Ghazal By Ashwani Jaitly Prem .

ਗ਼ਜ਼ਲ/ਅਸ਼ਵਨੀ ਜੇਤਲੀ 'ਪ੍ਰੇਮ'

ਰੁੱਸ ਕੇ ਜਾਨ ਜਦੋਂ ਦੀ ਰੁਖ਼ਸਤ ਹੋਈ ਹੈ।
ਦਿਲ‌ ਮੇਰੇ ਦੀ ਹਰ ਇੱਕ ਹਸਰਤ ਮੋਈ ਹੈ।
           
ਇਸ‌ ਕਰਕੇ‌‌ ਇਹ ਗਿਣਦੀਆਂ ਤਾਰੇ ਰਾਤਾਂ ਨੂੰ,
ਅੱਖੀਆਂ ਨੂੰ ਖੁਆਬਾਂ ਤੋਂ ਨਫ਼ਰਤ ਹੋਈ ਹੈ।

ਨਾ ਚਾਨਣ ਨਾ ਖੁਸ਼ੀ‌ ਹੀ ਫੇਰਾ ਪਾਵੇ ਹੁਣ,                 ਖਵਰੇ ਕੀ ਇਸ ਵਿਹੜੇ ਹਰਕਤ ਹੋਈ ਹੈ।

ਕਿੰਝ ਕਰਾਂ ਇਤਬਾਰ ਮੈਂ ਉਸ ਮੁਨਸਿਫ਼ 'ਤੇ‌‌,
ਬੇ-ਇਨਸਾਫ਼ੀ ਜਿਸਦੀ ਫ਼ਿਤਰਤ ਹੋਈ ਹੈ।

ਖੁਦ ਨੂੰ ਵੱਡਾ ਧਰਮੀ ਜੋ ਅਖਵਾਉਂਦਾ ਹੈ,                  ਧਰਮਾਂ ਦੇ ਵਿਚ ਉਸੇ ਹੀ ਨਫ਼ਰਤ ਬੋਈ ਹੈ।     

ਚੈਨਲ ਤੇ ਅਖ਼ਬਾਰਾਂ ਜਦੋਂ ਵੀ ਵਿਕੀਆਂ ਨੇ,‌
ਸੱਚੀਆਂ ਖਬਰਾਂ ਦੀ ਰੂਹ ਖੰਡਿਤ ਹੋਈ ਹੈ।

ਸੱਚ ਨੂੰ ਸੱਭ ਨੇ ਪਰਦੇ ਪਿੱਛੇ ਧੱਕਿਆ ਏ,          
ਝੂਠ ਦੀ ਚਾਰੋਂ ਪਾਸੇ ਸ਼ੋਹਰਤ ਹੋਈ‌ ਹੈ           

ਤਮ੍ਹਾਂ ਨੇ ਭੁੱਖੜ‌ ਖਸਲਤ ਮੇਰੀ ਕੀਤੀ ਸੀ,                       ਰੂਹ ਰੱਜੀ ਜਦ ਉਸਦੀ ਰਹਿਮਤ ਹੋਈ ਹੈ।

ਹੱਸ‌‌ ਕੇ ਜਦੋਂ ਪਿਆਈ‌ ਉਸਨੇ, ਪੀ ਲਿੱਤੀ,            
ਜ਼ਹਿਰ ਵੀ ਉਸਦੇ ਹੱਥੋਂ ਸ਼ਰਬਤ‌‌ ਹੋਈ ਹੈ।

ਪ੍ਰੇਮ ਦੀ‌ ਅਲਖ‌ ਜਗਾਈ 'ਪ੍ਰੇਮ' ਨੇ ਹਰ ਵੇਲੇ,
ਤਾਂ ਹੀ ਇਸਦੀ ਜੱਗ 'ਤੇ ਉਸਤਤ ਹੋਈ ਹੈ।