Acupuncture Medical Camp held.
ਲੁਧਿਆਣਾ - ਅੱਜ ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਸਲੇਮ ਟਾਬਰੀ ਵੱਲੋਂ ਚੀਨ ਲਈ ਭਾਰਤੀ ਮੈਡੀਕਲ ਮਿਸ਼ਨ (1938–1942) ਦੀ 87ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਦੋ ਦਿਨਾ ਐਕਿਊਪੰਕਚਰ ਮੈਡੀਕਲ ਕੈਂਪ ਸ਼ਿਵ ਸ਼ਕਤੀ ਧਰਮਸ਼ਾਲਾ, ਨਿਊ ਅਸ਼ੋਕ ਨਗਰ ਵਿੱਚ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਚੌਧਰੀ ਮਦਨ ਲਾਲ ਬੱਗਾ, ਵਿਧਾਇਕ (ਲੁਧਿਆਣਾ ਉੱਤਰੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਂਪ ਦਾ ਉਦਘਾਟਨ ਡਾ. ਕੋਟਨੀਸ ਹਸਪਤਾਲ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ, ਸ. ਜਸਵੰਤ ਸਿੰਘ ਛਾਪਾ (ਪ੍ਰਧਾਨ ਸਰਬੱਤ ਦਾ ਭਲਾ ਚੈਰਿਟੇਬਲ ਟਰੱਸਟ, ਲੁਧਿਆਣਾ), ਅਸ਼ਵਨੀ ਵਰਮਾ (ਐੱਮ.ਸੀ.ਸੀ.), ਸ. ਇਕਬਾਲ ਸਿੰਘ ਗਿੱਲ (ਆਈ.ਪੀ.ਐਸ.) ਅਤੇ ਸੰਦੀਪ ਸੋਨੀ (ਪ੍ਰਧਾਨ, ਸ਼ਿਵ ਸ਼ਕਤੀ ਧਰਮਸ਼ਾਲਾ) ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਹੋਈ ਸਭਾ ਵਿੱਚ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਜੀ ਨੇ ਕਿਹਾ ਕਿ ਐਕਿਊਪੰਕਚਰ ਚਿਕਿਤਸਾ ਪ੍ਰਣਾਲੀ ਹਰ ਤਰ੍ਹਾਂ ਦੀ ਬੀਮਾਰੀ ਨੂੰ ਠੀਕ ਕਰਨ ਵਿੱਚ ਪ੍ਰਭਾਵਸ਼ਾਲੀ ਹੈ ਅਤੇ ਉਹ ਖੁਦ ਕਈ ਸਾਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਵੱਲੋਂ ਲਗਾਏ ਜਾ ਰਹੇ ਮੁਫ਼ਤ ਕੈਂਪਾਂ ਅਤੇ ਸਮਾਜ ਸੇਵਾ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਸ. ਜਸਵੰਤ ਸਿੰਘ ਛਾਪਾ ਜੀ ਨੇ ਕਿਹਾ ਕਿ ਐਕਿਊਪੰਕਚਰ ਥੈਰਪੀ ਬਿਨਾਂ ਦਵਾਈ ਤੇ ਬਿਨਾਂ ਓਪਰੇਸ਼ਨ ਦੇ ਸਿਧਾਂਤ ‘ਤੇ ਅਧਾਰਿਤ ਹੈ, ਜਿਸਦਾ ਸ਼ਰੀਰ ‘ਤੇ ਕੋਈ ਵੀ ਨਕਾਰਾਤਮਕ ਅਸਰ ਨਹੀਂ ਹੁੰਦਾ ਅਤੇ ਇਹ ਹੋਰ ਇਲਾਜਾਂ ਨਾਲੋਂ ਕਾਫ਼ੀ ਸਸਤਾ ਹੈ। ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਪਿਛਲੇ 50 ਸਾਲਾਂ ਤੋਂ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਅਤੇ ਇਹ ਕੈਂਪ ਅੰਤਰਰਾਸ਼ਟਰੀ ਆਜ਼ਾਦੀ ਸੈਨਾਨੀ ਡਾ. ਦ੍ਵਾਰਕਾਨਾਥ ਕੋਟਨੀਸ ਅਤੇ ਡਾ. ਵਿਜੇ ਕੁਮਾਰ ਬਾਸੂ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਹੈ। ਜਿਵੇਂ ਉਨ੍ਹਾਂ ਨੇ 1938 ਤੋਂ 1942 ਤੱਕ ਚੀਨ ਵਿੱਚ ਮਨੁੱਖਤਾ ਦੀ ਸੇਵਾ ਕਰਦਿਆਂ ਹਿੰਦ-ਚੀਨ ਦੋਸਤੀ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਸੀ, ਉਸੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਡਾ. ਕੋਟਨੀਸ ਐਕਿਊਪੰਕਚਰ ਹਸਪਤਾਲ ਵੱਲੋਂ ਪੂਰੇ ਭਾਰਤ ਵਿੱਚ ਮੁਫ਼ਤ ਐਕਿਊਪੰਕਚਰ ਕੈਂਪ ਲਗਾਏ ਜਾ ਰਹੇ ਹਨ। ਕੈਂਪ ਵਿੱਚ ਕਮਰ ਦਰਦ, ਰੀੜ੍ਹ ਦੀ ਹੱਡੀ ਦਾ ਦਰਦ, ਸਰਵਾਈਕਲ ਸਪੌਂਡਿਲਾਇਟਿਸ, ਜੋੜਾਂ ਦਾ ਦਰਦ, ਸਾਹ ਦੀ ਤਕਲੀਫ਼, ਦਮਾ ਆਦਿ ਦਾ ਇਲਾਜ ਐਕਿਊਪੰਕਚਰ ਥੈਰਪੀ ਰਾਹੀਂ ਮੁਫ਼ਤ ਕੀਤਾ ਗਿਆ। ਇਸ ਮੌਕੇ ਤੇ ਡਾ. ਰਘੁਵੀਰ ਸਿੰਘ, ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਡਾ. ਸ਼ਰਮਾ ਨੇ ਆਪਣੀਆਂ ਮੁਫ਼ਤ ਸੇਵਾਵਾਂ ਦਿੱਤੀਆਂ। ਕੈਂਪ ਦੇ ਅੰਤ ਵਿੱਚ ਵਿਧਾਇਕ ਬੱਗਾ ਜੀ ਵੱਲੋਂ ਸਾਰੇ ਆਯੋਜਕਾਂ ਅਤੇ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਲਗਭਗ 98 ਮਰੀਜ਼ਾਂ ਦਾ ਇਲਾਜ ਪੂਰੀ ਤਰ੍ਹਾਂ ਮੁਫ਼ਤ ਕੀਤਾ ਗਿਆ। ਕੈਂਪ ਨੂੰ ਸਫਲ ਬਣਾਉਣ ਵਿੱਚ ਰੇਸ਼ਮ ਸਿੰਘ ਨਤ, ਸੁਸ਼ੀਲ ਸੂਦ, ਤਰਸੇਮ ਲਾਲ, ਗਗਨ ਭਾਟੀਆ, ਮਨੀਸ਼ਾ, ਪੁਨਮ, ਵੈਸ਼ਾਲੀ ਤੇ ਅਮਨ ਆਦਿ ਨੇ ਖਾਸ ਯੋਗਦਾਨ ਪਾਇਆ।
