ਜੱਥੇ ਨੂੰ ਮਿਲੀ ਮਨਜ਼ੂਰੀ .
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਭਾਰਤ ਸਰਕਾਰ ਨੇ ਦਿੱਤੀ ਮਨਜੂਰੀ
ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ 2 ਅਕਤੂਬਰ (ਸੁਖਰਾਜ ਸਿੰਘ ਮੱਦੇਪੁਰ) ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਹੈ। ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਦੀ ਮਨਜ਼ੂਰੀ ਮਿਲ ਗਈ ਹੈ ਤੇ ਹੁਣ ਸ਼ਰਧਾਲੂ ਪਾਕਿਸਤਾਨ ਵਿਚ ਗੁਰੂ ਧਾਮਾਂ ਦੇ ਦਰਸ਼ਨ ਕਰ ਸਕਣਗੇ। ਸੁਰੱਖਿਆ ਕਾਰਨਾਂ ਦੇ ਚੱਲਦਿਆਂ ਕੁਝ ਦਿਨ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਲੈ ਕੇ ਸਿੱਖ ਜਥਿਆਂ ਦੇ ਪਾਕਿਸਤਾਨ ਜਾਣ ਨੂੰ ਰੋਕ ਲਗਾ ਦਿੱਤੀ ਗਈ ਸੀ।
ਜਿਸ ਤੋਂ ਬਾਅਦ ਸਿੱਖ ਸੰਗਤ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਇਸ ਲਈ ਪਾਕਿਸਤਾਨ ਜਾ ਕੇ ਗੁਰੂਧਾਮਾਂ ਦੇ ਦਰਸ਼ਨ ਦੀ ਇਜਾਜ਼ਤ ਦਿੱਤੀ ਜਾਵੇ ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਨੂੰ ਚਿੱਠੀ ਲਿਖ ਮੰਗ ਕੀਤੀ ਸੀ ਤੇ ਹੁਣ ਇਜਾਜ਼ਤ ਮਿਲ ਗਈ ਹੈ।
ਭਾਰਤ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਭਾਰਤ ਤੋਂ ਜਾਣ ਵਾਲੇ ਪਾਕਿਸਤਾਨ ਸ਼ਰਧਾਲੂ ਸਿਰਫ਼ ਤੇ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਏ ਜਾਣ ਵਾਲੇ ਪਾਸਪੋਰਟਾਂ ’ਤੇ ਹੀ ਭਾਰਤੀ ਸਿੱਖ ਸ਼ਰਧਾਲੂ 3000 ਦੀ ਗਿਣਤੀ ਵਿਚ ਸਮੁੱਚੇ ਭਾਰਤ ਤੋਂ ਪਾਕਿਸਤਾਨ ਜਾ ਸਕਣਗੇ। ਹੁਣ 5 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਸ਼ਰਧਾਲੂ ਪਾਕਿਸਤਾਨ ਜਾ ਸਕਣਗੇ। ਹੁਣ ਸਿੱਖ ਜਥਿਆਂ ਵਿਚ ਖੁਸ਼ੀ ਦੀ ਲਹਿਰ ਹੈ।