ਟੈਕਨਾਲੋਜੀ ਨਾਲ ਭਰਪੂਰ ਭਾਰਤ.

ਟੈਕਨੋਲੋਜੀ ਨਾਲ ਭਰਪੂਰ ਭਾਰਤ ਅੱਜ ਕਿਸੇ ਦੇ ਪਿੱਛੇ ਨਹੀਂ ਚੱਲਦਾ, ਸਗੋਂ ਹੋਰਾਂ ਨੂੰ ਪਿੱਛੇ ਚੱਲਣ ਲਈ ਕਰ ਰਿਹਾ ਪ੍ਰੇਰਿਤ


- ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ, ਭਾਰਤ ਸਰਕਾਰ

ਭਾਰਤ ਅੱਜ ਵਿਸ਼ਵ ਵਿਗਿਆਨਿਕ ਪੁਨਰਜਾਗਰਣ ਦੀ ਦਹਿਲੀਜ਼ 'ਤੇ ਖੜ੍ਹਾ ਹੈ। ਤਕਨੀਕੀ ਨਾਲ ਭਰਪੂਰ ਭਾਰਤ ਕਿਸੇ ਦੇ ਪਿੱਛੇ ਨਹੀਂ ਚੱਲਦਾ, ਸਗੋਂ ਹੋਰਾਂ ਨੂੰ ਆਪਣੇ ਪਿੱਛੇ ਚੱਲਣ ਲਈ ਪ੍ਰੇਰਿਤ ਕਰ ਰਿਹਾ ਹੈ।
ਪਿਛਲੇ ਇੱਕ ਦਹਾਕੇ ਵਿੱਚ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ ਦੇਸ਼ ਨੇ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੇ ਖੇਤਰ ਵਿੱਚ ਬੇਮਿਸਾਲ ਤਰੱਕੀ ਦੇਖੀ ਹੈ। ਡਿਜੀਟਲ ਸਸ਼ਕਤੀਕਰਨ ਤੋਂ ਲੈ ਕੇ ਪੁਲਾੜ ਖੋਜ ਤੱਕ, ਆਤਮ-ਨਿਰਭਰ ਅਤੇ ਤਕਨੀਕ-ਪ੍ਰਧਾਨ ਭਾਰਤ ਦੀ ਰੂਪਰੇਖਾ ਹੁਣ ਸਪਸ਼ਟ ਤੌਰ 'ਤੇ ਦਿਖ ਰਹੀ ਹੈ। ਡਿਜੀਟਲ ਇੰਡੀਆ ਅਤੇ ਸਟਾਰਟਅੱਪ ਇੰਡੀਆ ਦੀਆਂ ਸਫ਼ਲਤਾਵਾਂ ਤੋਂ ਲੈ ਕੇ ਸਵੱਛ ਭਾਰਤ ਅਤੇ ਵਨ ਹੈਲਥ ਵਰਗੀਆਂ ਮੁਹਿੰਮਾਂ ਤੱਕ, ਦੇਸ਼ ਨੇ ਇਹ ਸਾਬਤ ਕੀਤਾ ਹੈ ਕਿ ਵਿਗਿਆਨ, ਤਕਨੀਕ ਅਤੇ ਨਵੀਨਤਾ ਰਾਹੀਂ ਵੱਡੇ ਪੱਧਰ 'ਤੇ ਬਦਲਾਅ ਲਿਆਂਦਾ ਜਾ ਸਕਦਾ ਹੈ।
ਯੂਪੀਆਈ ਕ੍ਰਾਂਤੀ ਨੇ ਡਿਜੀਟਲ ਭੁਗਤਾਨ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਹੈ ਅਤੇ ਭਾਰਤ ਨੂੰ ਇਸ ਖੇਤਰ ਵਿੱਚ ਵਿਸ਼ਵ ਮੋਹਰੀ ਬਣਾ ਦਿੱਤਾ ਹੈ। ਭਾਰਤ ਦੀ ਜੈਵਿਕ-ਅਰਥਵਿਵਸਥਾ ਨੇ ਪਿਛਲੇ ਦਸ ਸਾਲਾਂ ਵਿੱਚ ਜ਼ਬਰਦਸਤ ਤਰੱਕੀ ਕੀਤੀ ਹੈ। 2014 ਵਿੱਚ ਜਿੱਥੇ ਇਸ ਦਾ ਮੁੱਲ 10 ਅਰਬ ਡਾਲਰ ਸੀ, ਉੱਥੇ ਹੀ 2024 ਵਿੱਚ ਇਹ ਵਧ ਕੇ ਲਗਭਗ 165.7 ਅਰਬ ਡਾਲਰ ਹੋ ਗਿਆ ਹੈ। ਭਾਰਤ ਹੁਣ ਬਾਇਓਫਿਊਲ, ਬਾਇਓਪਲਾਸਟਿਕ ਅਤੇ ਗ੍ਰੀਨ ਕੈਮਿਕਲਸ ਵਰਗੇ ਖੇਤਰਾਂ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਚੰਦਰਯਾਨ ਅਤੇ ਗਗਨਯਾਨ ਮਿਸ਼ਨਾਂ ਨੇ ਭਾਰਤ ਦੀ ਪਹਿਚਾਣ ਪੁਲਾੜ-ਤਾਕਤ ਭਰਪੂਰ ਦੇਸ਼ਾਂ ਵਿੱਚ ਮਜ਼ਬੂਤ ਕੀਤੀ ਹੈ, ਜਦੋਂ ਕਿ 5ਜੀ ਨੈੱਟਵਰਕ ਦੀ ਸ਼ੁਰੂਆਤ ਅਤੇ ਡਿਜੀਟਲ ਕੂਟਨੀਤੀ ਨੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਤੱਕ ਕਨੈਕਟੀਵਿਟੀ ਅਤੇ ਸਸ਼ਕਤੀਕਰਨ ਪਹੁੰਚਾਇਆ ਹੈ।
ਭਾਰਤ ਹੁਣ ਸਾਰਿਆਂ ਲਈ ਆਰਟੀਫੀਸ਼ਿਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਗਲੋਬਲ ਲੀਡਰ ਵਜੋਂ ਉੱਭਰ ਰਿਹਾ ਹੈ। ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੁੱਧੀ ਅਤੇ ਨਵੀਨਤਾ ਦਾ ਫ਼ਾਇਦਾ ਹਰ ਖੇਤਰ ਤੱਕ ਪਹੁੰਚੇ। ਭਾਵੇਂ ਉਹ ਖੇਤੀਬਾੜੀ ਹੋਵੇ, ਸਿਹਤ ਸੰਭਾਲ ਹੋਵੇ ਜਾਂ ਸ਼ਾਸਨ ਵਿਵਸਥਾ ਹੋਵੇ। ਦੇਸ਼ ਵਿੱਚ 100 ਤੋਂ ਵੱਧ ਯੂਨੀਕੌਰਨ ਕੰਪਨੀਆਂ ਅਤੇ ਨੌਜਵਾਨਾਂ ਵੱਲੋਂ ਸੰਚਾਲਿਤ ਸਟਾਰਟਅੱਪਸ ਦਾ ਮਜ਼ਬੂਤ ਨੈੱਟਵਰਕ ਭਾਰਤ ਦੀ ਵਿਗਿਆਨਿਕ ਅਤੇ ਉੱਦਮੀ ਭਾਵਨਾ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾ ਰਿਹਾ ਹੈ। ਗ੍ਰੀਨ ਹਾਈਡ੍ਰੋਜਨ, ਕੁਆਂਟਮ ਵਿਗਿਆਨ ਅਤੇ ਤਕਨੀਕ, ਸੈਮੀਕੰਡਕਟਰ ਨਿਰਮਾਣ ਅਤੇ ਸਟੀਕ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਇਹ ਦਿਖਾਉਂਦੀ ਹੈ ਕਿ ਭਾਰਤ ਹੁਣ ਸਿਰਫ਼ ਦੁਨੀਆ ਦੇ ਨਾਲ ਕਦਮ ਨਹੀਂ ਮਿਲਾ ਰਿਹਾ, ਸਗੋਂ ਭਵਿੱਖ ਦੀ ਦਿਸ਼ਾ ਤੈਅ ਕਰਨ ਵਿੱਚ ਮਦਦ ਕਰ ਰਿਹਾ ਹੈ। ਇਹ ਆਤਮ-ਨਿਰਭਰ ਭਾਰਤ ਦੀ ਕਹਾਣੀ ਹੈ। ਇੱਕ ਅਜਿਹਾ ਆਤਮ-ਵਿਸ਼ਵਾਸੀ ਅਤੇ ਦੂਰਦਰਸ਼ੀ ਭਾਰਤ, ਜੋ ਵਿਕਸਿਤ ਭਾਰਤ 2047 ਦੇ ਟੀਚੇ ਵੱਲ, ਆਪਣੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਤੱਕ, ਦ੍ਰਿੜ੍ਹਤਾ ਨਾਲ ਅੱਗੇ ਵਧ ਰਿਹਾ ਹੈ।
ਈਐੱਸਟੀਆਈਸੀ: ਉਪਲਬਧੀ ਤੋਂ ਇੱਛਾ ਤੱਕ
ਇਸ ਤਰੱਕੀ ਦੇ ਪਿਛੋਕੜ ਵਿੱਚ 3 ਤੋਂ 5 ਨਵੰਬਰ, 2025 ਤੱਕ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਹੋਣ ਵਾਲਾ ਐਮਰਜਿੰਗ ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ ਕਨਕਲੇਵ ਇੱਕ ਦਲੇਰੀ ਵਾਲਾ ਨਵਾਂ ਕਦਮ ਹੈ। ਭਾਰਤ ਸਰਕਾਰ ਦੇ 13 ਮੰਤਰਾਲਿਆਂ ਵੱਲੋਂ ਆਯੋਜਿਤ ਇਹ ਸੰਮੇਲਨ ਸਿਰਫ਼ ਉਪਲਬਧੀਆਂ ਦਾ ਪ੍ਰਦਰਸ਼ਨ ਨਹੀਂ ਹੈ, ਸਗੋਂ ਇਹ ਸਹਿਯੋਗ, ਦੂਰ-ਦ੍ਰਿਸ਼ਟੀ ਅਤੇ ਰਾਸ਼ਟਰੀ ਰਣਨੀਤੀ ਦਾ ਮੰਚ ਹੈ। ਮਾਣਯੋਗ ਪ੍ਰਧਾਨ ਮੰਤਰੀ ਦੇ ਹੱਥੋਂ ਉਦਘਾਟਨ ਕੀਤੇ ਜਾਣ ਵਾਲਾ ਈਐੱਸਟੀਆਈਸੀ 2025 ਦੇਸ਼-ਵਿਦੇਸ਼ ਦੇ ਪ੍ਰਮੁੱਖ ਵਿਗਿਆਨੀਆਂ, ਇਨੋਵੇਟਰਸ, ਨੀਤੀ ਨਿਰਮਾਤਾਵਾਂ ਅਤੇ ਮਾਹਿਰਾਂ ਨੂੰ ਇਕੱਠਾ ਕਰੇਗਾ ਤਾਂ ਕਿ ਉੱਭਰਦੀਆਂ ਤਕਨੀਕਾਂ ਦੇ ਭਵਿੱਖ 'ਤੇ ਵਿਚਾਰ-ਵਟਾਂਦਰਾ ਕਰ ਸਕੀਏ।
ਇਹ ਸੰਮੇਲਨ ਇੱਕ ਅਜਿਹੇ ਮੰਚ ਦੇ ਰੂਪ ਵਿੱਚ ਕੰਮ ਕਰੇਗਾ ਜਿੱਥੇ ਕਮੀਆਂ ਦੀ ਪਹਿਚਾਣ, ਸਾਂਝੇਦਾਰੀਆਂ ਸਥਾਪਿਤ ਕਰਨਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਨੂੰ ਭਾਰਤ ਦੀਆਂ ਵਿਕਾਸ ਤਰਜੀਹਾਂ ਦੇ ਅਨੁਸਾਰ ਦਿਸ਼ਾ ਦੇਣਾ – ਇਨ੍ਹਾਂ ਸਾਰਿਆਂ ’ਤੇ ਸਾਂਝੇ ਤੌਰ ’ਤੇ ਕੰਮ ਕੀਤਾ ਜਾਵੇਗਾ।
ਇਹ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਇੱਕ ਰਾਸ਼ਟਰੀ ਇੱਕਜੁੱਟਤਾ ਮੰਚ ਹੈ, ਜੋ ਅਕਾਦਮਿਕ ਅਦਾਰਿਆਂ, ਉਦਯੋਗ ਜਗਤ ਅਤੇ ਸਰਕਾਰ ਨੂੰ ਇੱਕ ਸਾਂਝੇ ਉਦੇਸ਼ ਨਾਲ ਜੋੜਦਾ ਹੈ: ਭਾਰਤ ਨੂੰ ਵਿਕਸਿਤ ਭਾਰਤ 2047 ਦੀ ਦਿਸ਼ਾ ਵਿੱਚ ਅੱਗੇ ਵਧਾਉਣਾ। ਯਾਨੀ ਆਜ਼ਾਦੀ ਦੇ 100 ਵਰ੍ਹੇ ਪੂਰੇ ਹੋਣ ਤੱਕ ਇੱਕ ਮੁਕੰਮਲ ਵਿਕਸਿਤ ਅਤੇ ਨਵੀਨਤਾ-ਪ੍ਰਧਾਨ ਰਾਸ਼ਟਰ ਬਣਾਉਣਾ।
ਈਐੱਸਟੀਆਈਸੀ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਆਤਮ-ਨਿਰਭਰ ਭਾਰਤ ਲਈ ਅਹਿਮ 11 ਵਿਸ਼ਿਆਂ 'ਤੇ ਕੇਂਦ੍ਰਿਤ ਕੀਤਾ ਗਿਆ ਹੈ। ਇਹ ਸੰਮੇਲਨ ਇੱਕ ਅਜਿਹਾ ਕੇਂਦਰੀ ਮੰਚ ਬਣੇਗਾ, ਜਿੱਥੇ ਰਣਨੀਤਕ ਸੰਵਾਦ, ਸਹਿਯੋਗ ਅਤੇ ਭਾਰਤ ਦੀਆਂ ਸਭ ਤੋਂ ਵਧੀਆ ਉਪਲਬਧੀਆਂ ਨੂੰ ਪੇਸ਼ ਕੀਤਾ ਜਾਵੇਗਾ। ਮੌਜੂਦਾ ਉਪਲਬਧੀਆਂ ਦਾ ਜਸ਼ਨ ਮਨਾਉਣ ਦੇ ਨਾਲ-ਨਾਲ, ਇਹ ਸੰਮੇਲਨ ਨਵੇਂ ਵਿਚਾਰਾਂ 'ਤੇ ਮੰਥਨ ਕਰਨ, ਕਮੀਆਂ ਦੀ ਪਹਿਚਾਣ ਕਰਨ ਅਤੇ ਨੀਤੀ-ਨਿਰਮਾਣ ਵਿੱਚ ਸੁਧਾਰ ਦਾ ਮੌਕਾ ਵੀ ਪ੍ਰਦਾਨ ਕਰੇਗਾ ਤਾਂ ਕਿ ਭਾਰਤ ਦੀ ਵਿਗਿਆਨਿਕ ਤਰੱਕੀ ਸਮਾਜ ਦੀਆਂ ਜ਼ਰੂਰਤਾਂ ਅਤੇ ਵਿਸ਼ਵ-ਵਿਆਪੀ ਮੌਕਿਆਂ ਦੇ ਨਾਲ ਤਾਲਮੇਲ ਵਿੱਚ ਬਣੀ ਰਹੇ।
ਮੂਲ ਰੂਪ ਵਿੱਚ, ਈਐੱਸਟੀਆਈਸੀ ਦਾ ਉਦੇਸ਼ ਸਮੁੱਚੇ ਵਿਗਿਆਨ ਅਤੇ ਤਕਨੀਕ ਈਕੋਸਿਸਟਮ ਨੂੰ ਜੋੜਨਾ ਹੈ – ਉਨ੍ਹਾਂ ਮੰਤਰਾਲਿਆਂ ਨੂੰ ਜੋ ਨੀਤੀਆਂ ਬਣਾਉਂਦੇ ਹਨ, ਉਨ੍ਹਾਂ ਵਿਗਿਆਨੀਆਂ ਨੂੰ ਜੋ ਇਨੋਵੇਸ਼ਨ ਕਰਦੇ ਹਨ, ਉਨ੍ਹਾਂ ਉਦਯੋਗਾਂ ਨੂੰ ਜੋ ਵਿਚਾਰਾਂ ਨੂੰ ਵਿਸਥਾਰ ਦਿੰਦੇ ਹਨ ਅਤੇ ਉਨ੍ਹਾਂ ਸਟਾਰਟਅੱਪਸ ਨੂੰ ਜੋ ਬਦਲਾਅ ਲਿਆਉਂਦੇ ਹਨ। ਇਹ ਸੰਮੇਲਨ ਹੁਣ ਤੱਕ ਦੀ ਯਾਤਰਾ ਦਾ ਸਨਮਾਨ ਕਰਦਾ ਹੈ ਅਤੇ ਅੱਗੇ ਦੇ ਉਸ ਰਸਤੇ ਨੂੰ ਵੀ ਦਰਸਾਉਂਦਾ ਹੈ ਜੋ ਭਾਰਤ ਨੂੰ ਟਿਕਾਊ, ਸਮਾਵੇਸ਼ੀ ਅਤੇ ਪਰਿਵਰਤਨਸ਼ੀਲ ਵਿਕਾਸ ਵੱਲ ਲੈ ਜਾਂਦਾ ਹੈ।
ਗਿਆਰਾਂ ਥੀਮ, ਇੱਕ ਟੀਚਾ
ਈਐੱਸਟੀਆਈਸੀ 2025 ਗਿਆਰਾਂ ਮੁੱਖ ਵਿਸ਼ਿਆਂ ਦੇ ਆਲੇ-ਦੁਆਲੇ ਤਿਆਰ ਕੀਤਾ ਗਿਆ ਹੈ, ਜੋ ਮਿਲ ਕੇ ਭਾਰਤ ਦੀਆਂ ਤਕਨੀਕੀ ਇੱਛਾਵਾਂ ਅਤੇ ਟੀਚਿਆਂ ਨੂੰ ਦਰਸਾਉਂਦੇ ਹਨ। ਇਨ੍ਹਾਂ ਵਿਸ਼ਿਆਂ ਵਿੱਚ ਸ਼ਾਮਿਲ ਹਨ – ਅਡਵਾਂਸਡ ਮਟੀਰਿਅਲਸ ਅਤੇ ਮੈਨੁਫੈਕਚਰਿੰਗ – ਅਜਿਹੇ ਮਜ਼ਬੂਤ, ਹਲਕੇ ਅਤੇ ਸਮਾਰਟ ਪਦਾਰਥਾਂ ਦਾ ਨਿਰਮਾਣ ਜੋ ਰੱਖਿਆ, ਪੁਲਾੜ ਅਤੇ ਉਦਯੋਗ ਦੇ ਖੇਤਰ ਨੂੰ ਨਵੀਂ ਤਾਕਤ ਦੇਣ। ਆਰਟੀਫੀਸ਼ੀਅਲ ਇੰਟੈਲੀਜੈਂਸ – ਜੋ ਜ਼ਿੰਦਗੀ ਨੂੰ ਸੌਖਾ ਬਣਾ ਰਹੀ ਹੈ ਅਤੇ ਸ਼ਾਸਨ ਪ੍ਰਣਾਲੀ ਨੂੰ ਵਧੇਰੇ ਸਮਾਰਟ ਅਤੇ ਸਮਾਵੇਸ਼ੀ ਬਣਾ ਰਹੀ ਹੈ। ਬਾਇਓ-ਮੈਨੁਫੈਕਚਰਿੰਗ – ਜੋ ਟਿਕਾਊ ਬਾਇਓਪ੍ਰੋਡਕਟ ਅਤੇ ਸਰਕੂਲਰ ਹੱਲਾਂ ਰਾਹੀਂ ਹਰੀ ਅਰਥਵਿਵਸਥਾ ਨੂੰ ਅੱਗੇ ਵਧਾ ਰਹੀ ਹੈ। ਬਲੂ ਇਕੋਨਮੀ – ਜੋ ਸਮੁੰਦਰੀ ਸਰੋਤਾਂ ਦੀ ਜ਼ਿੰਮੇਵਾਰ ਵਰਤੋਂ ਕਰਕੇ ਖ਼ੁਸ਼ਹਾਲੀ ਅਤੇ ਲਚਕੀਲੇਪਣ ਨੂੰ ਵਧਾਉਣ 'ਤੇ ਕੇਂਦ੍ਰਿਤ ਹੈ। ਡਿਜੀਟਲ ਕਮਿਊਨੀਕੇਸ਼ਨ – 4ਜੀ ਤੋਂ 5ਜੀ ਅਤੇ ਹੁਣ 6ਜੀ ਵੱਲ ਵੱਧਦੇ ਹੋਏ ਪੇਂਡੂ ਭਾਰਤ ਨੂੰ ਸਸ਼ਕਤ ਬਣਾ ਰਿਹਾ ਹੈ ਅਤੇ ਗਲੋਬਲ ਡਿਜੀਟਲ ਕੂਟਨੀਤੀ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਲੈਕਟ੍ਰੋਨਿਕਸ ਅਤੇ ਸੈਮੀਕੰਡਕਟਰ ਨਿਰਮਾਣ – ਜੋ "ਮੇਕ ਇਨ ਇੰਡੀਆ" ਦੇ ਵਿਜ਼ਨ ਨੂੰ ਸਿਲੀਕੌਨ-ਅਧਾਰਿਤ ਹਕੀਕਤ ਵਿੱਚ ਬਦਲ ਰਿਹਾ ਹੈ। ਉੱਭਰਦੀਆਂ ਖੇਤੀਬਾੜੀ ਤਕਨੀਕਾਂ - ਜੋ ਇਨੋਵੇਸ਼ਨ, ਸਟੀਕਤਾ ਅਤੇ ਸਥਿਰਤਾ ਰਾਹੀਂ ਭੋਜਨ ਸੁਰੱਖਿਆ ਨੂੰ ਯਕੀਨੀ ਕਰ ਸਕਦੀਆਂ ਹਨ। ਊਰਜਾ, ਵਾਤਾਵਰਣ ਅਤੇ ਜਲਵਾਯੂ - ਜੋ ਨਵਿਆਉਣਯੋਗ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਨੂੰ ਦੁਨੀਆ ਲਈ ਮਿਸਾਲ ਬਣਾ ਰਹੇ ਹਨ। ਸਿਹਤ ਅਤੇ ਮੈਡੀਕਲ ਤਕਨੀਕਾਂ - ਜੋ ਸਸਤੀ ਅਤੇ ਪਹੁੰਚਯੋਗ ਨਵੀਨਤਾਵਾਂ ਰਾਹੀਂ ਸਿਹਤ ਸਮਾਨਤਾ ਨੂੰ ਯਕੀਨੀ ਬਣਾ ਰਹੀਆਂ ਹਨ। ਕੁਆਂਟਮ ਵਿਗਿਆਨ ਅਤੇ ਤਕਨੀਕ - ਜੋ ਸੁਰੱਖਿਅਤ ਸੰਚਾਰ, ਸੈਂਸਿੰਗ, ਕੰਪਿਊਟਿੰਗ ਅਤੇ ਨਵੇਂ ਪਦਾਰਥਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆ ਰਹੀ ਹੈ। ਪੁਲਾੜ ਤਕਨੀਕ - ਜੋ ਨਵੀਂ ਪੀੜ੍ਹੀਆਂ ਨੂੰ ਪ੍ਰੇਰਿਤ ਕਰ ਰਹੀ ਹੈ ਅਤੇ ਭਾਰਤ ਦੇ ਵਿਗਿਆਨਿਕ ਦਿਸਹੱਦੇ ਦਾ ਹੋਰ ਵਿਸਥਾਰ ਕਰ ਰਹੀ ਹੈ। ਇਹ ਸਾਰੇ ਵਿਸ਼ੇ ਮਿਲ ਕੇ ਭਾਰਤ ਦੇ ਸੰਪੂਰਨ ਇਨੋਵੇਸ਼ਨ ਨਕਸ਼ੇ ਨੂੰ ਦਰਸਾਉਂਦੇ ਹਨ - ਇੱਕ ਅਜਿਹਾ ਢਾਂਚਾ ਜਿੱਥੇ ਡੂੰਘਾ ਵਿਗਿਆਨ, ਉੱਦਮਤਾ ਅਤੇ ਨੀਤੀ ਨਿਰਮਾਣ ਇਕੱਠੇ ਮਿਲ ਕੇ ਦੇਸ਼ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੰਦੇ ਹਨ।
ਵਿਕਸਿਤ ਭਾਰਤ 2047 ਵੱਲ
ਕਈ ਮਾਅਨਿਆਂ ਵਿੱਚ, ਈਐੱਸਟੀਆਈਸੀ ਭਾਰਤ ਦੇ ਵਧਦੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ। ਇੱਕ ਅਜਿਹਾ ਆਤਮ-ਵਿਸ਼ਵਾਸ ਜੋ ਗਿਆਨ ਅਤੇ ਨਵੀਨਤਾ ਦੇ ਖੇਤਰ ਵਿੱਚ ਭਾਰਤ ਨੂੰ ਵਿਸ਼ਵ-ਵਿਆਪੀ ਅਗਵਾਈ ਵੱਲ ਲੈ ਕੇ ਜਾ ਰਿਹਾ ਹੈ। ਇਹ ਇੱਕ ਰਾਸ਼ਟਰੀ ਮਿਸ਼ਨ ਹੈ, ਜਿਸ ਦਾ ਉਦੇਸ਼ ਹੈ - ਕਲਪਨਾ ਸ਼ਕਤੀ ਨੂੰ ਜਗਾਉਣਾ, ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਭਵਿੱਖ ਲਈ ਨਵੀਨਤਾ ਨੂੰ ਉਤਸ਼ਾਹਿਤ ਕਰਨਾ।
ਈਐੱਸਟੀਆਈਸੀ 2025 ਵਿੱਚ ਵਿਚਾਰਵਾਨ ਆਗੂਆਂ, ਨੋਬਲ ਪੁਰਸਕਾਰ ਜੇਤੂਆਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਮੋਢੀਆਂ ਨੂੰ ਇਕੱਠੇ ਲਿਆਂਦਾ ਜਾਵੇਗਾ ਤਾਂ ਕਿ ਭਾਰਤ ਨੂੰ ਇੱਕ ਵਿਗਿਆਨਿਕ ਮਹਾਸ਼ਕਤੀ ਅਤੇ ਨਵੀਨਤਾ-ਅਧਾਰਿਤ ਵਿਕਾਸ ਦੇ ਵਿਸ਼ਵ ਕੇਂਦਰ ਵਜੋਂ ਸਥਾਪਿਤ ਕੀਤਾ ਜਾ ਸਕੇ। ਜਿਵੇਂ-ਜਿਵੇਂ ਭਾਰਤ 2047 ਵੱਲ ਵਧ ਰਿਹਾ ਹੈ, ਈਐੱਸਟੀਆਈਸੀ ਇੱਕ ਪ੍ਰੇਰਕ ਤਾਕਤ ਅਤੇ ਪ੍ਰਤੀਕ ਦੋਵਾਂ ਦੇ ਰੂਪ ਵਿੱਚ ਖੜ੍ਹਾ ਹੈ। ਇੱਕ ਅਜਿਹਾ ਮੰਚ ਜਿੱਥੇ ਭਾਰਤ ਦੀਆਂ ਵਿਗਿਆਨਿਕ ਉਪਲਬਧੀਆਂ ਉਸ ਦੀਆਂ ਵਿਕਾਸ ਇੱਛਾਵਾਂ ਨਾਲ ਮਿਲਦੀਆਂ ਹਨ, ਇਹ ਯਕੀਨੀ ਬਣਾਉਂਦੇ ਹੋਏ ਕਿ ਹਰ ਨਵੀਨਤਾ ਮਜ਼ਬੂਤ, ਟਿਕਾਊ, ਅਤੇ ਸਮਾਵੇਸ਼ੀ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ।

ਲੇਖਕ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ  ਰਾਜ ਮੰਤਰੀ (ਸੁਤੰਤਰ ਚਾਰਜ); ਧਰਤੀ ਵਿਗਿਆਨ ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਮਾਣੂ ਊਰਜਾ ਵਿਭਾਗ, ਪੁਲਾੜ ਵਿਭਾਗ, ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਜ਼ ਵਿਭਾਗ ਦੇ ਰਾਜ ਮੰਤਰੀ ਹਨ।