50 ਕ੍ਰੋੜ ਦੀ ਲਾਗਤ ਵਾਲੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ .

ਪੱਛਮੀ ਕਮਾਨ ਦੇ ਰੱਖਿਆ ਅਸਾਸਿਆਂ ਬਾਰੇ ਪ੍ਰਿੰਸੀਪਲ ਡਾਇਰੈਕਟੋਰੇਟ ਅਤੇ ਚੰਡੀਗੜ੍ਹ ਸਰਕਲ ਦੇ ਰੱਖਿਆ ਅਸਾਸੇ ਦਫ਼ਤਰ ਦੇ ਦਫ਼ਤਰੀ ਅਤੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ

ਇਹ ਪ੍ਰੋਜੈਕਟ ਲਗਭਗ ₹50 ਕਰੋੜ ਦੀ ਅਨੁਮਾਨਤ ਲਾਗਤ ਨਾਲ 4.14 ਏਕੜ ਵਿੱਚ ਬਣਾਇਆ ਜਾਵੇਗਾ

ਚੰਡੀਗੜ੍ਹ/ਪੰਚਕੂਲਾ, 23 ਸਤੰਬਰ, 2025: ਪੱਛਮੀ ਕਮਾਨ ਦੇ ਰੱਖਿਆ ਅਸਾਸਿਆਂ ਬਾਰੇ ਪ੍ਰਿੰਸੀਪਲ ਡਾਇਰੈਕਟੋਰੇਟ (ਪੀਡੀਡੀਈ) ਅਤੇ ਚੰਡੀਗੜ੍ਹ ਸਰਕਲ ਦੇ ਰੱਖਿਆ ਅਸਾਸੇ ਦਫ਼ਤਰ ਦੇ ਦਫ਼ਤਰੀ ਅਤੇ ਰਿਹਾਇਸ਼ੀ ਕੰਪਲੈਕਸ ਦਾ ਨੀਂਹ ਪੱਥਰ ਅੱਜ 23 ਸਤੰਬਰ, 2025 ਨੂੰ ਪੰਚਕੂਲਾ ਦੇ ਚੰਡੀਮੰਦਰ ਵਿਖੇ ਸ਼੍ਰੀ ਸੈਲੇਂਦਰ ਨਾਥ ਗੁਪਤਾ, ਆਈਡੀਐੱਸਈ, ਰੱਖਿਆ ਅਸਾਸਿਆਂ ਦੇ ਡਾਇਰੈਕਟਰ ਜਨਰਲ (ਡੀਜੀਡੀਈ) ਵਲੋਂ ਰੱਖਿਆ ਗਿਆ। ਇਸ ਸਮਾਗਮ ਵਿੱਚ ਸ਼੍ਰੀਮਤੀ ਸ਼ੋਭਾ ਗੁਪਤਾ, ਆਈਡੀਐੱਸਈ, ਪ੍ਰਿੰਸੀਪਲ ਡਾਇਰੈਕਟਰ, ਰੱਖਿਆ ਅਸਾਸੇ (ਪੀਡੀਡੀਈ), ਪੱਛਮੀ ਕਮਾਨ ਨੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਉਦਘਾਟਨੀ ਤਖ਼ਤੀ ਤੋਂ ਪਰਦਾ ਹਟਾਉਣ ਦੀ ਰਸਮ ਵੀ ਅਦਾ ਕੀਤੀ।

ਨੀਂਹ ਪੱਥਰ ਸਮਾਗਮ ਤੋਂ ਬਾਅਦ, ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਊਡੀ) ਦੇ ਸੀਨੀਅਰ ਅਧਿਕਾਰੀਆਂ ਨੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਜੋ ਕਿ ਲਗਭਗ ₹50 ਕਰੋੜ ਦੀ ਅੰਦਾਜ਼ਨ ਲਾਗਤ ਨਾਲ 4.14 ਏਕੜ ਜ਼ਮੀਨ 'ਤੇ ਇਸ ਪ੍ਰੋਜੈਕਟ ਨੂੰ ਅਮਲ ਵਿੱਚ ਲਿਆ ਰਿਹਾ ਹੈ। ਸ਼ਹਿਰੀ ਯੋਜਨਾਬੰਦੀ ਅਤੇ ਸਥਿਰਤਾ ਦੇ ਸਾਰੇ ਮਿਆਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਫ਼ਤਰ ਦੀ ਇਮਾਰਤ, ਰਿਹਾਇਸ਼ੀ ਕੰਪਲੈਕਸ ਅਤੇ ਅਸਥਾਈ ਰਿਹਾਇਸ਼ ਦੀ ਯੋਜਨਾ ਬਣਾਈ ਗਈ ਹੈ। ਇਹ ਅਭਿਲਾਸ਼ੀ ਪ੍ਰੋਜੈਕਟ ਪੱਛਮੀ ਕਮਾਨ ਦੇ ਰੱਖਿਆ ਅਸਾਸੇ ਅਮਲੇ ਲਈ ਮਹੱਤਵਪੂਰਨ ਬੁਨਿਆਦੀ ਢਾਂਚੇ ਦੀ ਘਾਟ ਨੂੰ ਪੂਰਾ ਕਰੇਗਾ, ਉੱਚ ਕਿਰਾਏ ਦੀਆਂ ਲਾਗਤਾਂ ਨੂੰ ਘਟਾਏਗਾ, ਅਤੇ ਸੰਚਾਲਨ ਉਤਪਾਦਕਤਾ, ਭਲਾਈ ਅਤੇ ਜੀਵਨ ਦੀ ਗੁਣਵੱਤਾ ਨੂੰ ਵਧਾਏਗਾ। ਇਸ ਪ੍ਰੋਜੈਕਟ ਦੇ ਦੋ ਸਾਲਾਂ ਦੇ ਅੰਦਰ ਪੂਰਾ ਹੋਣ ਦੀ ਉਮੀਦ ਹੈ।

ਪੱਛਮੀ ਕਮਾਨ ਦਾ ਰੱਖਿਆ ਅਸਾਸਿਆਂ ਦਾ ਪ੍ਰਿੰਸੀਪਲ ਡਾਇਰੈਕਟੋਰੇਟ, ਹਥਿਆਰਬੰਦ ਫੌਜਾਂ ਲਈ ਰਣਨੀਤਕ ਤੌਰ 'ਤੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਪੱਛਮੀ ਕਮਾਨ ਵਿੱਚ ਰੱਖਿਆ ਭੂਮੀ ਪ੍ਰਬੰਧਨ ਅਤੇ ਛਾਉਣੀ ਪ੍ਰਸ਼ਾਸਨ ਲਈ ਜ਼ਿੰਮੇਵਾਰ ਹੈ। ਇਸਦਾ ਅਧਿਕਾਰ ਖੇਤਰ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ, ਚੰਡੀਗੜ੍ਹ ਅਤੇ ਜੰਮੂ ਅਤੇ ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੱਕ ਫੈਲਿਆ ਹੋਇਆ ਹੈ। ਇਹ ਨਵਾਂ ਬੁਨਿਆਦੀ ਢਾਂਚਾ ਇਨ੍ਹਾਂ ਸਾਰੇ ਖੇਤਰਾਂ ਵਿੱਚ ਰੱਖਿਆ ਅਸਾਸੇ ਕਾਰਜਾਂ ਨੂੰ ਹੋਰ ਵੀ ਅਸਰਦਾਰ ਢੰਗ ਨਾਲ ਚਲਾਉਣ ਵਿੱਚ ਸਹਾਇਤਾ ਕਰੇਗਾ।

ਆਪਣੇ ਸੰਬੋਧਨ ਵਿੱਚ, ਡੀਜੀਡੀਈ ਸ਼੍ਰੀ ਸੈਲੇਂਦਰ ਨਾਥ ਗੁਪਤਾ ਨੇ ਰੱਖਿਆ ਮੰਤਰਾਲੇ ਅਤੇ ਫੌਜ ਦੇ ਪੱਛਮੀ ਕਮਾਨ ਦੇ ਮੁੱਖ ਦਫਤਰ ਦਾ ਇਸ ਜ਼ਰੂਰੀ ਬੁਨਿਆਦੀ ਢਾਂਚੇ ਦੀ ਜ਼ਰੂਰਤ ਨੂੰ ਪਛਾਣਨ ਅਤੇ ਸਮੇਂ ਸਿਰ ਪ੍ਰਵਾਨਗੀਆਂ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੀਡੀਡੀਈ, ਪੱਛਮੀ ਕਮਾਨ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਦੀ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਮਿਹਨਤ ਕਾਰਨ ਇਹ ਸਫਲ ਨਤੀਜਾ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅਧਿਕਾਰੀਆਂ ਅਤੇ ਆਲਮੀ ਵਿੱਚ ਬਿਹਤਰ ਕਾਰਜਸ਼ੀਲਤਾ ਅਤੇ ਸਿਖਰ ਤਾਲਮੇਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ਼ ਮੌਜੂਦਾ ਚੁਣੌਤੀਆਂ ਨੂੰ ਹੱਲ ਕਰੇਗਾ ਬਲਕਿ ਭਵਿੱਖ ਦੀਆਂ ਲੋੜਾਂ ਲਈ ਇੱਕ ਮਜ਼ਬੂਤ ਬੁਨਿਆਦ ਵੀ ਬਣਾਏਗਾ।

ਪ੍ਰਧਾਨ ਨਿਰਦੇਸ਼ਕ ਸ਼੍ਰੀਮਤੀ ਸ਼ੋਭਾ ਗੁਪਤਾ ਨੇ ਇਸ ਮੌਕੇ 'ਤੇ ਚਾਨਣਾ ਪਾਉਂਦਿਆਂ ਜ਼ਿਕਰ ਕੀਤਾ ਕਿ ਸ਼ਿਮਲਾ ਤੋਂ ਚੰਡੀਗੜ੍ਹ ਤਬਦੀਲ ਹੋਣ ਤੋਂ ਬਾਅਦ, ਵਿਭਾਗ ਲਗਭਗ ਚਾਰ ਦਹਾਕਿਆਂ ਤੋਂ ਵੱਖ-ਵੱਖ ਥਾਵਾਂ 'ਤੇ ਅਸਥਾਈ ਦਫਤਰਾਂ ਤੋਂ ਕੰਮ ਕਰ ਰਿਹਾ ਸੀ। ਹਾਲਾਂਕਿ ਵਰਤਮਾਨ ਵਿੱਚ ਕੇਂਦਰੀ ਸਦਨ ਵਿੱਚ ਸਥਿਤ ਹੈ, ਉਨ੍ਹਾਂ ਨੇ ਕੁਸ਼ਲ ਕੰਮ ਕਰਨ ਲਈ ਲੋੜੀਂਦੀ ਜਗ੍ਹਾ ਦੀ ਘਾਟ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਸਵਾਗਤਯੋਗ ਖ਼ਬਰ ਸਾਂਝੀ ਕੀਤੀ ਕਿ ਦਫ਼ਤਰ ਨੂੰ ਹੁਣ 4 ਏਕੜ ਦਾ ਸਥਾਨ ਅਲਾਟ ਕੀਤਾ ਗਿਆ ਹੈ, ਜੋ ਸਾਰੀਆਂ ਇਕਾਈਆਂ ਨੂੰ ਇੱਕ ਕੈਂਪਸ ਵਿੱਚ ਏਕੀਕਰਨ ਦੇ ਯੋਗ ਬਣਾਏਗਾ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਦਫ਼ਤਰੀ ਪ੍ਰਕਿਰਿਆਵਾਂ ਅਤੇ ਕਰਮਚਾਰੀਆਂ ਦੀ ਕੁਸ਼ਲਤਾ ਲਈ ਬਹੁਤ ਮਹੱਤਵਪੂਰਨ ਅਤੇ ਲਾਭਦਾਇਕ ਸਾਬਤ ਹੋਵੇਗੀ। ਉਨ੍ਹਾਂ ਨੇ ਇਸ ਨਵੀਂ ਸਹੂਲਤ ਤੋਂ ਉਮੀਦ ਅਨੁਸਾਰ ਕਾਰਜ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ 'ਤੇ ਡੂੰਘੀ ਸੰਤੁਸ਼ਟੀ ਪ੍ਰਗਟ ਕੀਤੀ।

ਇਸ ਸ਼ੁਭ ਮੌਕੇ 'ਤੇ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਅਧਿਕਾਰੀਆਂ ਨੇ ਬੂਟੇ ਵੀ ਲਗਾਏ। ਇਸ ਮਹੱਤਵਪੂਰਨ ਸਮਾਗਮ ਵਿੱਚ ਫੌਜ, ਰੱਖਿਆ ਲੇਖਾ ਅਤੇ ਰੱਖਿਆ ਅਸਾਸੇ ਵਿਭਾਗ ਦੇ ਅਧਿਕਾਰੀ, ਪ੍ਰਿੰਸੀਪਲ ਡਾਇਰੈਕਟੋਰੇਟ ਅਤੇ ਰੱਖਿਆ ਅਸਾਸੇ ਦਫ਼ਤਰ ਚੰਡੀਗੜ੍ਹ ਦੇ ਅਮਲੇ ਅਤੇ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਸਾਰੇ ਹਾਜ਼ਰ ਅਧਿਕਾਰੀਆਂ ਨੇ ਪ੍ਰੋਜੈਕਟ ਦੀ ਸਫਲਤਾ ਲਈ ਆਪਣੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਇਸ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਚਨਬੱਧਤਾ ਪ੍ਰਗਟਾਈ।