ਰਾਸ਼ਟਰੀ ਜਲ ਮਾਰਗਾਂ ਨਾਲ ਸਸ਼ਕਤ ਹੁੰਦੀ ਲੌਜਿਸਟਿਕ ਪ੍ਰਣਾਲੀ.
-
ਸ਼੍ਰੀ ਵਿਜੇ ਕੁਮਾਰ
ਭਵਿੱਖ ਦੇ ਇੱਕ ਅਜਿਹੇ ਭਾਰਤ ਦੀ ਕਲਪਨਾ ਕਰੋ ਜਿੱਥੇ ਟਰੱਕਾਂ ਦੀ ਬਜਾਏ ਕਿਸ਼ਤੀਆਂ ਰਾਹੀਂ ਮਾਲ-ਢੁਆਈ ਹੋਵੇ, ਹਾਈਵੇਅ ਦੀ ਬਜਾਏ ਦਰਿਆਵਾਂ ਦੇ ਨਾਲ ਲੌਜਿਸਟਿਕਸ ਗਲਿਆਰੇ ਬਣੇ ਹੋਣ ਅਤੇ ਵਪਾਰ ਵਧਣ ਦੇ ਬਾਅਦ ਵੀ ਕਾਰਬਨ ਨਿਕਾਸੀ ਘੱਟ ਹੋਵੇ। ਅਜਿਹਾ ਭਵਿੱਖ ਇੱਕ ਕਲਪਨਾ ਨਹੀਂ ਹੈ, ਸਗੋਂ ਸਾਡੀ ਪਹੁੰਚ ਦੇ ਦਾਇਰੇ ਵਿੱਚ ਹੈ। ਦੇਸ਼ ਨੂੰ ਇੱਕ ਵਿਕਸਿਤ ਭਾਰਤ ਅਤੇ ਸਹੀ ਮਾਅਨੇ ਵਿੱਚ ਆਤਮ-ਨਿਰਭਰ ਬਣਨ ਲਈ ਅੰਦਰੂਨੀ ਜਲ ਆਵਾਜਾਈ (ਆਈਡਬਲਿਊਟੀ) ਨੂੰ ਟਿਕਾਊ ਲੌਜਿਸਟਿਕਸ ਕ੍ਰਾਂਤੀ ਦੀ ਰੀੜ੍ਹ ਦੀ ਹੱਡੀ ਬਣਨਾ ਹੋਵੇਗਾ।
ਭਾਰਤ 4,000 ਸਾਲਾਂ ਤੋਂ ਨਦੀਆਂ ਰਾਹੀਂ ਵਪਾਰ ਕਰਦਾ ਆ ਰਿਹਾ ਹੈ। ਨਦੀਆਂ ਨੇ ਲੋਥਲ ਨੂੰ ਰੋਮ ਤੋਂ, ਬੰਗਾਲ ਨੂੰ ਬਰਮਾ ਤੋਂ ਅਤੇ ਅਸਾਮ ਨੂੰ ਬਾਕੀ ਦੱਖਣ-ਪੂਰਬ ਏਸ਼ੀਆ ਨਾਲ ਜੋੜਿਆ ਹੈ। ਹਾਲਾਕਿ ਸਮੇਂ ਦੇ ਨਾਲ ਸੜਕਾਂ ਅਤੇ ਰੇਲਵੇ ਨੇ ਆਪਣੀ ਰਫ਼ਤਾਰ ਅਤੇ ਸਟੀਲ ਦੀ ਚਮਕ ਨਾਲ ਨਦੀਆਂ ਨੂੰ ਪਿੱਛੇ ਛੱਡ ਦਿੱਤਾ। ਪਰ ਹੁਣ ਜਲਵਾਯੂ ਪਰਿਵਰਤਨ ਦੇ ਚਲਦੇ ਆਰਥਿਕ ਦਬਾਅ ਦੇ ਇਸ ਦੌਰ ਵਿੱਚ ਹਾਲਾਤ ਬਦਲ ਰਹੇ ਹਨ। ਅਜਿਹਾ ਨਦੀਆਂ ਦੇ ਪ੍ਰਤੀ ਲਗਾਅ ਦੀ ਵਜ੍ਹਾ ਨਾਲ ਨਹੀਂ, ਸਗੋਂ ਜ਼ਰੂਰਤ ਦੇ ਕਾਰਨ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਅੰਦਰੂਨੀ ਜਲ ਮਾਰਗਾਂ ‘ਤੇ ਬੇਮਿਸਾਲ ਨੀਤੀਗਤ ਧਿਆਨ ਦਿੱਤਾ ਜਾ ਰਿਹਾ ਹੈ। ਰਾਸ਼ਟਰੀ ਜਲ ਮਾਰਗਾਂ ‘ਤੇ 2013-14 ਵਿੱਚ ਕਾਰਗੋ ਦੀ ਆਵਾਜਾਈ 18.1 ਮਿਲੀਅਨ ਮੈਟ੍ਰਿਕ ਟਨ ਸੀ ਜੋ 2024-25 ਵਿੱਚ ਵਧ ਕੇ 145.84 ਮਿਲੀਅਨ ਮੈਟ੍ਰਿਕ ਟਨ ਹੋ ਗਈ ਹੈ। ਜਲ ਮਾਰਗਾਂ ਨਾਲ ਮਾਲ-ਢੁਆਈ ਦਾ ਖਰਚ ਵੀ ਘੱਟ ਆਉਂਦਾ ਹੈ। ਜਲ ਮਾਰਗ ਰਾਹੀਂ ਮਾਲ-ਢੁਆਈ ਦਾ ਖਰਚ 1.20 ਰੁਪਏ ਪ੍ਰਤੀ ਟਨ-ਕਿਲੋਮੀਟਰ ਹੈ ਜਦਕਿ ਰੇਲ ਰਾਹੀਂ 1.40 ਰੁਪਏ ਅਤੇ ਸੜਕ ਰਾਹੀਂ 2.28 ਰੁਪਏ ਪ੍ਰਤੀ ਟਨ-ਕਿਲੋਮੀਟਰ ਦਾ ਖਰਚ ਆਉਂਦਾ ਹੈ। ਜਲ ਮਾਰਗ ਸਸਤੇ ਅਤੇ ਈਂਧਣ-ਕੁਸ਼ਲ ਹੁੰਦੇ ਹਨ। ਜਲ ਮਾਰਗ ਨਾਲ ਆਵਾਜਾਈ ‘ਤੇ ਪ੍ਰਤੀ ਟਨ-ਕਿਲੋਮੀਟਰ ਕੇਵਲ 0.0048 ਲੀਟਰ ਈਂਧਣ ਦੀ ਖਪਤ ਹੁੰਦੀ ਹੈ ਜਦਕਿ ਸੜਕ ਨਾਲ 0.0313 ਲੀਟਰ ਅਤੇ ਰੇਲ ਮਾਰਗ ਨਾਲ 0.0089 ਲੀਟਰ ਖਰਚ ਹੁੰਦਾ ਹੈ। ਇਹ ਕਿਸੇ ਵੀ ਸਪਲਾਈ ਚੇਨ ਮੈਨੇਜਮੈਂਟ ਦੇ ਲਈ ਅੱਖਾਂ ਖੋਲ੍ਹਨ ਵਾਲੀ ਗੱਲ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਨਦੀ ਆਵਾਜਾਈ ਨਾਲ ਪ੍ਰਤੀ ਟਨ-ਕਿਲੋਮੀਟਰ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਸੜਕੀ ਆਵਾਜਾਈ ਦੇ ਮੁਕਾਬਲੇ ਸਿਰਫ਼ 20 ਪ੍ਰਤੀਸ਼ਤ ਹੁੰਦਾ ਹੈ। ਗੰਗਾ ਜਾਂ ਬ੍ਰਹਮਪੁੱਤਰ ਵਿੱਚ ਚੱਲਣ ਵਾਲਾ ਹਰ ਜਹਾਜ਼ ਨਾ ਸਿਰਫ਼ ਸਾਮਾਨ ਢੋਅ ਰਿਹਾ ਹੈ ਸਗੋਂ ਕਾਰਬਨ ਨਿਕਾਸ ਨੂੰ ਘੱਟ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਵੀ ਸਪਸ਼ਟ ਤੌਰ 'ਤੇ ਦਰਸਾ ਰਿਹਾ ਹੈ।
ਭਾਰਤ ਸਰਕਾਰ ਨੇ 2016 ਵਿੱਚ ਰਾਸ਼ਟਰੀ ਜਲ ਮਾਰਗ-1 ‘ਤੇ ਜਲ ਮਾਰਗ ਵਿਕਾਸ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਨਾਲ ਗੰਗਾ-ਭਾਗੀਰਥੀ-ਹੁਗਲੀ ਨਦੀ ਪ੍ਰਣਾਲੀ ਵਿੱਚ ਕਾਰਗੋ ਦੀ ਆਵਾਜਾਈ ਵਧ ਰਹੀ ਹੈ। ਵਾਰਾਣਸੀ ਅਤੇ ਸਾਹਿਬਗੰਜ ਜਿਹੇ ਮਲਟੀਮੋਡਲ ਲੌਜਿਸਟਿਕਸ ਹੱਬ ਰਾਸ਼ਟਰੀ ਰਾਜਮਾਰਗ ਲੌਜਿਸਟਿਕਸ ਪ੍ਰਬੰਧਨ ਲਿਮਿਟੇਡ (ਐੱਨਐੱਚਐੱਲਐੱਮਐੱਲ) ਦੇ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਇੰਡੀਅਨ ਪੋਰਟ ਰੇਲ ਐਂਡ ਰੋਪਵੇਅ ਕਾਰਪੋਰੇਸ਼ਨ ਲਿਮਿਟੇਡ (ਆਈਪੀਆਰਸੀਐੱਲ) ਅਤੇ ਡੈਡੀਕੇਟਿਡ ਫ੍ਰੇਟ ਕੌਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਡੀਐੱਫਸੀਸੀਆਈਐੱਲ) ਰਾਹੀਂ ਰੇਲ ਲਿੰਕ ਬਣਾਏ ਜਾ ਰਹੇ ਹਨ ਤਾਕਿ ਨਦੀ, ਰੇਲ ਅਤੇ ਸੜਕ ਨੂੰ ਸੁਗਮਤਾ ਨਾਲ ਜੋੜਿਆ ਜਾ ਸਕੇ। ਰਾਸ਼ਟਰੀ ਜਲ ਮਾਰਗ-2 (ਬ੍ਰਹਮਪੁੱਤਰ ਨਦੀ) ‘ਤੇ ਜੋਗੀਘੋਪਾ ਆਈਡਬਲਿਊਟੀ ਟਰਮੀਨਲ ਨੂੰ ਮਲਟੀ-ਮਾਲਡ ਲੌਜਿਸਟਿਕਸ ਪਾਰਕ (ਐੱਮਐੱਮਐੱਲਪੀ) ਨਾਲ ਜੋੜਿਆ ਜਾ ਰਿਹਾ ਹੈ, ਜੋ ਭਾਰਤ-ਬੰਗਲਾਦੇਸ਼ ਪ੍ਰੋਟੋਕੌਲ ਮਾਰਗ ਰਾਹੀਂ ਕੋਲਕਾਤਾ ਅਤੇ ਹਲਦੀਆ ਬੰਦਰਗਾਹ ਨੂੰ ਜੋੜਦਾ ਹੈ।
ਅੰਦਰੂਨੀ ਜਲ ਆਵਾਜਾਈ ਦੀ ਸਮਰੱਤਾ ਹੁਣ ਸਾਫ਼ ਦਿਖਣ ਲੱਗੀ ਹੈ। ਅਸਾਮ ਵਿੱਚ ਨੁਮਾਲੀਗੜ੍ਹ ਰਿਫਾਇਨਰੀ ਲਿਮਿਟੇਡ (ਐੱਨਆਰਐੱਲ) ਦੇ ਵਿਸਤਾਰ ਪ੍ਰੋਜੈਕਟ ਦਾ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਦਘਾਟਨ ਕੀਤਾ ਸੀ। ਰਿਫਾਇਨਰੀ ਦੇ ਲਈ ਓਵਰ ਡਾਇਮੈਂਸ਼ਨਲ ਕਾਰਗੋ (ਓਡੀਸੀ) ਅਤੇ ਓਵਰ ਵੇਟ ਕਾਰਗੋ (ਓਡਬਲਿਊਸੀ) ਜਿਹੇ ਭਾਰੀ ਉਪਕਰਣ ਆਈਡਬਲਿਊਏਆਈ ਦੀ ਦੇਖ-ਰੇਖ ਵਿੱਚ ਭਾਰਤ-ਬੰਗਲਾਦੇਸ਼ ਪ੍ਰੋਟੋਕੌਲ ਮਾਰਗ ਅਤੇ ਬ੍ਰਹਮਪੁੱਤਰ ਨਦੀ ਰਾਹੀਂ ਟ੍ਰਾਂਸਪੋਰਟ ਕੀਤੇ ਗਏ ਸਨ। ਇਸ ਵਿੱਚ 24 ਕੰਸਾਈਨਮੈਂਟ ਸ਼ਾਮਲ ਸਨ ਜੋ ਐੱਨਆਰਐੱਲ ਜੇੱਟੀ ਤੱਕ ਆਸਾਨੀ ਨਾਲ ਅਤੇ ਸੁਰੱਖਿਅਤ ਤੌਰ ‘ਤੇ ਪਹੁੰਚਾਏ ਗਏ। ਇਸ ਨਾਲ ਭੀੜਭਾੜ ਵਾਲੇ ਰਾਜਮਾਰਗਾਂ ਅਤੇ ਵੱਡੇ ਕਾਰੋਗ ਦੇ ਲਈ ਸੜਕ ਆਵਾਜਾਈ ਦੀਆਂ ਮੁਸ਼ਕਿਲਾਂ ਤੋਂ ਵੀ ਬਚਿਆ ਗਿਆ। ਇਸ ਆਪ੍ਰੇਸ਼ਨ ਤੋਂ ਪਤਾ ਚੱਲਿਆ ਕਿ ਨਦੀ ਲੌਜਿਸਟਿਕਸ ਨਾ ਸਿਰਫ਼ ਵਾਤਾਵਰਨ ਦੇ ਲਈ ਚੰਗਾ ਹੈ, ਸਗੋਂ ਇਹ ਭਾਰਤ ਦੇ ਸਭ ਤੋਂ ਮੁਸ਼ਕਿਲ ਉਦਯੋਗਿਕ ਸ਼ਿਪਮੈਂਟ ਨੂੰ ਸੰਭਾਲਣ ਵਿੱਚ ਵੀ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਸਹੀ ਮਾਅਨੇ ਵਿੱਚ ਇਹ ਲਾਗਤ-ਪ੍ਰਭਾਵੀ, ਸੁਰੱਖਿਆ ਅਤੇ ਟਿਕਾਊ ਆਵਾਜਾਈ ਦਾ ਬੇਜੋੜ ਮੇਲ ਹੈ।
ਉਦਯੋਗ ਲਈ, ਇਹ ਸਿਰਫ਼ ਪੁਰਾਣੀਆਂ ਯਾਦਾਂ ਵਿੱਚ ਗੁਆਚਣ ਜਾਂ ਰਾਸ਼ਟਰੀ ਮਾਣ ਦੀ ਹੀ ਗੱਲ ਨਹੀਂ ਹੈ, ਸਗੋਂ ਮਾਰਜਿਨ ਅਤੇ ਬਾਜ਼ਾਰਾਂ ਬਾਰੇ ਹੈ। ਪਾਣੀ ਰਾਹੀਂ ਸਾਮਾਨ ਭੇਜਣਾ ਸਸਤਾ, ਵਧੇਰੇ ਖੁਦਮੁਖਤਿਆਰ ਅਤੇ ਤੇਜ਼ ਹੁੰਦਾ ਜਾ ਰਿਹਾ ਹੈ ਕਿਉਂਕਿ ਮਲਟੀਮੋਡਲ ਹੱਬ ਔਨਲਾਈਨ ਆਉਂਦੇ ਹਨ। ਅੱਜ ਦੀ ਦੁਨੀਆ ਵਿੱਚ, ਵਿਸ਼ਵ-ਵਿਆਪੀ ਨਿਵੇਸ਼ਕ ਸਪਲਾਈ ਲੜੀ ਨੂੰ ਨਾ ਸਿਰਫ਼ ਕੁਸ਼ਲਤਾ ਦੇ ਰੂਪ ਵਿੱਚ ਦੇਖਦੇ ਹਨ, ਸਗੋਂ ਉਨ੍ਹਾਂ ਦੇ ਵਾਤਾਵਰਨ ਪ੍ਰਭਾਵ ਦੇ ਰੂਪ ਵਿੱਚ ਵੀ ਦੇਖਦੇ ਹਨ, ਜਿਸ ਨਾਲ ਨਦੀ ਆਵਾਜਾਈ ਇੱਕ ਰਣਨੀਤਕ ਵਿਕਲਪ ਬਣ ਜਾਂਦੀ ਹੈ। ਕਾਰਬਨ ਨਿਕਾਸ ਨੂੰ ਘਟਾਉਣ, ਅੰਦਰੂਨੀ ਜਲ ਮਾਰਗਾਂ ਨੂੰ ਆਧੁਨਿਕ ਲੌਜਿਸਟਿਕਸ ਲਈ ਇੱਕ ਬਿਹਤਰ ਅਤੇ ਵਧੇਰੇ ਟਿਕਾਊ ਵਿਕਲਪ ਬਣਾਉਣ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਜਲ ਮਾਰਗਾਂ ਰਾਹੀਂ ਸਾਮਾਨ ਭੇਜਣਾ ਘੱਟ ਲਾਗਤਾਂ ਅਤੇ ਬਿਹਤਰ ਵਾਤਾਵਰਨ, ਸਮਾਜਿਕ ਅਤੇ ਸ਼ਾਸਨ (ਈਐੱਸਜੀ) ਪ੍ਰਮਾਣ ਪੱਤਰਾਂ ਦੇ ਦੋਹਰੇ ਲਾਭ ਪ੍ਰਦਾਨ ਕਰਦਾ ਹੈ।
ਸਮਾਜਿਕ ਲਾਭ ਅਸਲੀ ਹਨ। ਘੱਟ ਟਰੱਕਾਂ ਦਾ ਮਤਲਬ ਹੈ ਘੱਟ ਹਾਦਸੇ, ਸੜਕਾਂ ਦੇ ਰੱਖ-ਰਖਾਅ 'ਤੇ ਘੱਟ ਦਬਾਅ, ਸਾਫ਼ ਹਵਾ, ਅਤੇ ਇੱਕ ਮਜ਼ਬੂਤ ਗ੍ਰਾਮੀਣ ਆਰਥਿਕਤਾ। ਦਰਿਆ ਕਿਨਾਰੇ ਰਹਿਣ ਵਾਲੇ ਕਈ ਭਾਈਚਾਰੇ ਜੋ ਕਦੇ ਫੈਰੀ ਟ੍ਰਾਂਸਪੋਰਟ ਜਾਂ ਛੋਟੇ ਪੈਮਾਨੇ ਦੇ ਵਪਾਰ 'ਤੇ ਨਿਰਭਰ ਕਰਦੇ ਸਨ, ਹੁਣ ਲੌਜਿਸਟਿਕਸ ਸਹਾਇਤਾ, ਹੈਂਡਲਿੰਗ, ਵੇਅਰਹਾਊਸਿੰਗ ਅਤੇ ਅੰਦਰੂਨੀ ਸ਼ਿਪਿੰਗ ਸੇਵਾਵਾਂ ਵਿੱਚ ਨਵਾਂ ਰੁਜ਼ਗਾਰ ਪਾ ਸਕਦੇ ਹਨ। ਇਹ ਵਪਾਰ ਅਤੇ ਰੁਜ਼ਗਾਰ ਵਧਾਉਣ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ।
ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸ ਵਿੱਚ ਕੋਈ ਚੁਣੌਤੀਆਂ ਨਹੀਂ ਹਨ। ਮੌਸਮ ਨੈਵੀਗੇਸ਼ਨ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕੁਝ ਹਿੱਸਿਆਂ ਵਿੱਚ ਅਕਸਰ ਡਰੇਜਿੰਗ ਦੀ ਜ਼ਰੂਰਤ ਹੁੰਦੀ ਹੈ। ਕਾਰਗੋ ਫਲੀਟ ਵੀ ਸੀਮਤ ਹਨ। ਰਾਜਾਂ, ਬੰਦਰਗਾਹਾਂ ਅਤੇ ਮੰਤਰਾਲਿਆਂ ਦਰਮਿਆਨ ਸੰਸਥਾਗਤ ਤਾਲਮੇਲ ਵੀ ਇੱਕ ਵੱਡੀ ਚੁਣੌਤੀ ਹੈ। ਹਾਲਾਂਕਿ, ਸਰਕਾਰ ਐਂਡ-ਟੂ-ਐਂਡ ਡਰੇਜਿੰਗ, ਮਲਟੀ-ਮਾਡਲ ਹੱਬਾਂ ਦਾ ਵਿਸਥਾਰ, ਅਤੇ ਇਨਲੈਂਡ ਵੈਸਲਜ਼ ਐਕਟ ਵਰਗੀਆਂ ਨੀਤੀਆਂ ਨੂੰ ਲਾਗੂ ਕਰਕੇ ਇਨ੍ਹਾਂ ਚੁਣੌਤੀਆਂ ਦਾ ਹੱਲ ਕਰ ਰਹੀ ਹੈ। ਇਸ ਤੋਂ ਇਲਾਵਾ, ਸਰਕਾਰ ਰਾਸ਼ਟਰੀ ਜਲ ਮਾਰਗਾਂ 'ਤੇ ਨਿੱਜੀ ਜੈੱਟੀਆਂ ਬਣਾ ਕੇ ਅਤੇ "ਗ੍ਰੀਨ ਬੋਟਸ" ਪਹਿਲਕਦਮੀ ਦੇ ਤਹਿਤ ਵਾਤਾਵਰਨ ਦੇ ਮਿਆਰਾਂ ਦੀ ਪਾਲਣਾ ਕਰਕੇ ਸੈਕਟਰ ਨੂੰ ਸਾਫ਼ ਅਤੇ ਹਰੇ ਭਰੇ ਆਵਾਜਾਈ ਦੇ ਢੰਗਾਂ ਵੱਲ ਵਧਾ ਰਹੀ ਹੈ। ਡਿਜੀਟਲ ਟੂਲ ਜਿਵੇਂ ਕਿ ਸੀਏਆਰ-ਡੀ (ਕਾਰਗੋ ਡੇਟਾ ਪੋਰਟਲ), ਜਲਯਾਨ ਅਤੇ ਨਾਵਿਕ, ਜਲ-ਸਮ੍ਰਿੱਧੀ, ਪਾਣੀ, ਅਤੇ ਨੌਦਰਸ਼ਿਕਾ (ਰਾਸ਼ਟਰੀ ਨਦੀ ਆਵਾਜਾਈ ਅਤੇ ਨੈਵੀਗੇਸ਼ਨ ਸਿਸਟਮ) ਪੋਰਟਲ ਆਵਾਜਾਈ ਦੀ ਸਹੂਲਤ ਦਿੰਦੇ ਹਨ ਅਤੇ ਰੁਕਾਵਟਾਂ ਨੂੰ ਘਟਾਉਂਦੇ ਹਨ।
ਨਦੀ ਆਵਾਜਾਈ ਦੁਨੀਆ ਭਰ ਵਿੱਚ ਫੈਲ ਰਹੀ ਹੈ। ਡੈਨਿਊਬ ਅਤੇ ਰਾਈਨ ਨਦੀਆਂ ਯੂਰਪ ਦਾ ਮਾਲ ਢੋਂਦੀਆਂ ਹਨ। ਭਾਰਤ ਨੇਵੀਗੇਬਲ ਨਦੀਆਂ ਦੇ ਇੱਕ ਸਮ੍ਰਿੱਧ ਨੈੱਟਵਰਕ ਦੇ ਨਾਲ ਇੱਕ ਮਜ਼ਬੂਤ ਸਥਿਤੀ ਵਿੱਚ ਹੈ। ਭਾਰਤ ਨੇ 2070 ਤੱਕ ਨੈੱਟ-ਜ਼ੀਰੋ ਨਿਕਾਸ ਦਾ ਟੀਚਾ ਰੱਖਿਆ ਹੈ, ਜਿਸ ਨਾਲ ਜਲ ਮਾਰਗ ਇੱਕ ਵਿਕਲਪ ਨਹੀਂ ਸਗੋਂ ਇੱਕ ਜ਼ਰੂਰਤ ਬਣ ਗਏ ਹਨ। ਜਲ ਆਵਾਜਾਈ ਕੁਸ਼ਲਤਾ, ਆਰਥਿਕਤਾ ਅਤੇ ਵਾਤਾਵਰਨ, ਸਭ ਦੇ ਲਿਹਾਜ਼ ਨਾਲ ਲਾਭਦਾਇਕ ਹੈ।
ਮੁੰਬਈ ਵਿੱਚ ਚੱਲ ਰਹੇ ਇੰਡੀਆ ਮੈਰੀਟਾਈਮ ਵੀਕ 2025 ਵਿੱਚ ਗਲੋਬਲ ਅਤੇ ਸਥਾਨਕ ਨੀਤੀ ਨਿਰਮਾਤਾ, ਲੌਜਿਸਟਿਕਸ ਦੀਆਂ ਦਿੱਗਜ ਕੰਪਨੀਆਂ ਤੋਂ ਲੈ ਕੇ ਨਵੇਂ ਲੋਕਾਂ ਤੱਕ, ਸਰਕਾਰਾਂ, ਨਿਵੇਸ਼ਕ, ਸਮੁੰਦਰੀ ਮਾਹਿਰ, ਵਾਤਾਵਰਨ ਪ੍ਰੇਮੀ ਅਤੇ ਉਤਸ਼ਾਹੀ ਲੋਕ ਇਸ ਦਿਸ਼ਾ ਵਿੱਚ ਅਗਲਾ ਕਦਮ ਚੁੱਕਣ ਲਈ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਪ੍ਰੋਗਰਾਮ ਕਾਰਗੋ-ਇੰਟੈਂਸਿਵ ਨਦੀ ਆਵਾਜਾਈ ਦੇ ਭਵਿੱਖ ਦੀ ਝਲਕ ਪੇਸ਼ ਕਰੇਗਾ ਅਤੇ ਇਹ ਵੀ ਦੱਸੇਗਾ ਕਿ ਕਿਵੇਂ ਗੰਗਾ, ਬ੍ਰਹਮਪੁੱਤਰ ਅਤੇ ਹੋਰ ਜਲ ਮਾਰਗ ਇੱਕ ਹਰੇ ਭਰੇ ਅਤੇ ਵਧੇਰੇ ਕੁਸ਼ਲ ਭਾਰਤ ਦੀ ਰੀੜ੍ਹ ਦੀ ਹੱਡੀ ਬਣ ਸਕਦੇ ਹਨ। ਨਦੀਆਂ ਨੇ ਸਾਡੀ ਸਭਿਅਤਾ ਨੂੰ ਆਕਾਰ ਦਿੱਤਾ ਹੈ। ਆਪਣੀ ਸਮ੍ਰਿੱਧ ਵਿਰਾਸਤ ਨੂੰ ਅਪਣਾ ਕੇ ਅਤੇ ਦੁਨੀਆ ਦੇ ਸਭ ਤੋਂ ਵਧੀਆ ਅਭਿਆਸਾਂ ਨੂੰ ਸ਼ਾਮਲ ਕਰਕੇ, ਭਾਰਤ ਇੱਕ ਨਵੀਂ ਅਤੇ ਆਧੁਨਿਕ ਅੰਦਰੂਨੀ ਜਲ ਆਵਾਜਾਈ ਪ੍ਰਣਾਲੀ ਰਾਹੀਂ ਇੱਕ ਟਿਕਾਊ ਅਰਥ-ਵਿਵਸਥਾ ਬਣਾਉਣ ਲਈ ਤਿਆਰ ਹੈ। ਲਹਿਰ ਆਖਰਕਾਰ ਸਾਡੇ ਹੱਕ ਵਿੱਚ ਵਹਿ ਰਹੀ ਹੈ, ਜੋ ਹਰੇ ਲੌਜਿਸਟਿਕਸ ਦੇ ਭਵਿੱਖ ਨੂੰ ਸ਼ਕਤੀ ਪ੍ਰਦਾਨ ਕਰ ਰਹੀ ਹੈ।
(ਲੇਖਕ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ ਦੇ ਸਕੱਤਰ ਹਨ)
*****
