The Growing Relevance Of Traditional Medicine .
ਰਵਾਇਤੀ ਦਵਾਈ ਦੀ ਵਧਦੀ ਪ੍ਰਾਸੰਗਿਕਤਾ
ਜਲਵਾਯੂ ਪਰਿਵਰਤਨ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੇ ਦੌਰ ਵਿੱਚ ਪ੍ਰਾਚੀਨ ਚਿਕਿਤਸਾ ਵਿਧੀ ਸਥਾਈ ਹੈਲਥ ਕੇਅਰ ਸਮਾਧਾਨ ਪ੍ਰਦਾਨ ਕਰ ਸਕਦੀ ਹੈ
- ਸ਼੍ਰੀ ਪ੍ਰਤਾਪਰਾਓ ਜਾਧਵ, ਕੇਂਦਰੀ ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ (ਆਯੁਸ਼) ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੀ ਰਿਪੋਰਟ ਦੇ ਅਨੁਸਾਰ, ਇਸ ਦੇ 88 ਪ੍ਰਤੀਸ਼ਤ ਮੈਂਬਰ ਦੇਸ਼ਾਂ - 194 ਦੇਸ਼ਾਂ ਵਿੱਚੋਂ 170 - ਵਿੱਚ ਰਵਾਇਤੀ ਇਲਾਜ ਦਾ ਪ੍ਰਚਲਨ ਹੈ। ਵਿਸ਼ੇਸ਼ ਤੌਰ 'ਤੇ ਹੇਠਲੇ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ, ਇਹ ਇਲਾਜ ਪ੍ਰਣਾਲੀ ਆਪਣੀ ਪਹੁੰਚਯੋਗਤਾ ਅਤੇ ਕਿਫਾਇਤੀ ਸੇਵਾ ਦੇ ਕਾਰਨ ਅਰਬਾਂ ਲੋਕਾਂ ਲਈ ਸਿਹਤ ਸੇਵਾ ਦਾ ਮੁਢਲਾ ਰੁਪ ਬਣੀ ਹੋਈ ਹੈ। ਹਾਲਾਂਕਿ, ਇਸ ਦਾ ਮਹੱਤਵ ਇਲਾਜ ਤੋਂ ਅੱਗੇ ਵਧ ਕੇ ਜੈਵ ਵਿਭਿੰਨਤਾ ਸੁਰੱਖਿਆ, ਪੋਸ਼ਣ ਸੁਰੱਖਿਆ ਅਤੇ ਸਥਾਈ ਆਜੀਵਿਕਾ ਨੂੰ ਹੁਲਾਰਾ ਦੇਣ ਤੱਕ ਵਿਸਤ੍ਰਿਤ ਹੈ।
ਵਪਾਰਕ ਰੁਝਾਨ ਦਿਖਾਉਂਦੇ ਹਨ ਕਿ ਲੋਕ ਇਸ ਨੂੰ ਤੇਜ਼ੀ ਨਾਲ ਅਪਣਾ ਰਹੇ ਹਨ। ਮਾਹਿਰਾਂ ਦਾ ਅਨੁਮਾਨ ਹੈ ਕਿ ਵਿਸ਼ਵਵਿਆਪੀ ਰਵਾਇਤੀ ਇਲਾਜ ਬਜ਼ਾਰ 2025 ਤੱਕ 10 ਪ੍ਰਤੀਸ਼ਤ -20 ਪ੍ਰਤੀਸ਼ਤ ਦੀ ਸਾਲਾਨਾ ਵਾਧਾ ਦਰ ਦੇ ਨਾਲ 583 ਬਿਲੀਅਨ ਡਾਲਰ ਤੱਕ ਪਹੁੰਚ ਜਾਵੇਗਾ। ਚੀਨ ਦਾ ਰਵਾਇਤੀ ਇਲਾਜ ਖੇਤਰ 122.4 ਅਰਬ ਡਾਲਰ, ਆਸਟ੍ਰੇਲੀਆ ਦਾ ਹਰਬਲ ਔਸ਼ਧੀ ਉਦਯੋਗ 3.97 ਅਰਬ ਡਾਲਰ ਅਤੇ ਭਾਰਤ ਦਾ ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ (ਆਯੁਸ਼) ਖੇਤਰ 43.4 ਅਰਬ ਡਾਲਰ ਦੀ ਕੀਮਤ ਦਾ ਹੈ।
ਇਹ ਵਿਸਤਾਰ ਸਿਹਤ ਸੇਵਾ ਦਰਸ਼ਨ ਵਿੱਚ ਇੱਕ ਬੁਨਿਆਦੀ ਤਬਦੀਲੀ ਨੂੰ ਦਰਸਾਉਂਦਾ ਹੈ - ਪ੍ਰਤੀਕਿਰਿਆਤਮਕ ਇਲਾਜ ਮਾਡਲ ਤੋਂ ਸਰਗਰਮ, ਨਿਵਾਰਕ ਦ੍ਰਿਸ਼ਟੀਕੋਣਾਂ ਵੱਲ, ਜੋ ਸਿਰਫ਼ ਲੱਛਣਾਂ ਦੀ ਬਜਾਏ ਮੂਲ ਕਾਰਨਾਂ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ।
ਭਾਰਤ ਦਾ ਆਯੁਰਵੈਦਿਕ ਪਰਿਵਰਤਨ
ਭਾਰਤ ਦੇ ਰਵਾਇਤੀ ਇਲਾਜ ਖੇਤਰ ਵਿੱਚ ਜ਼ਿਕਰਯੋਗ ਪਰਿਵਰਤਨ ਆਇਆ ਹੈ। 92,000 ਤੋਂ ਵੱਧ ਸੂਖਮ, ਛੋਟੇ ਅਤੇ ਮੱਧ ਉਦਯੋਗ ਵਾਲੇ ਆਯੁਸ਼ ਉਦਯੋਗ ਦਾ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਲਗਭਗ ਅੱਠ ਗੁਣਾ ਵਿਸਥਾਰ ਹੋਇਆ ਹੈ। ਮੈਨੂਫੈਕਚਰਿੰਗ ਖੇਤਰ ਦਾ ਰੈਵੇਨਿਊ 2014-15 ਦੇ 21,697 ਕਰੋੜ ਕਰੋੜ ਰੁਪਏ ਤੋਂ ਵੱਧ ਕੇ ਮੌਜੂਦਾ ਸਮੇਂ ਵਿੱਚ 1.37 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜਦੋਂ ਕਿ ਸੇਵਾ ਖੇਤਰ ਨੇ 1.67 ਲੱਖ ਕਰੋੜ ਰੁਪਏ ਦਾ ਰੈਵੇਨਿਊ ਅਰਜਿਤ ਕੀਤਾ ਹੈ।
ਭਾਰਤ ਹੁਣ 150 ਤੋਂ ਜ਼ਿਆਦਾ ਦੇਸ਼ਾਂ ਨੂੰ 1.54 ਅਰਬ ਡਾਲਰ ਦੀ ਕੀਮਤ ਦੇ ਆਯੁਸ਼ ਅਤੇ ਹਰਬਲ ਉਤਪਾਦਾਂ ਦਾ ਨਿਰਯਾਤ ਕਰਦਾ ਹੈ ਅਤੇ ਆਯੁਰਵੇਦ ਨੂੰ ਕਈ ਦੇਸ਼ਾਂ ਵਿੱਚ ਇੱਕ ਆਯੁਰਵੈਦਿਕ ਪ੍ਰਣਾਲੀ ਦੇ ਰੂਪ ਵਿੱਚ ਰਸਮੀ ਮਾਨਤਾ ਮਿਲ ਰਹੀ ਹੈ। ਇਹ ਵਿਸ਼ਵ ਮੰਚ 'ਤੇ ਆਰਥਿਕ ਮੌਕੇ ਅਤੇ ਸੌਫਟ ਪਾਵਰ, ਦੋਵਾਂ ਦੀ ਪ੍ਰਤੀਨਿਧਤਾ ਕਰਦਾ ਹੈ।
ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ (2022-23) ਦੁਆਰਾ ਆਯੁਸ਼ ‘ਤੇ ਕੀਤੇ ਗਏ ਪਹਿਲੇ ਵਿਆਪਕ ਸਰਵੇਖਣ ਤੋਂ ਲਗਭਗ ਯੂਨੀਵਰਸਲ ਜਾਗਰੂਕਤਾ ਦਾ ਪਤਾ ਚੱਲਦਾ ਹੈ – ਗ੍ਰਾਮੀਣ ਖੇਤਰਾਂ ਵਿੱਚ 95 ਪ੍ਰਤੀਸ਼ਤ ਅਤੇ ਸ਼ਹਿਰੀ ਕੇਂਦਰਾਂ ਵਿੱਚ 96 ਪ੍ਰਤੀਸ਼ਤ। ਪਿਛਲੇ ਵਰ੍ਹੇ ਅੱਧੇ ਤੋਂ ਜ਼ਿਆਦਾ ਆਬਾਦੀ ਨੇ ਆਯੂਸ਼ ਪ੍ਰਣਾਲੀਆਂ ਦਾ ਉਪਯੋਗ ਕਰਨ ਦੀ ਜਾਣਕਾਰੀ ਦਿੱਤੀ ਸੀ ਅਤੇ ਆਯੁਰਵੇਦ ਕਾਇਆਕਲਪ ਅਤੇ ਨਿਵਾਰਕ ਦੇਖਭਾਲ ਲਈ ਮਨਪਸੰਦ ਵਿਕਲਪ ਦੇ ਰੂਪ ਵਿੱਚ ਉਭਰਿਆ ਹੈ।
ਵਿਗਿਆਨਿਕ ਮਾਨਤਾ, ਵਿਸ਼ਵਵਿਆਪੀ ਵਿਸਤਾਰ
ਭਾਰਤ ਨੇ ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ, ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ, ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ, ਅਤੇ ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਜ਼ ਸਮੇਤ ਕਈ ਸੰਸਥਾਨਾਂ ਰਾਹੀਂ ਖੋਜ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।
ਇਹ ਸੰਸਥਾਨ ਕਲੀਨਿਕਲ ਪ੍ਰਮਾਣਿਕਤਾ, ਡਰੱਗ ਮਾਨਕੀਕਰਣ, ਅਤੇ ਏਕੀਕ੍ਰਿਤ ਦੇਖਭਾਲ ਮਾਡਲ ਵਿਕਸਿਤ ਕਰਨ 'ਤੇ ਧਿਆਨ ਕੇਂਦ੍ਰਤ ਕਰਦੇ ਹਨ ਜੋ ਰਵਾਇਤੀ ਗਿਆਨ ਨੂੰ ਆਧੁਨਿਕ ਡਾਕਟਰੀ ਅਭਿਆਸਾਂ ਨਾਲ ਜੋੜਦੇ ਹਨ।
ਆਯੁਸ਼ ਮੰਤਰਾਲੇ ਦੀ ਅੰਤਰਰਾਸ਼ਟਰੀ ਸਹਿਯੋਗ ਯੋਜਨਾ ਰਾਹੀਂ ਭਾਰਤ ਦੀ ਗਲੋਬਲ ਆਯੁਰਵੇਦ ਪੁਹੰਚ ਨੇ ਬੇਮਿਸਾਲ ਪੱਧਰ ਹਾਸਲ ਕੀਤਾ ਹੈ। ਭਾਰਤ ਨੇ 25 ਦੁਵੱਲੇ ਸਮਝੌਤਿਆਂ ਅਤੇ 52 ਸੰਸਥਾਗਤ ਸਾਂਝੇਦਾਰੀਆਂ ‘ਤੇ ਹਸਤਾਖਰ ਕੀਤੇ ਹਨ, 39 ਦੇਸ਼ਾਂ ਵਿੱਚ 43 ਆਯੁਸ਼ ਸੂਚਨਾ ਸੈੱਲ ਸਥਾਪਿਤ ਕੀਤੇ ਹਨ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ 15 ਵਿਦਿਅਕ ਵਿਭਾਗਾਂ ਦੀ ਸਥਾਪਨਾ ਕੀਤੀ ਹੈ।
ਭਾਰਤ ਵਿੱਚ ਡਬਲਿਊਐੱਚਓ ਗਲੋਬਲ ਰਵਾਇਤੀ ਚਿਕਿਤਸਾ ਕੇਂਦਰ ਦੀ ਸਥਾਪਨਾ ਇੱਕ ਮਹੱਤਵਪੂਰਨ ਉਪਲਬਧੀ ਹੈ। ਭਾਰਤ ਸਰਕਾਰ ਤੋਂ ਸਮਰਥਨ ਪ੍ਰਾਪਤ ਇਸ ਕੇਂਦਰ ਦਾ ਉਦੇਸ਼ ਆਧੁਨਿਕ ਵਿਗਿਆਨ, ਡਿਜੀਟਲ ਹੈਲਥ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸੀ ਸਮੇਤ ਉਭਰਦੀਆਂ ਟੈਕਨੋਲੋਜੀਆਂ ਰਾਹੀਂ ਰਵਾਇਤੀ ਚਿਕਿਤਸਾ ਦੀ ਸਮਰੱਥਾ ਦੀ ਵਰਤੋਂ ਕਰਨਾ ਹੈ।
ਰਵਾਇਤੀ ਚਿਕਿਤਸਾ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਏਕੀਕਰਣ ‘ਤੇ ਵਿਸ਼ਵ ਸਿਹਤ ਸੰਗਠਨ ਦਾ ਹਾਲੀਆ ਪ੍ਰਕਾਸ਼ਨ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਕਿਵੇਂ ਉੱਨਤ ਟੈਕਨੋਲੋਜੀਆਂ ਕਲੀਨਿਕਲ ਪ੍ਰਮਾਣਿਕਤਾ ਨੂੰ ਮਜ਼ਬੂਤ ਕਰ ਸਕਦੀਆਂ ਹਨ, ਵੱਡੇ ਡੇਟਾ ਵਿਸ਼ਲੇਸ਼ਣ ਨੂੰ ਸਮਰੱਥ ਬਣਾ ਸਕਦੀਆਂ ਹਨ ਅਤੇ ਆਯੁਰਵੇਦ ਅਤੇ ਸਬੰਧਿਤ ਪ੍ਰਣਾਲੀਆਂ ਵਿੱਚ ਪੂਰਵ ਅਨੁਮਾਨ ਦੇਖਭਾਲ ਪ੍ਰਣਾਲੀ ਨੂੰ ਬਿਹਤਰ ਬਣਾ ਸਕਦੀਆਂ ਹਨ।
ਆਯੁਰਵੇਦ ਜਨ-ਜਨ ਦੇ ਲਈ, ਪ੍ਰਿਥਵੀ ਦੇ ਕਲਿਆਣ ਦੇ ਲਈ
ਆਯੁਰਵੇਦ ਦਾ ਮੂਲ ਦਰਸ਼ਨ- ਸਰੀਰ ਅਤੇ ਮਨ, ਮਨੁੱਖ ਅਤੇ ਕੁਦਰਤ, ਉਪਭੋਗ ਅਤੇ ਸੁਰੱਖਿਆ ਦਰਮਿਆਨ ਸੰਤੁਲਨ- ਸਮਕਾਲੀ ਚੁਣੌਤੀਆਂ ਦੇ ਲਈ ਪ੍ਰਾਸੰਗਿਕ ਸਮਾਧਾਨ ਪੇਸ਼ ਕਰਦਾ ਹੈ। ਜਿੱਥੇ ਇੱਕ ਪਾਸੇ ਦੁਨੀਆ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਅਤੇ ਜਲਵਾਯੂ ਪਰਿਵਰਤਨ ਨਾਲ ਜੁਝ ਰਹੀ ਹੈ, ਉੱਥੇ ਹੀ ਆਯੁਰਵੇਦ ਇੱਕ ਅਜਿਹੀ ਰੂਪਰੇਖਾ ਪ੍ਰਦਾਨ ਕਰਦਾ ਹੈ, ਜੋ ਨਿਜੀ ਅਤੇ ਪ੍ਰਿਥਵੀ ਦੀ ਸਿਹਤ, ਦੋਹਾਂ ਦਾ ਸਮਾਧਾਨ ਕਰਨ ਵਿੱਚ ਸਮਰੱਥ ਹੈ।
ਭਾਰਤ ਵਿਸ਼ਵਵਿਆਪੀ ਪੱਧਰ ‘ਤੇ ਰਵਾਇਤੀ ਚਿਕਿਤਸਾ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਯਤਨਾਂ ਦੀ ਅਗਵਾਈ ਕਰ ਰਿਹਾ ਹੈ। ਇਹ ਦ੍ਰਿਸ਼ਟੀਕੋਣ ਨਿਵਾਰਕ, ਕਿਫਾਇਤੀ, ਸਮਾਵੇਸ਼ੀ ਅਤੇ ਸਥਾਈ ਹੈਲਥ ਕੇਅਰ ‘ਤੇ ਜ਼ੋਰ ਦਿੰਦਾ ਹੈ। ਆਯੁਰਵੇਦ ਨਾ ਸਿਰਫ਼ ਇੱਕ ਚਿਕਿਤਸਾ ਪ੍ਰਣਾਲੀ, ਸਗੋਂ ਇੱਕ ਭਲਾਈ ਅਭਿਆਨ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਰਵਾਇਤੀ ਗਿਆਨ ਨੂੰ ਸਮਕਾਲੀ ਜ਼ਰੂਰਤਾਂ ਨਾਲ ਜੋੜਦਾ ਹੈ।
ਪ੍ਰਾਚੀਨ ਗਿਆਨ ਦਾ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੇ ਨਾਲ ਤਾਲਮੇਲ, ਰਵਾਇਤੀ ਚਿਕਿਤਸਾ ਪ੍ਰਣਾਲੀਆਂ ਨੂੰ ਵਿਸ਼ਵਵਿਆਪੀ ਸਿਹਤ ਸੰਰਚਨਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਸੁਵਿਧਾ ਦਿੰਦਾ ਹੈ। ਇਸ ਵਰ੍ਹੇ ਆਯੁਰਵੇਦ ਦਿਵਸ ਰਵਾਇਤੀ ਗਿਆਨ ਪ੍ਰਣਾਲੀਆਂ ਦੀ ਸਮਰੱਥਾ ਦੀ ਯਾਦ ਦਿਵਾਉਂਦਾ ਹੈ, ਜੋ ਲੋਕ ਤੇ ਆਪਣੀ ਪ੍ਰਿਥਵੀ ਦੇ ਸੰਦਰਭ ਵਿੱਚ ਇੱਕ ਵਧੇਰੇ ਸੰਤੁਲਿਤ ਅਤੇ ਸਥਾਈ ਭਵਿੱਖ ਵਿੱਚ ਯੋਗਦਾਨ ਦੇ ਸਕਦੀ ਹੈ।
ਲੇਖਕ: ਸ਼੍ਰੀ ਪ੍ਰਤਾਪਰਾਓ ਜਾਧਵ
ਕੇਂਦਰੀ ਆਯੁਰਵੇਦ, ਯੋਗ ਅਤੇ ਕੁਦਰਤੀ ਚਿਕਿਤਸਾ, ਯੂਨਾਨੀ, ਸਿੱਧ, ਸੋਵਾ ਰਿਗਪਾ ਅਤੇ ਹੋਮਿਓਪੈਥੀ (ਆਯੁਸ਼) ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ
***
