DM ਵੱਲੋਂ ਕੰਬਾਈਨਾਂ ਦੀ ਵਰਤੋਂ ਬਾਰੇ ਹੁਕਮ ਜਾਰੀ .

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਹੁਕਮ ਜਾਰੀ

- ਹਾਰਵੈਸਟਰ ਕੰਬਾਇਨ ਦੀ ਵਰਤੋਂ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਵਰਦੀਨੈਸ ਇੰਸਪੈਕਸ਼ਨ ਵੀ ਲਾਜ਼ਮੀ

ਲੁਧਿਆਣਾ, 26 ਸਤੰਬਰ (ਵਾਸੂ ਜੇਤਲੀ) - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਹਿਮਾਂਸ਼ੂ ਜੈਨ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੀ ਹਦੂਦ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜਨ ਸ਼ੁਰੂ ਹੋਣ ਦੇ ਨਾਲ-ਨਾਲ, ਆਮ ਤੌਰ ਤੇ ਇਹ ਵੇਖਣ ਵਿੱਚ ਆਇਆ ਹੈ ਕਿ ਝੋਨੇ ਦੀ ਕਟਾਈ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਰਾਤ ਸਮੇਂ ਕੰਬਾਇਨਾਂ ਚੱਲਣ ਨਾਲ ਜਾਨੀ-ਮਾਲੀ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਕਰਦੀਆਂ ਹਨ ਜਿਸ ਨਾਲ ਝੋਨੇ ਦੀ ਗੁਣਵੱਤਾ ਦਾ ਮਿਆਰ ਡਿੱਗ ਜਾਂਦਾ ਹੈ।

ਕੰਬਾਇਨਾਂ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਵੀ ਝੋਨੇ ਦੀ ਕੁਆਲਟੀ ਪ੍ਰਭਾਵਿਤ ਹੁੰਦੀ ਹੈ ਸਿੱਟੇ ਵਜੋਂ ਖਰੀਦ ਏਜੰਸੀਆਂ ਝੋਨੇ ਦੀ ਖਰੀਦ ਕਰਨ ਤੋਂ ਝਿੱਜਕਦੀਆਂ ਹਨ ਜਿਸ ਨਾਲ ਜਿੱਥੇ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ, ਉੱਥੇ ਸਿੱਧਾ ਅਸਰ ਦੇਸ਼ ਦੇ ਉਤਪਾਦਨ 'ਤੇ ਵੀ ਪੈਂਦਾ ਹੈ। ਝੋਨਾ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ, ਜਿਸ ਨਾਲ ਅਮਨ ਤੇ ਕਾਨੂੰਨ ਭੰਗ ਹੋਣ ਦੀ ਸਥਿਤੀ ਉਤਪੰਨ ਹੁੰਦੀ ਹੈ।

ਉਪਰੋਕਤ ਸਥਿਤੀ ਨੂੰ ਮੁੱਖ ਰੱਖਦਿਆਂ ਜ਼ਿਲ੍ਹਾਂ ਮੈਜਿਸਟਰੇਟ ਲੁਧਿਆਣਾ ਵਲੋਂ ਜਿਲ੍ਹਾ ਲੁਧਿਆਣਾ ਅੰਦਰ ਸਮਾਂ ਸ਼ਾਮ 06.00 ਵਜੇ ਤੋਂ ਸਵੇਰੇ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ 'ਤੇ ਪਾਬੰਦੀ ਲਗਾਈ ਗਈ ਹੈ।

ਇਸ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ ਅੰਦਰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਹਾਰਵੈਸਟਰ ਕੰਬਾਇਨ ਦੀ ਵਰਤੋਂ ਕਰਨ ਤੋਂ ਪਹਿਲਾਂ ਇਸਦੀ ਖੇਤੀਬਾੜੀ ਵਿਭਾਗ ਰਾਹੀਂ ਅਪਰੇਸ਼ਨ ਵਰਦੀਨੈਸ ਇੰਸਪੈਕਸ਼ਨ ਕਰਵਾਈ ਜਾਵੇ, ਕੋਈ ਵੀ ਕੰਬਾਇਨ ਸੁਪਰ ਐਸ.ਐਮ.ਐਸ. ਤੋਂ ਬਗੈਰ ਨਾ ਵਰਤੀ ਜਾਵੇ ਅਤੇ ਨਿਰਧਾਰਤ ਸਮੇਂ ਵਿੱਚ ਹੀ ਝੋਨੇ ਦੀ ਕਟਾਈ ਕੀਤੀ ਜਾਵੇ।

ਜ਼ਿਲ੍ਹਾ ਮੈਜਿਸਟਰੇਟ ਨੇ ਸਪੱਸ਼ਟ ਕੀਤਾ ਕਿ ਜੇਕਰ ਕਿਸਾਨਾਂ ਵਲੋਂ ਸ਼ਾਮ 6 ਵਜੇ ਤੋਂ ਬਾਅਦ ਜਾਂ ਸਵੇਰੇ 10.00 ਵਜੇ ਤੋਂ ਪਹਿਲਾਂ ਝੋਨੇ ਕਟਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੇ ਨਾਲ–ਨਾਲ ਕੰਬਾਇਨ ਵੀ ਜ਼ਬਤ ਕਰ ਲਈ ਜਾਵੇਗੀ ।