ਨਸ਼ੇੜੀ ਦੰਪਤੀ ਨੇ ਵੇਚਿਆ ਮਾਸੂਮ.
ਨਸ਼ੇੜੀ ਪਤੀ ਪਤਨੀ ਨੇ ਵੇਚਿਆ ਆਪਣਾ ਮਾਸੂਮ 6 ਮਹੀਨਿਆ ਦਾ ਬੱਚਾ
ਮਮਤਾ ਜਾਗੀ ਤਾਂ ਮਾਂ ਬੱਚਾ ਵਾਪਿਸ ਲੈਣ ਲਈ ਪੁੱਜੀ ਪੁਲਿਸ ਕੋਲ
ਬੁਢਲਾਡਾ, 25 ਅਕਤੂਬਰ (ਮੇਹਤਾ ਅਮਨ) ਨਸ਼ੇ ਦੀ ਪੂਰਤੀ ਲਈ ਪਤੀ ਪਤਨੀ ਨੇ ਚਿੱਟੇ ਦੀ ਖਾਤਰ ਆਪਣੇ 6 ਮਹੀਨਿਆਂ ਦਾ ਜਿਗਰ ਦਾ ਟੁਕੜਾ ਵੇਚ ਦਿੱਤਾ ਅਤੇ ਢਾਈ ਮਹੀਨੇ ਬਾਅਦ ਮਾਂ ਦੀ ਮਮਤਾ ਨੂੰ ਜਦੋਂ ਆਪਣਾ ਪੁੱਤਰ ਵੇਚਣ ਦਾ ਪਛਤਾਵਾ ਹੋਇਆ ਤਾਂ ਉਸਨੇ ਪੁਲਿਸ ਨੂੰ ਬੱਚਾ ਵਾਪਿਸ ਲੈਣ ਦੀ ਗੁਹਾਰ ਕੀਤੀ। ਉੱਧਰ ਕਾਨੂੰਨੀ ਪ੍ਰੀਕਿਰਿਆ ਅਧੀਨ ਪ੍ਰਾਪਤ ਕਰਨ ਵਾਲੇ ਬੁਢਲਾਡਾ ਦੇ ਕਵਾੜੀਏ ਪਤੀ ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਬੱਚਿਆਂ ਮਾਪਿਆਂ ਦੀ ਸਹਿਮਤੀ ਨਾਲ ਕਾਨੂੰਨੀ ਪ੍ਰੀਕਿਰਿਆ ਤਹਿਤ ਗੋਦ ਲਿਆ ਹੈ ਖ੍ਰੀਦਿਆਂ ਨਹੀਂ। ਮਾਸੂਮ ਬੱਚੇ ਨੂੰ ਵੇਚਣ ਵਾਲੇ ਪਤੀ ਪਤਨੀ ਪਿਛਲੇ 2 ਸਾਲਾਂ ਤੋਂ ਚਿੱਟੇ ਦੇ ਨਸ਼ੇ ਦੇ ਆਦੀ ਹਨ ਅਤੇ ਉਸ ਮਾਸੂਮ ਦੀ ਮਾਂ ਕਿਸੇ ਵੇਲੇ ਰਾਜ ਪੱਧਰੀ ਭਲਵਾਨੀ ਖੇਡਾਂ ਚ ਆਪਣੀ ਖੇਡ ਦਾ ਜੌਹਰ ਦਿਖਾ ਚੁੱਕੀ ਹੈ। ਦੋਵੇ ਪਤੀ ਪਤਨੀ ਇੰਸਗ੍ਰਾਮ ਤੇ ਦੋਸਤੀ ਤੋਂ ਬਾਅਦ ਪ੍ਰੇਮ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੀ ਇਹ ਪਹਿਲੀ ਔਲਾਦ ਹੈ। ਮਾਸੂਮ ਦੇ ਮਾਤਾ ਪਿਤਾ ਸੰਦੀਪ ਅਤੇ ਗੁਰਨਾਮ ਨੇ ਦੱਸਿਆ ਕਿ ਉਹ ਚਿੱਟੇ ਦੇ ਆਦੀ ਹਨ। ਉਹ ਚਿੱਟੇ ਦੇ ਅਜਿਹੇ ਮੁਰੀਦ ਹੋ ਗਏ ਅਤੇ ਉਹ ਆਪਣੇ ਬੱਚੇ ਦੀ ਪਰਵਰਿਸ਼ ਭੁੱਲ ਗਏ। ਚਿੱਟਾਂ ਉਨ੍ਹਾਂ ਦੀਆਂ ਰਗਾਂ ਵਿੱਚ ਸਮਾ ਚੁੱਕਾ ਸੀ। ਪਹਿਲਾ ਉਹ ਰਤੀਆ ਰਹਿੰਦੇ ਸਨ ਜਿੱਥੇ ਕਿਸੇ ਵਿਅਕਤੀ ਵਲੋਂ ਮਾਸੂਮ ਨੂੰ 5 ਲੱਖ ਰੁਪਏ ਵਿਚ ਵੇਚਣ ਦੀ ਆਫਰ ਮਿਲੀ ਸੀ। ਮੌਜੂਦਾਂ ਸਮੇਂ ਵਿੱਚ ਉਹ ਪਿੰਡ ਅਕਬਰਪੁਰ ਖੁਡਾਲ ਵਿੱਚ ਰਹਿੰਦੇ ਸਨ। ਜਿੱਥੇ ਸਾਡੀ ਹਾਲਤ ਨੂੰ ਦੇਖਦਿਆਂ ਬੱਚਾਂ ਖ੍ਰੀਦਣ ਦੀ ਪੇਸ਼ਕਸ਼ ਕੀਤੀ ਗਈ ਅਤੇ ਉਨ੍ਹਾਂ ਦਿਲ ਤੇ ਪੱਥਰ ਰੱਖ ਕੇ 1 ਲੱਖ 80 ਹਜ਼ਾਰ ਰੁਪਏ ਵਿਚ ਆਪਣੇ ਜਿਗਰ ਦਾ ਟੁਕੜਾ ਵੇਚ ਦਿੱਤਾ। ਪਰ ਪਹਿਲਵਾਨ ਰਹੀ ਪਤਨੀ ਗੁਰਨਾਮ ਕੌਰ ਨੇ ਦੱਸਿਆ ਕਿ ਹੁਣ ਉਸ ਨੂੰ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਇਹ ਗਲਤ ਕਦਮ ਚੁੱਕ ਲਿਆ ਹੈ, ਹੁਣ ਉਹ ਆਪਣੇ ਬੱਚੇ ਨੂੰ ਵਾਪਸ ਲੈ ਕੇ ਉਸ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੀ ਹੈ। ਪਤੀ ਪਤਨੀ ਨੂੰ ਇਹ ਵੀ ਪਛਤਾਵਾ ਹੈ ਕਿ ਜੇਕਰ ਉਹ ਚਿੱਟੇ ਦੇ ਸ਼ਿਕਾਰ ਨਾ ਹੁੰਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ। ਦੋਵੇਂ ਪਤੀ ਪਤਨੀ ਨੇ ਪੁਲਿਸ ਨੂੰ ਅਰਜੀ ਦੇ ਕੇ ਆਪਣਾ ‘ਲਾਲ’ ਵਾਪਸ ਮੰਗਿਆ ਹੈ।
ਉਧਰ ਦੂਜੇ ਪਾਸੇ ਬੱਚਾ ਲੈਣ ਵਾਲੇ ਬੁਢਲਾਡਾ ਦੇ ਕਵਾੜੀਏ ਸੰਜੂ ਅਤੇ ਆਰਤੀ ਨੇ ਕਿਹਾ ਕਿ ਬੱਚੇ ਦੇ ਮਾਤਾ ਪਿਤਾ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਕਿਹਾ ਕਿ ਸਾਡੇ ਤੋਂ ਇਨ੍ਹਾਂ ਹਾਲਾਤਾਂ ਵਿੱਚ ਬੱਚੇ ਦਾ ਪਾਲਣ ਪੋਸ਼ਣ ਨਹੀਂ ਹੋ ਰਿਹਾ ਅਤੇ ਨਾ ਹੀ ਸਾਨੂੰ ਬੱਚੇ ਦੀ ਜਰੂਰਤ ਹੈ ਅਤੇ ਅਸੀਂ ਉਨ੍ਹਾਂ ਤੋਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਬੱਚਾ ਗੋਦ ਲੈ ਲਿਆ। ਜਿਸ ਲਈ ਉਨ੍ਹਾਂ ਨੇ ਕੋਈ ਪੈਸਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਗੋਦ ਲੈਣ ਵੇਲੇ ਬੱਚਾ ਬੇਹੱਦ ਬਿਮਾਰ ਸੀ ਅਤੇ ਉਨ੍ਹਾਂ ਖੁਦ ਇਸ ਮਾਸੂਮ ਦਾ ਇਲਾਜ ਵੀ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਬਾਅਦ ਵਿਚ ਕਿਸੇ ਦੀ ਚੱਕ ਵਿਚ ਆ ਕੇ ਪਤੀ ਪਤਨੀ ਨੇ ਇਹ ਮਾਮਲੇ ਨੂੰ ਹੋਰ ਰੂਪ ਦੇ ਦਿੱਤਾ ਅਤੇ ਉਨ੍ਹਾਂ ਤੇ ਬੱਚਾ ਖਰੀਦਣ ਦਾ ਦੋਸ਼ ਲਗਾ ਦਿੱਤੇ। ਜਦੋਂ ਕਿ ਉਨ੍ਹਾਂ ਕੋਲ ਬੱਚਾ ਗੋਦ ਲੈਣ ਦਾ ਸਾਰੀ ਕਾਨੂੰਨੀ ਕਾਰਵਾਈ ਦੇ ਦਸਤਾਵੇਜ ਹਨ।
ਕੀ ਕਹਿਣਾ ਹੈ ਪੁਲਿਸ ਦਾ-
ਡੀ.ਐਸ.ਪੀ ਬੁਢਲਾਡਾ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਪੁਲਿਸ ਕੋਲ ਇਕ ਪਤੀ ਪਤਨੀ ਦੀ ਆਪਣਾ ਬੱਚਾ ਵਾਪਸ ਲੈਣ ਸਬੰਧੀ ਦਰਖਾਸਤ ਆਈ ਹੈ, ਜਿਸ ਲਈ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸੇ ਦੇ ਨਸ਼ੇੜੀ ਹੋਣ, ਬੱਚਾ ਖਰੀਦਣ, ਵੇਚਣ ਜਾਂ ਗੋਦ ਲੈਣ ਸਬੰਧੀ ਪੁਲਸ ਗੰਭੀਰਤਾ ਨਾਲ ਪੜਤਾਲ ਕਰ ਰਹੀ ਹੈ। ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਕ ਸ਼ੰਕਾ ਅਨੁਸਾਰ ਇਸ ਮਾਮਲੇ ਵਿਚ ਇਕ ਤਾਂਤਰਿਕ ਦੀ ਭੂਮਿਕਾ ਹੋਣ ਦੇ ਮਾਮਲੇ ਦੀ ਵੀ ਪੜਤਾਲ ਕਰਨ ਦੀ ਗੱਲ ਕਹੀ।
ਫੋਟੋ : ਬੁਢਲਾਡਾ- ਕਾਨੂੰਨੀ ਪ੍ਰੀਕਿਰਿਆ ਅਧੀਨ ਗੋਦ ਲੈਣ ਵਾਲੇ ਪਤੀ ਪਤਨੀ ਸੰਜੂ ਤੇ ਆਰਤੀ।
