ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਮਨਾਇਆ .

ਬਿਲਾਸਪੁਰ (ਉੱਤਰ ਪ੍ਰਦੇਸ਼) ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 355ਵਾਂ ਜਨਮ ਉਤਸਵ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਗਿਆ

 ਸੁਭਾਸ਼ ਬਾਵਾ ਨੂੰ ਬਾਵਾ ਨੇ ਟਰਸਟੀ ਬਣਾਇਆ ਜਦਕਿ ਕੁਲਦੀਪ ਸਿੰਘ ਫੌਜੀ ਫਾਊਂਡੇਸ਼ਨ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਨਿਯੁਕਤ ਕੀਤੇ

ਲੁਧਿਆਣਾ, 7 ਅਕਤੂਬਰ (ਵਾਸੂ ਜੇਤਲੀ)- ਅੱਜ ਬਿਲਾਸਪੁਰ ਜ਼ਿਲ੍ਹਾ ਰਾਮਪੁਰ (ਉੱਤਰ ਪ੍ਰਦੇਸ਼) ਵਿਖੇ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 355ਵਾਂ ਜਨਮ ਉਤਸਵ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬਿਲਾਸਪੁਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਕੁੱਲ ਹਿੰਦ ਬੈਰਾਗੀ, ਵੈਸ਼ਨਵ, ਸੁਆਮੀ ਮਹਾਮੰਡਲ ਉੱਤਰ ਪ੍ਰਦੇਸ਼ ਦੇ ਪ੍ਰਧਾਨ ਸੁਭਾਸ਼ ਬਾਵਾ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਮਾਗਮ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਇਸ ਸਮੇਂ ਬਾਵਾ ਨੇ ਸੁਭਾਸ਼ ਬਾਵਾ ਨੂੰ "ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ" ਪੁਸਤਕਾਂ ਦਾ ਸੈੱਟ ਭੇਂਟ ਕੀਤਾ ਅਤੇ ਸੁਭਾਸ਼ ਬਾਵਾ ਨੂੰ ਸਮੁੱਚੇ ਪ੍ਰਬੰਧਕੀ ਟਰਸਟ ਵਿੱਚ ਲੈਣ ਦਾ ਐਲਾਨ ਵੀ ਕੀਤਾ। ਇਸ ਸਮੇਂ ਕੁਲਦੀਪ ਸਿੰਘ ਫੌਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਉੱਤਰ ਪ੍ਰਦੇਸ਼ ਦਾ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਇਸ ਸਮੇਂ ਕਾਂਗਰਸ ਦੇ ਸੀਨੀਅਰ ਨੇਤਾ ਸੰਜੇ ਕਪੂਰ ਸਾਬਕਾ ਵਿਧਾਇਕ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।

           ਇਸ ਸਮੇਂ ਬੋਲਦੇ ਸ਼੍ਰੀ ਬਾਵਾ ਨੇ ਕਿਹਾ ਕਿ ਸਾਡਾ ਦੇਸ਼ ਮਹਾਨ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਅਤੇ ਸੂਰਵੀਰਾਂ ਦੀ ਧਰਤੀ ਹੈ ਜਿਨਾਂ ਨੇ ਸਮੇਂ ਸਮੇਂ ਸਿਰ ਇਸ ਦੁਨੀਆਂ ਤੇ ਆ ਕੇ ਸਮੁੱਚੀ ਮਨੁੱਖਤਾ ਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਇਆ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ (ਸ੍ਰੀ ਹਜੂਰ ਸਾਹਿਬ ਨਾਂਦੇੜ)  ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਮਿਲਾਪ ਤੋਂ ਬਾਅਦ ਭਗਤੀ ਤੋਂ ਸ਼ਕਤੀ ਦਾ ਰਸਤਾ ਅਖਤਿਆਰ ਕੀਤਾ। ਮਾਲਾ ਛੱਡੀ ਅਤੇ ਤਲਵਾਰ ਉਠਾਈ। ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਦੋ ਸਾਲ ਅੰਦਰ ਕਰਕੇ ਗੌਰਵਮਈ ਇਤਿਹਾਸ ਰਚਿਆ। ਪਹਿਲੇ ਸਿੱਖ ਲੋਕ ਰਾਜ ਦੀ ਨੀਹ ਰੱਖੀ। ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਹਿੰਦੂ, ਮੁਸਲਿਮ, ਸਿੱਖ ਸਭ ਤਰ੍ਹਾਂ ਲੋਕ ਸ਼ਾਮਿਲ ਸਨ ਕਿਉਂਕਿ ਉਹਨਾਂ ਦੀ ਲੜਾਈ ਕਿਸੇ ਜਾਤੀ, ਧਰਮ ਜਾਂ ਫਿਰਕੇ ਖਿਲਾਫ ਨਹੀਂ ਸੀ ਉਹਨਾਂ ਦੀ ਜੰਗ ਜੁਲਮ ਖਿਲਾਫ ਸੀ।

           ਉਹਨਾਂ ਕਿਹਾ ਕਿ ਸੁਭਾਸ਼ ਬਾਵਾ ਵੱਲੋਂ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਿਹਾੜਾ ਮਨਾ ਕੇ ਗੌਰਵਮਈ ਇਤਿਹਾਸ ਤੋਂ ਸਮਾਜ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸੁਭਾਸ਼ ਬਾਵਾ ਨੂੰ "ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਐਵਾਰਡ" ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਸਮੇਂ ਗੁਰਦੁਆਰਾ ਸਿੰਘ ਸਭਾ ਪੰਜਾਬ ਨਗਰ ਦੇ ਪ੍ਰਧਾਨ ਸੁਖਦੇਵ ਸਿੰਘ, ਪ੍ਰੋ. ਕਸ਼ਮੀਰਾ ਸਿੰਘ, ਗਿਆਨੀ ਰਣਜੀਤ ਸਿੰਘ ਕਥਾਵਾਚਕ, ਬਾਬਾ ਗੁਰਲਾਲ ਸਿੰਘ ਕਥਾਵਾਚਕ, ਸਮਾਗਮ ਦੇ ਪ੍ਰਬੰਧਕ ਜੋਗਿੰਦਰ ਬਾਵਾ, ਅਰਸ਼ਦੀਪ ਬਾਵਾ, ਹਰਪ੍ਰੀਤ ਸਿੰਘ ਸਿੱਧੂ, ਬਲਵੀਰ ਸਿੰਘ ਗਿੱਲ, ਬਾਬਾ ਅਜੀਤ ਸਿੰਘ ਖਾਲਸਾ ਦਲ ਦੇ ਪ੍ਰਧਾਨ ਸਰਦੂਲ ਸਿੰਘ, ਉੱਘੇ ਕਵੀਸ਼ਰ ਸਤਨਾਮ ਸਿੰਘ ਸ਼ੌਂਕੀ (ਜੋ ਸਟੇਜ ਦੀ ਸੇਵਾ ਵੀ ਨਿਭਾ ਰਹੇ ਸਨ), ਚਿੱਤਰਕ ਮਿੱਤਲ ਪ੍ਰਧਾਨ ਨਗਰ ਪੰਚਾਇਤ ਬਿਲਾਸਪੁਰ ਆਦਿ ਹਾਜ਼ਰ ਸਨ।