Trust honours Players4.
ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਖਿਡਾਰੀ ਸਨਮਾਨਿਤ
ਬੁਢਲਾਡਾ (ਮੇਹਤਾ ਅਮਨ) - ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਵਿਖੇ ਉਹਨਾਂ ਖਿਡਾਰਨਾਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਸਨਮਾਨਿਤ ਕੀਤਾ ਗਿਆ ਜੋ ਨੈਸ਼ਨਲ ਪੱਧਰ ਦੀਆਂ ਲੰਮੀਆਂ ਦੌੜਾਂ ਵਿੱਚ ਮੈਡਲ ਜਿੱਤ ਕੇ ਆਈਆਂ ਹਨ ਅਤੇ ਬੁਢਲਾਡਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਇਹ ਤਿੰਨੋਂ ਬੱਚੀਆਂ ਹਰਪ੍ਰੀਤ ਕੌਰ, ਬੱਬਲੂ ਕੌਰ ਅਤੇ ਸਤੂਤੀ ਰਾਣੀ ਸਧਾਰਨ ਪ੍ਰੀਵਾਰ ਦੀਆਂ ਹਨ ਜੋ ਕ੍ਰਮਵਾਰ ਤਿਨ ਹਜ਼ਾਰ ਪੰਦਰਾਂ ਸੌ, 10 ਕਿਲੋਮੀਟਰ, 400 ਅਤੇ 200 ਮੀਟਰ ਦੌੜਾਂ ਵਿੱਚ ਮੈਡਲ ਜਿੱਤ ਕੇ ਆਈਆਂ ਹਨ।ਇਹਨਾਂ ਦੇ ਕੋਚ ਅਮਨਦੀਪ ਸਿੰਘ ਲੱਖਾ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦਾ ਬੱਚੀਆਂ ਦੀ ਕਾਮਯਾਬੀ ਲਈ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਬੋਲਦੇ ਹੋਏ ਅਕਾਲੀ ਆਗੂ ਪਟਵਾਰੀ ਬਲਵਿੰਦਰ ਸਿੰਘ ਅਤੇ ਡੀ ਪੀ ਮੱਖਣ ਸਿੰਘ ਨੇ ਇਸ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕਰਦੇ ਹੋਏ ਕਿਹਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਮਾਤਾ ਗੁਜਰੀ ਜੀ ਭਲਾਈ ਕੇਂਦਰ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ। ਇਸ ਦੇ ਨਾਲ ਹੀ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਆ। ਸੰਸਥਾ ਵਲੋਂ ਇਹਨਾਂ ਬੱਚੀਆਂ ਨੂੰ ਖੁਰਾਕ ਵਜੋਂ ਬਦਾਮ, ਛੋਲੇ, ਮੂੰਗਫਲੀ ਗਿਰੀ, ਮੂੰਗੀ ਦਾਲ ਆਦਿ ਵੀ ਦਿੱਤੀ ਗਈ। ਖਿਡਾਰੀਆਂ ਲਈ ਵੱਡਾ ਗੱਦਾ, ਦਰੀ ,ਮੈਟ ਆਦਿ ਲੋੜੀਂਦਾ ਸਮਾਨ ਵੀ ਦਿੱਤਾ ਗਿਆ। ਬੱਚਿਆਂ ਦੇ ਲਮਕਣ ਲਈ ਪ੍ਰਵੀਨ ਗੜੱਦੀ ਵਾਲਿਆਂ ਦੀ ਮਦੱਦ ਨਾਲ ਨਵੇਂ ਪੋਲ ਲਗਾ ਕੇ ਦਿੱਤੇ ਗਏ। ਇਸ ਤੋਂ ਪਹਿਲਾਂ ਵੀ ਸੰਸਥਾ ਸਮੇਂ ਸਮੇਂ ਇਹਨਾਂ ਖਿਡਾਰੀਆਂ ਦੀ ਖ਼ੁਰਾਕ ਅਤੇ ਹੋਰ ਲੋੜੀਂਦੀ ਮਦਦ ਕਰਦੀ ਰਹਿੰਦੀ ਹੈ। ਖਿਡਾਰੀਆਂ ਲਈ ਪੀਣ ਵਾਲੇ ਠੰਡੇ ਪਾਣੀ ਦਾ ਰਿਕਸ਼ਾ ਵੀ ਰੁਜ਼ਾਨਾ ਭੇਜਿਆ ਜਾਂਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਲਬੀਰ ਸਿੰਘ ਕੈਂਥ, ਦਵਿੰਦਰਪਾਲ ਸਿੰਘ, ਬਲਜਿੰਦਰ ਸ਼ਰਮਾ, ਸੁਰਿੰਦਰ ਤਨੇਜਾ,ਮਨੈਜਰ ਬਚਿੱਤਰ ਸਿੰਘ, ਪ੍ਰਵੀਨ ਕੁਮਾਰ ਗੜਦੀ, ਨੱਥਾ ਸਿੰਘ, ਗਿਆਨੀ ਰਾਮ ਸਮੇਤ ਅਨੇਕਾਂ ਖਿਡਾਰੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।