Special Training Camp for Women Sarpanches .
ਸਸ਼ਕਤ ਪੰਚਾਇਤ ਨੇਤਰੀ ਅਭਿਆਨ ਤਹਿਤ ਮਹਿਲਾ ਸਰਪੰਚਾਂ ਲਈ ਵਿਸ਼ੇਸ਼ ਸਿਖਲਾਈ ਕੈਂਪ ਆਯੋਜਿਤ
ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਜਿਲ੍ਹੇ ਵਿੱਚ ਡਿਪਟੀ ਸੀ.ਈ.ਓ. ਸ.ਰਣਜੀਤ ਸਿੰਘ ਦੀ ਸਰਪ੍ਰਸਤੀ ਹੇਠ ਜ਼ਿਲ੍ਹੇ ਦੀਆਂ ਸਾਰੀਆਂ ਮਹਿਲਾ ਸਰਪੰਚਾਂ ਲਈ ਵਿਸ਼ੇਸ਼ ਸਸ਼ਕਤ ਪੰਚਾਇਤ ਨੇਤਰੀ ਅਭਿਆਨ ਤਹਿਤ ਤਿੰਨ ਰੋਜ਼ਾ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।
27 ਸਤੰਬਰ ਤੋਂ ਸ਼ੁਰੂ ਹੋਏ ਇਸ ਪ੍ਰੋਗਰਾਮ ਦੋਰਾਨ ਹੁਣ ਤਕ ਡੇਹਲੋਂ, ਦੋਰਾਹਾ, ਖੰਨਾ, ਜਗਰਾਓਂ ਅਤੇ ਲੁਧਿਆਣਾ-1 ਬਲਾਕਾਂ ਦੀਆਂ ਮਹਿਲਾ ਸਰਪੰਚਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਇਹ ਟ੍ਰੇਨਿੰਗ ਪ੍ਰੋਗਰਾਮ 10 ਦਸੰਬਰ ਤਕ ਚੱਲੇਗਾ।
ਸਿਖਲਾਈ ਪ੍ਰੋਗਰਾਮ ਵਿੱਚ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਅਤੇ ਪੰਚਾਇਤੀ ਰਾਜ, ਮੋਹਾਲੀ ਤੋਂ ਰਿਸੋਰਸ ਪਰਸਨ ਗੁਰਵਿੰਦਰ ਕੌਰ ਅਤੇ ਅਮਨਦੀਪ ਕੌਰ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ।
ਡਿਪਟੀ ਸੀ.ਈ.ਓ. ਸ.ਰਣਜੀਤ ਸਿੰਘ ਨੇ ਦੱਸਿਆ ਕਿ ਇਹ ਸਿਖਲਾਈ ਕੈਂਪ ਮਹਿਲਾ ਸਰਪੰਚਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਪਿੰਡ ਪੱਧਰ ਤੇ ਵਿਕਾਸ ਕਾਰਜਾਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਨੂੰ ਵਧਾਉਣ ਲਈ ਆਯੋਜਿਤ ਕੀਤੇ ਗਏ ਹਨ।
ਸਿਖਲਾਈ ਦੌਰਾਨ ਰਿਸੋਰਸ ਪਰਸਨ ਗੁਰਵਿੰਦਰ ਕੌਰ ਅਤੇ ਰਿਸੋਰਸ ਪਰਸਨ ਅਮਨਦੀਪ ਕੌਰ ਨੇ ਮਹਿਲਾ ਸਰਪੰਚਾਂ ਨੂੰ ਪਿੰਡਾਂ ਵਿੱਚ ਚੱਲ ਰਹੀਆਂ ਵੱਖ-ਵੱਖ ਸਰਕਾਰੀ ਯੋਜਨਾਵਾਂ, ਸਵੈ ਸਹਾਇਤਾ ਸਮੂਹਾਂ ਦੀ ਭੂਮਿਕਾ, ਆਰਥਿਕ ਸਸ਼ਕਤੀਕਰਨ ਅਤੇ ਸਮਾਜਿਕ ਨੇਤ੍ਰਿਤਵ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।
ਇਹ ਪ੍ਰੋਗਰਾਮ ਰੋਚਕ ਅਤੇ ਸਿੱਖਿਆਤਮਕ ਢੰਗ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਮਨੋਰੰਜਕ ਗਤੀਵਿਧੀਆਂ, ਕੇਸ ਸਟਡੀਜ਼, ਸਮੂਹਿਕ ਕਾਰਜਾਂ ਅਤੇ ਸਹਾਇਕ ਸਮੱਗਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਜੋ ਸਿਖਲਾਈ ਹੋਰ ਪ੍ਰਭਾਵਸ਼ਾਲੀ ਬਣੇ। ਮਹਿਲਾਵਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੇ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਦੱਸਿਆ ਕਿ ਜੇ ਮਹਿਲਾਵਾਂ ਆਪਣੀ ਪਿੰਚਾਇਤਾਂ ਨੂੰ ਸਰਗਰਮ ਰੂਪ ਵਿੱਚ ਚਲਾਉਣ, ਤਾਂ ਨਾ ਸਿਰਫ਼ ਪਿੰਡਾਂ ਦੀ ਤਰੱਕੀ ਤੇਜ਼ ਹੋ ਸਕਦੀ ਹੈ, ਬਲਕਿ ਮਹਿਲਾਵਾਂ ਦਾ ਆਤਮ-ਵਿਸ਼ਵਾਸ ਵੀ ਵਧਦਾ ਹੈ। ਸਿਖਲਾਈ ਕੈਂਪਾਂ ਦੌਰਾਨ ਪ੍ਰੈਕਟਿਕਲ ਗਤੀਵਿਧੀਆਂ ਅਤੇ ਸਮੂਹਿਕ ਚਰਚਾਵਾਂ ਰਾਹੀਂ ਮਹਿਲਾ ਸਰਪੰਚਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੀ ਪਿੰਚਾਇਤਾਂ ਵਿੱਚ ਨਵੇਂ ਪ੍ਰਯੋਗ ਸ਼ੁਰੂ ਕਰਨ ਅਤੇ ਆਪਣੇ ਪਿੰਡਾਂ ਨੂੰ ਆਦਰਸ਼ ਪਿੰਡ ਬਣਾਉਣ ਵੱਲ ਅਗਾਂਹ ਵਧਣ।
ਟ੍ਰੇਨਿੰਗ ਵਿੱਚ ਡਿਪਟੀ CEO ਤੋਂ ਇਲਾਵਾ ਸੁਪਰਡੈਂਟ ਸ੍ਰ ਸਕੰਦਰ ਸਿੰਘ,ਲੇਖਾ ਕਲਰਕ ਸ੍ਰ ਪਰਮਪ੍ਰੀਤ ਸਿੰਘ ਅਤੇ DPM ਸ਼੍ਰੀ ਸੰਜੀਵ ਕੁਮਾਰ ਵੱਲੋਂ ਵੀ ਮਹਿਲਾਵਾਂ ਸਰਪੰਚਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
