ਮੇਲਾ ਖੂਨਦਾਨੀਆਂ ਦਾ.

ਨੇਕੀ ਫਾਉਂਡੇਸ਼ਨ ਨੇ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਲਗਾਇਆ ਮੇਲਾ ਖੂਨਦਾਨੀਆਂ ਦਾ*

ਬੁਢਲਾਡਾ 28 ਸਤੰਬਰ (    ਅਮਨ ਮਹਿਤਾ) ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮਦਿਨ ਮੌਕੇ ਜ਼ਿਲ੍ਹੇ ਦੀਆਂ ਸਮੂਹ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ "ਮੇਲਾ ਖੂਨਦਾਨੀਆਂ ਦਾ" ਸਿਰਲੇਖ ਹੇਠ ਇੱਕ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਕੀਤਾ, ਜਿੱਥੇ 367 ਖੂਨਦਾਨੀਆਂ ਨੇ ਪਹੁੰਚਕੇ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਖੂਨਦਾਨ ਕੀਤਾ ਅਤੇ ਸ਼ਹੀਦ ਦਾ ਜਨਮਦਿਨ ਮਨਾਇਆ। ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਵਧ ਚੜ੍ਹਕੇ ਹਿੱਸਾ ਲਿਆ। ਗੱਲਬਾਤ ਕਰਦਿਆਂ ਟੀਮ ਨੇਕੀ ਨੇ ਦੱਸਿਆ ਕਿ ਇਹ ਉਹਨਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਐਨੀ ਵੱਡੀ ਪੱਧਰ ਵਿੱਚ ਖੂਨਦਾਨੀਆਂ ਨੇ ਪਹੁੰਚਕੇ ਭਗਤ ਸਿੰਘ ਜੀ ਦੀ ਯਾਦ ਵਿੱਚ ਖੂਨਦਾਨ ਕੀਤਾ ਹੈ। ਹੁਣ ਤੱਕ ਨੇਕੀ ਫਾਉਂਡੇਸ਼ਨ 180 ਤੋਂ ਵੱਧ ਕੈੰਪ ਲਗਾਕੇ 22000 ਤੋਂ ਵੱਧ ਯੂਨਿਟ ਖੂਨਦਾਨ ਕਰਵਾ ਚੁੱਕੀ ਹੈ, ਜਿਸ ਸਦਕਾ ਸੰਸਥਾ ਨੂੰ ਚਾਰ ਰਾਜ ਪੁਰਸਕਾਰ ਵੀ ਪ੍ਰਾਪਤ ਹੋਏ ਹਨ। ਸੰਸਥਾ ਮੈਂਬਰਾਂ ਨੇ ਦੱਸਿਆ ਕਿ 1 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਜਾ ਰਹੇ ਰਾਜ ਪੱਧਰੀ ਸਮਾਰੋਹ ਵਿੱਚ ਵੀ ਸੰਸਥਾ ਨੂੰ ਇੱਕ ਵਾਰ ਫੇਰ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।  ਕੈੰਪ ਦੀ ਸ਼ੁਰੂਆਤ ਖੂਨਦਾਨੀਆਂ ਅਤੇ ਟੀਮ ਨੇਕੀ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਡਾ. ਇੰਦਰਪਾਲ ਸਿੰਘ ਨੇ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਜਿਹੀ ਸੰਸਥਾ ਨਾਲ ਲੋਕ ਇਸ ਪੱਧਰ ਉੱਤੇ ਜੁੜੇ ਹੋਏ ਹਨ ਕਿ ਉਹਨਾਂ ਦੀ ਇੱਕ ਆਵਾਜ਼ ਤੇ ਲੰਬੀਆਂ ਕਤਾਰਾਂ ਖ਼ੂਨਦਾਨੀਆਂ ਦੀਆਂ ਲੱਗ ਗਈਆਂ। ਇਸ ਮੌਕੇ ਵੱਖ ਵੱਖ ਸੰਸਥਾਵਾਂ, ਕਲੱਬਾਂ ਅਤੇ ਧਾਰਮਿਕ- ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਨੇਕੀ ਟੀਮ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਖੂਨ ਏਮਜ਼ ਹਸਪਤਾਲ ਬਠਿੰਡਾ, ਸਰਕਾਰੀ ਬਲੱਡ ਸੈਂਟਰ ਮਾਨਸਾ ਅਤੇ ਬਠਿੰਡਾ ਨੂੰ ਦਿੱਤਾ ਗਿਆ ਹੈ। ਕਨੇਡਾ ਰਹਿੰਦੇ ਬੁਢਲਾਡਾ ਜੰਮਪਲ ਅਤੁਲ ਕਾਠ ਵੱਲੋਂ ਆਪਣੇ ਜਨਮਦਿਨ ਦੀ ਖੁਸ਼ੀ ਵਿੱਚ ਸਾਰੇ ਖੂਨਦਾਨੀਆਂ ਲਈ ਤੋਹਫ਼ੇ ਭੇਜਕੇ ਭੇਂਟ ਕੀਤੇ ਗਏ। ਨੇਕੀ ਟੀਮ ਵੱਲੋਂ ਉੱਥੇ ਪਹੁੰਚੇ ਸਾਰੇ ਵਲੰਟੀਅਰਾਂ, ਯੂਥ ਕਲੱਬਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।