ਮਿਹਨਤ ਦਾ ਬੂਟਾ .

ਕੀ ਪਤਾ ਚਮਕ ਆਵੇ ਕਿਸਮਤ ਮੇਰੀ ਵੀ 

ਜ਼ਰਾ ਮੈ ਵੀ ਮੱਥਾ ਘਸਾ ਕੇ ਤਾਂ ਵੇਖਾਂ। 

ਕੀ ਪਤਾ ਮੰਨ ਜਾਵੇ ਮਿਹਨਤ ਦੇ ਬਦਲੇ

ਤਕਦੀਰ ਜਿਹੜੀ ਰੁੱਸੀ ਮਨਾਕੇ ਤਾਂ ਵੇਖਾਂ। 

ਵਕਤ ਨੂੰ ਪਾਕੇ ਸਬਰਾਂ ਦਾ ਪਾਣੀ

ਮਿਹਨਤ ਦਾ ਬੂਟਾ ਵਧਾ ਕੇ ਤਾਂ ਵੇਖਾਂ। 

ਲੱਗਣਗੇ ਜਿਹੜੇ ਵੀ ਫਲ ਫੁੱਲ ਇਸਨੂੰ

ਉਹਦੇ ਨਾਲ ਜਿੰਦਗੀ ਸਜਾ ਕੇ ਤਾਂ ਵੇਖਾਂ। 

ਮੱਥੇ ਤੋਂ ਵਹਾ ਕੇ ਪਸੀਨੇ ਦਾ ਪਾਣੀ

ਧਰਤੀ ਦੀ ਪਿਆਸ ਬੁਝਾ ਕੇ ਤਾਂ ਵੇਖਾਂ। 

ਚਿਰਾਂ ਤੋਂ ਪਿਆ ਜੋ ਹਨੇਰਾ ਏ ਇੱਥੇ

ਉੱਦਮ ਦਾ ਸੂਰਜ ਉਗਾ ਕੇ ਤਾਂ ਵੇਖਾਂ। 

ਜਗਮਗ ਹੋਵੇ ਜਿਸ ਨਾਲ ਉਹ ਚਾਨਣ

ਜਿੰਦਗੀ ਦੇ ਵਿਹੜੇ ਲਿਆ ਕੇ ਤਾਂ ਵੇਖਾਂ। 

ਕਿਆ ਪਤਾ ਚਮਕ ਆਵੇ ਕਿਸਮਤ ਮੇਰੀ ਵੀ 

ਜ਼ਰਾ ਮੈਂ ਵੀ ਮੱਥਾ ਘਸਾ ਕੇ ਤਾਂ ਵੇਖਾਂ। 

       - -ਗੁਰਵੀਰ ਸਿਆਣ- -