਜ, ਨਿਵੇਸ਼ਕ ਅਤੇ ਨੀਤੀ ਨਿਰਮਾਤਾ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਖੇਤਰੀ ਚੁਣੌਤੀਆਂ ਨੂੰ ਹੱਲ ਕਰਨ ਲਈ ਰਣਨੀਤਕ ਸੰਵਾਦ ਵਿੱਚ ਹਿੱਸਾ ਲੈਂਦੇ ਹਨ। ਜ਼ਿਕਰਯੋਗ ਹੈ ਕਿ 2024 ਵਿੱਚ ਚੁੱਕੇ ਗਏ GST ਸਬੰਧੀ ਮੁੱਦਿਆਂ ਨੇ ਅਗਲੀ ਪੀੜ੍ਹੀ ਦੇ ਇੱਥੇ GST-ਸਬੰਧਿਤ ਸੁਧਾਰਾਂ ਨੂੰ ਜਨਮ ਦਿੱਤਾ, ਜੋ ਸਾਡੀ ਸਰਕਾਰ ਦੇ ਸਲਾਹਕਾਰ ਅਤੇ ਜਵਾਬਦੇਹ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ।
ਸਹੀ ਮਾਇਨਿਆਂ ਵਿੱਚ ਸੰਪੂਰਨ ਹੋਣ ਲਈ, WFI ਸਾਰੇ ਹਿੱਸੇਦਾਰਾਂ ਨੂੰ ਸ਼ਾਮਲ ਕਰਦਾ ਹੈ, ਜਿਸ ਵਿੱਚ ਹੋਰੇਕਾ (HORECA) ਅਤੇ ਅਲਕੋਬੇਵ (Alcobev) ਖੇਤਰ ਸ਼ਾਮਲ ਹਨ, ਅਤੇ ਸਾਰੇ ਉਪ-ਖੇਤਰਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਦਾ ਹੈ। ਅਸੀਂ ਜੈਵਿਕ ਅਤੇ ਟਿਕਾਊ ਉਤਪਾਦਾਂ ਨਾਲ ਭਰਪੂਰ ਆਪਣੇ ਉੱਤਰ-ਪੂਰਬੀ ਖੇਤਰ ਨੂੰ ਵੀ ਉਜਾਗਰ ਕਰ ਰਹੇ ਹਾਂ। ਇਸ ਦਾ ਪਵੇਲੀਅਨ ਅਸਾਮ ਦੀ ਚਾਹ ਤੋਂ ਲੈ ਕੇ ਮੇਘਾਲਿਆ ਦੀ ਹਲਦੀ ਤੱਕ ਹਰ ਚੀਜ਼ ਦਾ ਪ੍ਰਦਰਸ਼ਨ ਕਰੇਗਾ, ਜੋ ਕਿ ਉੱਤਰ-ਪੂਰਬ ਨੂੰ ਵਿਸ਼ਵ ਪੱਧਰ 'ਤੇ ਭਾਰਤੀ ਜੈਵਿਕ ਬ੍ਰਾਂਡਾਂ ਲਈ ਇੱਕ ਲਾਂਚਪੈਡ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਡਬਲਿਊਐੱਫਆਈ ਦੀ ਭਰੋਸੇਯੋਗਤਾ ਇਸ ਦੀ ਕੰਮ ਦੇ ਪ੍ਰਦਰਸ਼ਨ 'ਤੇ ਅਧਾਰਿਤ ਹੈ। 2017 ਤੋਂ, ਇਸ ਨੇ ₹38,000 ਕਰੋੜ ਤੋਂ ਵੱਧ ਦਾ ਨਿਵੇਸ਼ ਹਾਸਲ ਕੀਤਾ ਹੈ। 2024 ਦੇ ਐਡੀਸ਼ਨ ਵਿੱਚ 1,500 ਤੋਂ ਵੱਧ ਪ੍ਰਦਰਸ਼ਕ ਅਤੇ 20 ਕੰਟ੍ਰੀ ਪਵੇਲੀਅਨ ਸ਼ਾਮਲ ਹੋਏ ਸਨ, ਜਿਸ ਨਾਲ 93 ਮਿਲੀਅਨ ਡਾਲਰ ਦੇ ਵਪਾਰਕ ਆਰਡਰ ਮਿਲੇ। 50 ਤੋਂ ਵੱਧ ਨਵੀਆਂ ਪ੍ਰੋਸੈੱਸਿੰਗ ਯੂਨਿਟਾਂ ਦਾ ਉਦਘਾਟਨ ਕੀਤਾ ਗਿਆ, 25,000 ਸੂਖਮ-ਉੱਦਮਾਂ ਨੂੰ ਸਬਸਿਡੀ ਦਿੱਤੀ ਗਈ, ਅਤੇ ₹245 ਕਰੋੜ ਦੇ ਸ਼ੁਰੂਆਤੀ ਨਿਵੇਸ਼ ਨਾਲ 70,000 ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਮਦਦ ਮਿਲੀ। 1,100 ਤੋਂ ਵੱਧ QR-ਕੋਡ ਵਾਲੀਆਂ ਆਚਾਰ ਦੀਆਂ ਕਿਸਮਾਂ ਵਾਲੀ ਇੱਕ ਵਾਲ (ਦੀਵਾਰ) ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ, ਛੋਟੇ ਉਤਪਾਦਕਾਂ ਲਈ ਸਿੱਧੀ ਮਾਰਕੀਟ ਪਹੁੰਚ ਨੂੰ ਦਰਸਾਉਂਦੀ ਹੈ। ਇਹ ਉਪਲਬਧੀਆਂ ਡਬਲਿਊਐੱਫਆਈ ਨੂੰ ਨਿਵੇਸ਼, ਨਵੀਨਤਾ ਅਤੇ ਸਮਾਵੇਸ਼ੀ ਵਿਕਾਸ ਦੇ ਇੱਕ ਟਿਕਾਊ ਇੰਜਣ ਦੇ ਰੂਪ ਵਿੱਚ ਰੇਖਾਂਕਿਤ ਕਰਦੀਆਂ ਹਨ।

ਡਬਲਿਊਐੱਫਆਈ ਲਈ ਸਭ ਤੋਂ ਮਜ਼ਬੂਤ ਸਮਰਥਨ ਖੁਦ ਉਦਯੋਗ ਤੋਂ ਹੀ ਮਿਲਦਾ ਹੈ। ਪ੍ਰਦਰਸ਼ਨੀ ਲਈ ਬੁੱਕ ਕੀਤਾ ਗਿਆ ਕੁੱਲ ਖੇਤਰ 43% ਵਧ ਕੇ, ਇੱਕ ਸਾਲ ਵਿੱਚ 70,000 ਵਰਗ ਮੀਟਰ ਤੋਂ ਵਧ ਕੇ 1 ਲੱਖ ਵਰਗ ਮੀਟਰ ਹੋ ਗਿਆ ਹੈ, ਜੋ ਕਿ ਵਿਕਾਸ ਅਤੇ ਸਾਂਝੇਦਾਰੀ ਲਈ ਬਜ਼ਾਰ ਦੇ ਇਸ ਪਲੈਟਫਾਰਮ ਵਿੱਚ ਅਥਾਹ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਵਰਲਡ ਫੂਡ ਇੰਡੀਆ 2025 ਇੱਕ ਸਰਲ ਤਰਕ: ਹੁਣ ਨਵੀਨਤਾ, ਨਿਵੇਸ਼ ਅਤੇ ਮਿਆਰਾਂ ਨਾਲ ਮਿਲਦੀ ਹੈ, ਤਾਂ ਸਮ੍ਰਿੱਧੀ ਆਪਣੇ ਆਪ ਆਉਂਦੀ ਹੈ- ਨੂੰ ਸਾਕਾਰ ਕਰਦਾ ਹੈ। ਇਹ ਉਹੀ ਥਾਂ ਹੈ, ਜਿੱਥੇ ਇੱਕ ਸਟਾਰਟਅੱਪ ਅੰਤਰਰਾਸ਼ਟਰੀ ਨਿਵੇਸ਼ਕਾਂ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰ ਸਕਦਾ ਹੈ, ਇੱਕ ਐੱਸਐੱਚਜੀ ਆਰਗੈਨਿਕ ਆਚਾਰ ਦੇ ਲਈ ਖਰੀਦਦਾਰ ਲੱਭ ਸਕਦਾ ਹੈ, ਅਤੇ ਰਾਜ ਬਹੁਰਾਸ਼ਟਰੀ ਪਲਾਂਟਾਂ ਨੂੰ ਆਕਰਸ਼ਿਤ ਕਰ ਸਕਦੇ ਹਨ। ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ, ਭਾਰਤ ਦੀ ਖੁਰਾਕ ਵਿਭਿੰਨਤਾ ਹਰੇਕ ਆਲਮੀ ਨਿਵੇਸ਼ਕ ਲਈ ਲਾਭਅੰਸ਼ ਹੈ। ਫੂਡ ਪ੍ਰੋਸੈੱਸਿੰਗ ਹੀ ਉਹ ਕੜੀ ਹੈ, ਜੋ ਇਸ ਸਮਰੱਥਾ ਨੂੰ ਰੁਜ਼ਗਾਰ, ਕਿਸਾਨਾਂ ਲਈ ਬਿਹਤਰ ਆਮਦਨ ਅਤੇ ਵਧੇਰੇ ਵੈਲਿਊ –ਐਡਿਡ ਐਕਸਪੋਰਟ ਬਾਸਕੇਟ ਵਿੱਚ ਬਦਲਦੀ ਹੈ।

ਸਾਰੇ ਪਾਠਕਾਂ, ਹਿਤਧਾਰਕਾਂ ਅਤੇ ਸ਼ੁਭਚਿੰਤਕਾਂ ਲਈ: ਵਰਲਡ ਫੂਡ ਇੰਡੀਆ 2025 ਵਿੱਚ ਸਾਡੇ ਨਾਲ ਜੁੜੋ ਅਤੇ ਇਸ ਗੱਲ ਦੇ ਗਵਾਹ ਬਣੋ- ਕਿ ਕਿਸ ਤਰ੍ਹਾਂ ਨਾਲ 1.4 ਬਿਲੀਅਨ ਆਬਾਦੀ ਵਾਲਾ ਰਾਸ਼ਟਰ ਤਕਨੀਕ, ਨਵੀਨਤਾ ਅਤੇ ਸਮਰਪਣ ਨਾਲ ‘ਸਮ੍ਰਿੱਧੀ ਲਈ ਪ੍ਰੋਸੈੱਸਿੰਗ’ ਕਰ ਰਿਹਾ ਹੈ। ਤਾਂ ਤਿਆਰ ਹੋ ਜਾਓ, ਇੱਕ ਅਜਿਹੇ ਆਯੋਜਨ ਦੇ ਲਈ –ਜਿੱਥੇ ਸਾਹਸੀ ਦ੍ਰਿਸ਼ਟੀਕੋਣ ਅਤੇ ਸ਼ਾਨਦਾਰ ਸੁਆਦ ਮਿਲ ਕੇ ਸੰਭਾਵਨਾਵਾਂ ਦੀ ਇੱਕ ਨਵੀਂ ਦੁਨੀਆ ਨੂੰ ਪ੍ਰੇਰਿਤ ਕਰਦੇ ਹਨ।  
****
 (ਲੇਖਕ ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਹਨ। ਇਹ ਲੇਖਕ ਦੇ ਨਿਜੀ ਵਿਚਾਰ ਹਨ।)