ਪੋਸ਼ਣ ਨੀਤੀ .
ਮੋਟਾਪੇ ਅਤੇ ਕੁਪੋਸ਼ਣ ਨਾਲ ਨਜਿੱਠਣਾ: ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਦੀ ਰਣਨੀਤੀ
ਲੇਖਕ: ਸ਼੍ਰੀਮਤੀ ਅੰਨਪੂਰਨਾ ਦੇਵੀ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ
ਸਾਲ 2018 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਪੋਸ਼ਣ ਅਭਿਆਨ ਨੂੰ ਭਾਰਤ ਦੀ ਪੋਸ਼ਣ ਸਬੰਧੀ ਸਥਿਤੀ ਨੂੰ ਬਦਲਣ ਲਈ ਇੱਕ ਪ੍ਰਮੁੱਖ ਯੋਜਨਾ ਵਜੋਂ ਸ਼ੁਰੂ ਕੀਤਾ ਗਿਆ ਸੀ। ਸੰਮਲਿਤ ਵਿਕਾਸ ਅਤੇ ਸਮਾਜਿਕ ਵਿਕਾਸ 'ਤੇ ਜ਼ੋਰ ਦੇ ਨਾਲ, ਪੋਸ਼ਣ ਅਭਿਆਨ ਨੇ ਇੱਕ ਚੰਗੀ ਤਰ੍ਹਾਂ ਪੋਸ਼ਿਤ ਅਤੇ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖੀ ਹੈ ਅਤੇ ਵਿਕਸਿਤ ਭਾਰਤ@2047 ਵੱਲ ਸਾਡੀ ਯਾਤਰਾ ਵਿੱਚ ਇੱਕ ਮੁੱਖ ਥੰਮ੍ਹ ਵਜੋਂ ਉਭਰਿਆ ਹੈ। ਇਸ ਟੀਚੇ ਦੀ ਪ੍ਰਾਪਤੀ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਸੰਕਲਪ ਲਿਆ ਹੈ, ਜਿੱਥੇ ਹਰ ਬੱਚੇ ਨੂੰ ਵਧੀਆ ਪੋਸ਼ਣ ਮਿਲੇ, ਹਰ ਮਾਂ ਸਮਰੱਥ ਹੋਵੇ ਅਤੇ ਹਰ ਨਾਗਰਿਕ ਤਰੱਕੀ ਕਰ ਸਕੇ।
ਮਿਸ਼ਨ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਰਾਹੀਂ ਸਾਡਾ ਮੰਤਵ ਬੱਚਿਆਂ, ਅੱਲੜ੍ਹ ਮੁਟਿਆਰਾਂ, ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਵਿੱਚ ਪੋਸ਼ਣ ਦੇ ਨਤੀਜਿਆਂ ਨੂੰ ਬਿਹਤਰ ਬਣਾਉਣਾ ਅਤੇ ਸਿਹਤ, ਤੰਦਰੁਸਤੀ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਪੋਸ਼ਣ ਦੇਣ ਵਾਲੇ ਅਭਿਆਸਾਂ ਨੂੰ ਵਿਕਸਤ ਕਰਨਾ ਅਤੇ ਹੱਲ੍ਹਾਸ਼ੇਰੀ ਦੇਣਾ ਹੈ। ਇਸ ਕੰਮ ਦਾ ਕੇਂਦਰ 14 ਲੱਖ ਆਂਗਣਵਾੜੀ ਕੇਂਦਰਾਂ ਦਾ ਇੱਕ ਨੈੱਟਵਰਕ ਹੈ, ਜਿਸ ਰਾਹੀਂ ਮੰਤਰਾਲਾ ਲਗਭਗ 10 ਕਰੋੜ ਲਾਭਪਾਤਰੀਆਂ ਦੀ ਮਦਦ ਕਰ ਰਿਹਾ ਹੈ।
ਮੰਤਰਾਲਾ ਦੇਸ਼ ਭਰ ਵਿੱਚ 8 ਕਰੋੜ ਤੋਂ ਵੱਧ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਵਿੱਚ ਮਦਦ ਕਰਕੇ ਭਵਿੱਖ ਨੂੰ ਬਿਹਤਰ ਬਣਾ ਰਿਹਾ ਹੈ। ਇਸ ਯਤਨ ਦੇ ਕੇਂਦਰ ਵਿੱਚ ਪੂਰਕ ਪੋਸ਼ਣ ਪ੍ਰੋਗਰਾਮ ਹੈ, ਜੋ ਬੱਚਿਆਂ ਨੂੰ ਪੌਸ਼ਟਿਕ ਗਰਮ ਪਕਾਇਆ ਭੋਜਨ (ਐੱਚਸੀਐੱਮ) ਅਤੇ ਸਾਰੇ ਲਾਭਪਾਤਰੀਆਂ ਨੂੰ ਘਰ ਲਿਜਾਣ ਵਾਲਾ ਰਾਸ਼ਨ (ਟੀਐੱਚਆਰ) ਪ੍ਰਦਾਨ ਕਰਦਾ ਹੈ, ਜਿਸਦਾ ਮੰਤਵ ਸਿਫਾਰਸ਼ ਕੀਤੇ ਖੁਰਾਕ ਭੱਤੇ ਅਤੇ ਔਸਤ ਰੋਜ਼ਾਨਾ ਸੇਵਨ ਦਰਮਿਆਨ ਵੱਡੇ ਪਾੜੇ ਨੂੰ ਦੂਰ ਕਰਨਾ ਹੈ। ਖੁਰਾਕ ਭਿੰਨਤਾ ਨੂੰ ਅਪਣਾ ਕੇ ਅਤੇ ਸ਼੍ਰੀ ਅੰਨ ਵਰਗੇ ਸਥਾਨਕ ਅਤੇ ਪ੍ਰੰਪਰਾਗਤ ਭੋਜਨਾਂ - ਮੋਟੇ ਅਨਾਜ, ਜਵਾਰ, ਬਾਜਰਾ, ਰਾਗੀ ਆਦਿ ਨੂੰ ਅਪਣਾ ਕੇ - ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਬੱਚੇ ਨੂੰ ਸਿੱਖਣ, ਵਧਣ-ਫੁੱਲਣ ਅਤੇ ਅੱਗੇ ਵਧਣ ਲਈ ਲੋੜੀਂਦੀ ਊਰਜਾ ਮਿਲੇ।
ਅਸੀਂ ਜਿੱਥੇ ਬੱਚਿਆਂ ਵਿੱਚ ਵਿਕਾਸ ਰੁਕਣ ਅਤੇ ਪਤਲੇਪਣ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਤਰੱਕੀ ਕੀਤੀ ਹੈ, ਅਸੀਂ ਹੁਣ ਇੱਕ ਹੋਰ ਮਹੱਤਵਪੂਰਨ ਪੋਸ਼ਣ ਸੂਚਕ- ਵੱਧ ਭਾਰ ਅਤੇ ਮੋਟਾਪੇ ਨੂੰ ਦੂਰ ਕਰਨ ਵੱਲ ਵੀ ਅੱਗੇ ਵਧ ਰਹੇ ਹਾਂ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਬਚਪਨ ਵਿੱਚ ਮੋਟਾਪਾ ਨਾਲ ਬਾਲਗ ਹੋਣ 'ਤੇ ਗੰਭੀਰ ਨਤੀਜੇ ਪੈਦਾ ਸਕਦਾ ਹੈ, ਜਿਸ ਨਾਲ ਟਾਈਪ 2 ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੈਰ-ਸੰਚਾਰੀ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਲੋਂ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਅਤੇ ਮੈਕਗਿਲ ਯੂਨੀਵਰਸਿਟੀ ਨਾਲ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਗਰਭ ਅਵਸਥਾ ਸਮੇਤ ਉਨ੍ਹਾਂ ਦੇ ਪਹਿਲੇ 1,000 ਦਿਨਾਂ ਦੌਰਾਨ ਖੰਡ ਦੇ ਸੇਵਨ 'ਤੇ ਰੋਕ ਲਗਾਈ ਗਈ, ਉਨ੍ਹਾਂ ਵਿੱਚ ਬਾਲਗ ਹੋਣ 'ਤੇ ਟਾਈਪ 2 ਸ਼ੂਗਰ ਹੋਣ ਦਾ ਖ਼ਤਰਾ 35 ਪ੍ਰਤੀਸ਼ਤ ਘੱਟ ਅਤੇ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖ਼ਤਰਾ 20 ਪ੍ਰਤੀਸ਼ਤ ਘੱਟ ਹੋ ਗਿਆ।
ਇਸ ਨਾਲ ਨਜਿੱਠਣ ਲਈ ਅਤੇ ਪੂਰਕ ਪੋਸ਼ਣ ਦੀ ਸਮੁੱਚੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ, ਮੰਤਰਾਲੇ ਨੇ ਵਿਸ਼ਵ ਸਿਹਤ ਸੰਗਠਨ ਅਤੇ ਰਾਸ਼ਟਰੀ ਪੋਸ਼ਣ ਸੰਸਥਾਨ (ਐੱਨਆਈਐੱਨ) ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਬਾਲਗਾਂ ਦੇ ਨਾਲ-ਨਾਲ ਬੱਚਿਆਂ ਲਈ ਖੰਡ ਦੀ ਮਾਤਰਾ ਨੂੰ ਕੁੱਲ ਰੋਜ਼ਾਨਾ ਊਰਜਾ ਦੀ ਮਾਤਰਾ ਦੇ 10% ਤੱਕ ਘਟਾ ਦਿੱਤਾ ਜਾਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਖੰਡ ਦੀ ਖਪਤ ਨੂੰ ਦਿਨ ਦੀ ਕੁੱਲ ਊਰਜਾ ਖਪਤ ਦੇ 5% ਤੱਕ ਘਟਾਉਣ ਦੀ ਸਿਫ਼ਾਰਿਸ਼ ਕਰਦਾ ਹੈ।
ਰਾਸ਼ਟਰੀ ਪੋਸ਼ਣ ਸੰਸਥਾਨ (ਐੱਨਆਈਐੱਨ) 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਾਧੂ ਖੰਡ ਨਾ ਦੇਣ ਦੀ ਸਿਫ਼ਾਰਸ਼ ਕਰਦਾ ਹੈ ਅਤੇ ਇਹ ਸਿਫਾਰਸ਼ ਕਰਦਾ ਹੈ ਕਿ ਸੰਤੁਲਿਤ ਖੁਰਾਕ ਦੇ ਹਿੱਸੇ ਵਜੋਂ ਗਰਭਵਤੀ ਔਰਤਾਂ ਸਮੇਤ, ਸਾਰੇ ਉਮਰ ਵਰਗਾਂ ਅਤੇ ਲਿੰਗ ਸਮੂਹਾਂ ਲਈ ਖੰਡ ਰੋਜ਼ਾਨਾ ਊਰਜਾ ਦੀ ਮਾਤਰਾ ਦੇ 5% ਤੋਂ ਘੱਟ ਹੋਣੀ ਚਾਹੀਦੀ ਹੈ।
ਸਾਡੇ ਮੰਤਰਾਲੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਰਿਫਾਇੰਡ ਖੰਡ ਦੀ ਵਰਤੋਂ ਨੂੰ ਸੀਮਤ ਕਰਨ, ਜਿੱਥੇ ਲੋੜ ਹੋਵੇ ਗੁੜ ਦੀ ਵਰਤੋਂ ਕਰਨ ਅਤੇ ਫਿਰ ਵੀ, ਇਸ ਨੂੰ ਕੁੱਲ ਸੇਵਨ ਦੇ 5% ਤੋਂ ਘੱਟ ਤੱਕ ਸੀਮਤ ਕਰਨ। ਅਸੀਂ ਬੇਨਤੀ ਕੀਤੀ ਹੈ ਕਿ ਲੂਣ ਦੀ ਵਰਤੋਂ ਨੂੰ ਘੱਟ ਤੋਂ ਘੱਟ ਕੀਤਾ ਜਾਵੇ। ਅਸੀਂ ਸਵੇਰ ਦੇ ਸਨੈਕ ਅਤੇ ਐੱਚਸੀਐੱਮ ਦੇ ਹਿੱਸੇ ਵਜੋਂ ਮਿੱਠੀਆਂ ਚੀਜ਼ਾਂ ਨੂੰ ਘਟਾਉਣ ਨੂੰ ਵੀ ਹੱਲ੍ਹਾਸ਼ੇਰੀ ਦੇ ਰਹੇ ਹਾਂ।
ਅਸੀਂ ਟੀਐੱਚਆਰ ਪਕਵਾਨਾਂ ਨੂੰ ਪ੍ਰਫੁੱਲਤ ਕਰ ਰਹੇ ਹਾਂ ਜੋ ਵਾਧੂ ਲੂਣ ਅਤੇ ਖੰਡ ਨੂੰ ਬਾਹਰ ਕੱਢਦੇ ਹਨ, ਅਤੇ ਚਰਬੀ, ਲੂਣ ਅਤੇ ਖੰਡ (ਐੱਚਐੱਫਐੱਸਐੱਸ) ਵਾਲੇ ਭੋਜਨਾਂ ਦੀ ਵਰਤੋਂ ਨੂੰ ਸੀਮਤ ਕਰਦੇ ਹਨ। ਅਸੀਂ ਇਹ ਵੀ ਤਾਕੀਦ ਕੀਤੀ ਹੈ ਕਿ ਸਮੱਗਰੀਆਂ ਨੂੰ ਖੁਰਾਕ ਸੁਰੱਖਿਆ ਅਤੇ ਮਿਆਰ ਨਿਯਮ 2011 ਅਤੇ ਖੁਰਾਕ ਸੁਰੱਖਿਆ ਅਤੇ ਮਿਆਰ (ਬੱਚਿਆਂ ਦੀ ਪੋਸ਼ਣ ਲਈ ਖੁਰਾਕ) ਨਿਯਮ, 2020 ਦੀ ਪਾਲਣਾ ਕਰਨੀ ਚਾਹੀਦੀ ਹੈ। ਵਾਧੂ ਖੰਡ ਨੂੰ 'ਨਾਂਹ' ਕਰਕੇ, ਭਾਰਤ ਮੋਟਾਪੇ ਅਤੇ ਹਾਈਪਰਟੈਨਸ਼ਨ ਅਤੇ ਸ਼ੂਗਰ ਵਰਗੀਆਂ ਸਬੰਧਤ ਬਿਮਾਰੀਆਂ ਤੋਂ ਮੁਕਤ ਭਵਿੱਖ ਨੂੰ 'ਹਾਂ' ਆਖ ਰਿਹਾ ਹੈ।
ਰਵਾਇਤੀ ਭੋਜਨ ਨੂੰ ਉਤਸ਼ਾਹਿਤ ਕਰਨ ਲਈ, ਮੰਤਰਾਲਾ ਪੁਸ਼ਟਾਹਾਰ, ਮੌਸਮੀ, ਸਥਾਨਕ ਸਮੱਗਰੀ ਅਤੇ ਰਾਗੀ, ਮੋਟਾ ਅਨਾਜ ਅਤੇ ਬੰਗਾਲੀ ਛੋਲਿਆਂ ਵਰਗੇ ਅਨਾਜਾਂ ਤੋਂ ਬਣੇ ਪੌਸ਼ਟਿਕ ਮਿਸ਼ਰਣ ਮੁਹੱਈਆ ਕਰ ਰਿਹਾ ਹੈ। ਪੁਸ਼ਟਾਹਾਰ ਸਟੋਰ ਤੋਂ ਖਰੀਦੇ ਗਏ ਮਿਸ਼ਰਣਾਂ ਦਾ ਇੱਕ ਸਿਹਤਮੰਦ ਅਤੇ ਵਧੇਰੇ ਬਹੁਪੱਖੀ ਬਦਲ ਹੈ ਜੋ ਸਥਾਨਕ, ਮੌਸਮੀ ਸੁਆਦ ਅਤੇ ਪੌਸ਼ਟਿਕ ਪੋਸ਼ਣ ਪ੍ਰਦਾਨ ਕਰਦਾ ਹੈ।
ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨੇ ਕਿਹਾ, "ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਛੋਟੇ ਬਦਲਾਅ ਕਰਕੇ, ਅਸੀਂ ਆਪਣੇ ਭਵਿੱਖ ਨੂੰ ਮਜ਼ਬੂਤ, ਤੰਦਰੁਸਤ ਅਤੇ ਰੋਗ ਮੁਕਤ ਬਣਾ ਸਕਦੇ ਹਾਂ।" ਇਸ ਅੰਮ੍ਰਿਤਕਾਲ ਵਿੱਚ, ਸਾਡੇ ਬੱਚਿਆਂ ਦੀ ਪੌਸ਼ਟਿਕ ਭੋਜਨ ਅਤੇ ਲੋੜੀਂਦੀ ਕੈਲੋਰੀ ਤੱਕ ਪਹੁੰਚ ਹੋਣੀ ਚਾਹੀਦੀ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੂੰ ਜੋ ਭੋਜਨ ਮਿਲ ਰਿਹਾ ਹੈ ਉਹ ਨਾ ਸਿਰਫ਼ ਢੁਕਵਾਂ ਹੋਣਾ ਚਾਹੀਦਾ ਹੈ, ਸਗੋਂ ਪੌਸ਼ਟਿਕ ਹੋਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਸੰਪੂਰਨ ਵਾਧੇ ਅਤੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੋਵੇ।