ਰੱਬਾ ਕਰ ਦੇ ਮਿਹਰ ਦੀ ਵਰਖਾ .

 


ਸ਼ਹਿਰ ਬੰਦ, ਪਿੰਡ ਬੰਦ, 

ਹਰ ਗਲੀ, ਕੂਚਾ, ਮੁਹੱਲਾ, ਦੇਸ਼ ਬੰਦ

ਸਾਰਾ ਸੰਸਾਰ ਹੀ ਜਿਵੇਂ ਹੈ 

ਡਰਿਆ ਡਰਿਆ,

ਵਾਇਰਸ ਕੋਰੋਨਾ ਦਾ

ਚੁਪਾਸੀਂ ਹੈ ਸਹਿਮ


ਦੂਰ ਤੱਕ ਇੱਕ ਚੁੱਪ ਪੱਸਰੀ ਹੈ 

ਛਾਇਆ ਹੈ ਖੌਫ਼ 

ਲੌਕਡਾਊਨ ਨੇ ਕੀਤਾ ਹੈ

ਜਨਜੀਵਨ ਲੌਕ 


ਅੱਜ ਹਰ ਬੰਦਾ ਹੀ ਬੰਦ ਹੈ 

ਆਪਣੇ ਹੀ ਘਰ ਦੇ ਅੰਦਰ 

ਸਕੂਲ, ਕਾਲਜ ਬੰਦ ਨੇ 

ਬੰਦ ਗੁਰਦੁਆਰੇ ਮੰਦਰ 

ਕਾਰਖਾਨੇ ਦਫ਼ਤਰ ਬੰਦ ਨੇ 

ਆਵਾਜਾਈ ਠੱਪ 

ਸੜਕਾਂ ਨੂੰ ਜਾਪੇ ਸੁੰਘ ਗਿਆ ਹੈ 

ਜੀਕਣ ਸੱਪ 


ਮਨੁੱਖ ਦੇ ਬਣਾਏ ਬਾਇਓਂ ਹਥਿਆਰ ਨੇ ਹੈ ਢਾਇਆ ਕਹਿਰ 

ਕਰੋਨਾ ਵਾਇਰਸ ਦੇ ਡੰਗ ਦਾ ਛੱਡ ਕੇ  ਜ਼ਹਿਰ


ਕੁਰਲਾ ਰਹੀ ਲੋਕਾਈ 

ਕੁਦਰਤ ਖਾਮੋਸ਼ ਹੈ 

ਮੌਤਾਂ ਦੀ ਕੀ ਗਿਣਤੀ ਕਰੀਏ 

ਕਬਰਾਂ ਬਣ ਗਈ

ਧਰਤ ਦੀ ਆਗੋਸ਼ ਹੈ


ਡਰਿਆ ਸਹਿਮਿਆ ਖ਼ੌਫ਼ਜ਼ਦਾ ਬੰਦਾ 

ਘਰਾਂ ਦੇ ਘੁਰਨਿਆਂ ਵਿਚ ਦੁੱਬਕਿਆ ਬੈਠਾ - ਜਿਵੇਂ ਮੁਜਰਮ ਜਿਹਾ


ਅਸਮਾਨ ਦਿੱਸਦਾ ਸਾਫ਼ ਨੀਲਾ 

ਨਹਿਰਾਂ ਝੀਲਾਂ ਸਾਗਰ ਪਰਬਤ 

ਮਨੁੱਖ ਦੇ ਫੈਲਾਏ ਪ੍ਰਦੂਸ਼ਣ ਤੋਂ ਨਿਜਾਤ ਪਾ ਕੇ ਜਿਵੇਂ ਪ੍ਰਸੰਨ ਨੇ 

ਆਲ੍ਹਣਿਆਂ ਤੋਂ ਨਿਕਲ ਕੇ 

ਪੰਛੀ- ਪਰਿੰਦੇ 

ਵਿਚ ਅਕਾਸ਼ੀਂ ਲੁੱਡੀਆਂ ਪਾਉਂਦੇ ਚਹਿਚਿਹਾਉਂਦੇ 


ਪਰ ਬੰਦੇ ਦੇ ਗਿਆਨ ਵਿਗਿਆਨ ਸਿਆਣਪ ਦੀ ਹੈਂਕੜ ਟੁੱਟ ਗਈ ਹੈ 

ਉਸਦੇ ਜੀਵਨ ਦੀ ਰਫ਼ਤਾਰ

ਰੁਕ ਗਈ ਹੈ 


ਲੱਗਦੈ ਜੀਕਣ ਕੁਦਰਤ ਨੇ 

ਸ਼ੀਸ਼ਾ ਹੈ ਦਿਖਾਇਆ 

ਰੱਬ ਬਣਨ ਚੱਲਿਆ ਸੀ ਬੰਦਾ 

ਬੰਦੇ ਦਾ ਪੁੱਤ ਬਣਾਇਆ 


ਵਾਹ ! ਨੀਂ ਕੁਦਰਤੇ, ਵਾਹ ਨੀਂ ਵਾਹ 

ਤੇਰਾ ਨਾ ਕਿਸੇ ਨੇ ਪਾ ਸਕਣਾ, 

ਨਾ ਪਾਇਆ ਥਾਹ.....


ਕੰਨਾਂ ਨੂੰ ਹੱਥ ਲੱਗ ਗਏ ਰੱਬਾ 

ਹੁਣ ਤਾਂ ਕਰ ਦੇ ਮਿਹਰ ਦੀ ਵਰਖਾ 

ਕੋਰੋਨਾ ਵਾਇਰਸ ਦਾ ਕਰ ਸਫਾਇਆ

ਪੁੱਠਾ ਕਰ ਦੇ ਇਸ ਦਾ ਚਰਖਾ 


 -ਅਸ਼ਵਨੀ ਜੇਤਲੀ