PAWA intensifies drive against adulteration .

ਪਾਵਾ ਨੇ ਖ਼ੁਰਾਕੀ ਮਿਲਾਵਟ ਵਿਰੁੱਧ ਤੇਜ ਕੀਤੀ ਲਾਮਬੰਦੀ


ਸਲਾਨਾ ਮੀਟਿੰਗ ਵਿੱਚ ਪੇਸ਼ ਕੀਤੀ ਇਕ ਸਾਲ ਵਿਚ ਹਾਸਲ ਕੀਤੀਆਂ ਮਹੱਤਤਵਪੂਰਨ ਸਫਲਤਾਵਾਂ ਦੀ ਰਿਪੋਰਟ


ਸਤਲੁਧਿਆਣਾ, 7 ਨਵੰਬਰ (ਵਾਸੂ ਜੇਤਲੀ)- ਪਬਲਿਕ ਅਗੇਂਸਟ ਅਡਲਟਰੇਸ਼ਨ ਵੈਲਫੇਅਰ ਐਸੋਸੀਏਸ਼ਨ (ਪਾਵਾ) ਦੀ ਸਾਲਾਨਾ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਖੁਰਾਕੀ ਮਿਲਾਵਟਖੋਰੀ ਵਿਰੁੱਧ ਲਾਮਬੰਦੀ ਤੇਜ ਕੀਤੀ ਗਈ। ਲੁਧਿਆਣਾ ਕਲੱਬ ਵਿੱਚ ਹੋਈ ਮੀਟਿੰਗ ਦੌਰਾਨ ਐਸੋਸੀੇਏਸ਼ਨ ਨੇ ਪਾਵਾ ਨੇ ਇਕ ਸਾਲ ਵਿਚ ਹਾਸਲ ਕੀਤੀਆਂ ਮਹੱਤਤਵਪੂਰਨ ਸਫਲਤਾਵਾਂ ਦੀ ਰਿਪੋਰਟ ਪੇਸ਼ ਕੀਤੀ। ਬੁਲਾਰਿਆਂ ਨੇ ਦੱਸਿਆ ਕਿ ਸੰਸਥਾ ਦੀ ਸਥਾਪਨਾ 5 ਫ਼ਰਵਰੀ 2025 ਨੂੰ ਹੋਈ ਸੀ, ਪਰ ਗਤੀਵਿਧੀਆਂ ਅਕਤੂਬਰ 2024 ਤੋਂ ਹੀ ਸ਼ੁਰੂ ਹੋ ਗਈਆਂ ਸਨ। ਪਾਵਾ ਦਾ ਉਦੇਸ਼ ਲੋਕ ਸਿਹਤ ਅਤੇ ਖਪਤਕਾਰ ਹੱਕਾਂ ਦੀ ਰੱਖਿਆ ਕਰਨਾ ਹੈ। ਜਿਸ ਲਈ ਇਹ ਖ਼ੁਰਾਕੀ ਮਿਲਾਵਟ ਵਿਰੁੱਧ ਜਾਗਰੂਕਤਾ, ਸਰਕਾਰੀ ਸਹਿਯੋਗ ਅਤੇ ਕਾਨੂੰਨੀ ਵਕਾਲਤ ਵਰਗੇ ਮੋਰਚਿਆਂ ’ਤੇ ਸਰਗਰਮ ਹੈ। ਕੁਲਵੰਤ ਸਿੰਘ ਦੇ ਸਵਾਗਤੀ ਭਾਸ਼ਣ ਤੋਂ ਬਾਅਦ ਸੰਯੁਕਤ ਸਕੱਤਰ ਪੰਜਾਬ ਤੇ ਹਰਿਆਣਾ ਤੇ ਹਰਿਆਣਾ ਹਾਈਕੋਰਟ ਦੇ ਸੇਵਾਮੁਕਤ ਜੱਜ ਜੋਰਾ ਸਿੰਘ ਨੇ ਪਾਵਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਐਡਵੋਕੇਟ ਅਮਰਜੀਤ ਸਿੰਘ ਨੇ ਪਾਵਾ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ ਕਿਹਾ ਗਿਆ ਕਿ ਇਕ ਸਾਲ ਦੇ ਦੌਰਾਨ ਪਾਵਾ ਨੇ ਪੰਜਾਬ ਅਤੇ ਹਰਿਆਣਾ ਦੇ ਫੂਡ ਸੇਫਟੀ ਕਮਿਸ਼ਨਰਾਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਖੁਰਾਕ ਸੁਰੱਖਿਆ ਪ੍ਰਣਾਲੀ ਮਜ਼ਬੂਤ ਕਰਨ ਲਈ ਕਈ ਪ੍ਰਸਤਾਵ ਭੇਜੇ। ਇਸਨੇ ਭਾਰਤ ਦੇ ਪ੍ਰਧਾਨ ਮੰਤਰੀ, ਕੇਂਦਰੀ ਸਿਹਤ ਮੰਤਰਾਲੇ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਉੱਤਰ ਪ੍ਰਦੇਸ਼ ਮਾਡਲ ਅਪਣਾਉਣ ਦੀ ਸਿਫ਼ਾਰਸ਼ ਕੀਤੀ, ਜਿਸ ਅਧੀਨ ਦੋਸ਼ੀ ਠਹਿਰਾਏ ਬੰਦਿਆਂ ਦੇ ਨਾਮ ਅਤੇ ਤਸਵੀਰਾਂ ਜਨਤਕ ਕੀਤੀਆਂ ਜਾਂਦੀਆਂ ਹਨ। ਪਾਵਾ ਨੇ ਮਾਂ ਦੇ ਦੁੱਧ ਵਿੱਚ ਕੀਟਨਾਸ਼ਕ ਤੱਤ ਮਿਲਣ ਸਬੰਧੀ ਗੰਭੀਰ ਚਿੰਤਾ ਜਤਾਉਂਦੇ ਹੋਏ ਸਭ ਮੁੱਖ ਮੰਤਰੀਆਂ, ਐਫਏਐਸਐਸਆਈ ਅਤੇ ਸਿਹਤ ਮੰਤਰਾਲਿਆਂ ਨੂੰ ਤੁਰੰਤ ਕਾਰਵਾਈ ਕਰਨ ਲਈ ਅਪੀਲ ਵੀ ਕੀਤੀ। ਪਾਵਾ ਨੇ ਖਰੀਦੇ ਜਾਣ ਵਾਲੇ ਅਨਾਜ ਦੀ ਰਸਾਇਣਿਕ ਜਾਂਚ ਜ਼ਰੂਰੀ ਕਰਨ, ਮੁਫ਼ਤ ਪਬਲਿਕ ਟੈਸਟਿੰਗ ਪ੍ਰਯੋਗਸ਼ਾਲਾਵਾਂ ਬਣਾਉਣ ਅਤੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਕੀਤੇ ਜਾਣ ਦੀ ਮੰਗ ਵੀ ਕੀਤੀ। ਪਾਵਾ ਨੂੰ ਖੁਰਾਕੀ ਮਿਲਾਵਟ ਵਿਰੁੱਧ ਕੰਮ ਕਰਨ ਵਾਲੀਆਂ ਰਾਸ਼ਟਰੀ ਸੰਸਥਾਵਾਂ ਵਿੱਚ ਭਾਰਤ ਭਰ ਵਿੱਚ ਤੀਜਾ ਸਥਾਨ ਹਾਸਲ ਹੋਇਆ ਹੈ। ਸੰਸਥਾ ਨੇ ਪਟਿਆਲਾ ਅਤੇ ਫਰੀਦਕੋਟ ਵਿੱਚ  ਈਟ ਰਾਈਟ ਮੇਲਾ ਕਰਵਾਇਆ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦੇਸ਼ ਭਗਤ ਯੂਨੀਵਰਸਿਟੀ ਅਤੇ ਸਰਕਾਰੀ ਪਾਲੀਟੈਕਨਿਕ ਗਰਲਜ਼ ਕਾਲਜ ਪਟਿਆਲਾ ਵਿੱਚ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤੇ। ਪਾਵਾ ਵੱਲੋਂ ਗੁਰਦਾਸਪੁਰ ਦੇ ਪਿੰਡ ਮਕੌੜਾ ਪੱਤਣ ਵਿੱਚ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਸਕੂਲੀ ਬੱਚਿਆਂ ਵਿੱਚ ਕਾਪੀਆਂ ਵੰਡੀਆਂ ਗਈਆਂ। ਸੰਸਥਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਭਟੋਆ ਨੇ ਸੋਸ਼ਲ ਮੀਡੀਆ ’ਤੇ ਲਾਈਵ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਮਿਲਾਵਟੀ ਖੁਰਾਕ ਦੀ ਜਾਂਚ ਦੇ ਆਸਾਨ ਤਰੀਕੇ ਦੱਸੇ। ਪ੍ਰਧਾਨ ਅਮਰਜੀਤ ਸਿੰਘ ਅਤੇ ਡਾ. ਲਖਵੀਰ ਸਿੰਘ, ਪ੍ਰਧਾਨ ਹੁਸ਼ਿਆਰਪੁਰ ਨੇ ਵੀ ਕਈ ਚਰਚਾਵਾਂ ਵਿੱਚ ਭਾਗ ਲਿਆ। ਖਾਸ ਤੌਰ ’ਤੇ ਡਾ. ਵਿਜੇ ਕੁਮਾਰ (ਗੁਰਦਾਸਪੁਰ) ਦੀ ਟੀਮ ਨੇ ਜਨ-ਹਿੱਤ ਵਿੱਚ ਪ੍ਰੇਰਕ ਭੂਮਿਕਾ ਨਿਭਾਈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਸੰਗਠਨ ਦਾ ਵਿਸਥਾਰ ਕਰਦੇ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ। ਪ੍ਰਬੰਧਕੀ ਮੰਡਲ ਨੇ ਪਟਿਆਲਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਨੂੰ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਖ਼ਾਸ ਤੌਰ ’ਤੇ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਮਾਗਮ ਵਿੱਚ ਪਾਵਾ ਵੱਲੋਂ ਸੰਸਥਾ ਦੇ ਸਲਾਹਕਾਰ ਮਨੋਜ ਕੁਮਾਰ ਖੋਸਲਾ (ਸਾਬਕਾ ਸੰਯੁਕਤ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ, ਪੰਜਾਬ) ਦਾ ਨਿੱਘਾ ਸਵਾਗਤ ਵੀ ਕੀਤਾ ਗਿਆ। ਪਾਵਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਭਟੋਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸੰਸਥਾ ਨੇ ਬਹੁਤ ਥੋੜ੍ਹੇ ਸਮੇਂ ਵਿੱਚ ਹੀ ਲੋਕ ਸਿਹਤ ਅਤੇ ਖੁਰਾਕੀ ਸੁਰੱਖਿਆ ਦੇ ਖੇਤਰ ਵਿੱਚ ਵਿਸ਼ਵਾਸਯੋਗ ਪ੍ਰਾਪਤੀ ਕੀਤੀ ਹੈ। ਅਸੀਂ ਹੋਰ ਰਾਜਾਂ ਵਿੱਚ ਆਪਣੀ ਸਰਗਰਮੀ ਵਧਾ ਕੇ ਖੁਰਾਕ ਦੀ ਪਵਿੱਤਰਤਾ ਅਤੇ ਸੁਰੱਖਿਆ ਲਈ ਲੜਾਈ ਜਾਰੀ ਰੱਖਾਂਗੇ। ਇਸ ਮੀਟਿੰਗ ਵਿੱਚ ਸੰਸਥਾ ਦੇ ਮੁੱਖ ਸਰਪ੍ਰਸਤ ਜੋਰਾ ਸਿੰਘ (ਸਾਬਕਾ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਪ੍ਰਧਾਨ ਅਮਰਜੀਤ ਸਿੰਘ ਐਡਵੋਕੇਟ, ਜਨਰਲ ਸਕੱਤਰ ਸੁਰਜੀਤ ਸਿੰਘ ਭਟੋਆ, ਕੁਲਵੰਤ ਸਿੰਘ ਪੁਰਬਾ, ਜੁਆਇੰਟ ਸਕੱਤਰ, ਪਾਵਾ ਸੰਸਥਾ ਦੇ ਸਲਾਹਕਾਰ ਮਨੋਜ ਕੁਮਾਰ ਖੋਸਲਾ, ਐਡਵੋਕੇਟ ਯਾਦਬਿੰਦਰਪਾਲ ਸਿੰਘ, ਕਾਨੂੰਨੀ ਸਲਾਹਕਾਰ, ਪਾਵਾ ਅਤੇ ਚੰਡੀਗੜ੍ਹ ਤੋਂ ਆਏ ਕਾਰਜਕਾਰੀ ਕਮੇਟੀ ਦੇ ਨਾਲ ਨਾਲ ਪਰਮਵੀਰ ਕੌਰ (ਮੀਡੀਆ ਸਲਾਹਕਾਰ), ਡਾ. ਸਵਰਨਜੀਤ ਕੌਰ ਗਰੇਵਾਲ, ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਇਕਾਈਆਂ ਪਟਿਆਲਾ, ਫਤਿਹਗੜ੍ਹ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਸੰਗਰੂਰ, ਤਰਨਤਾਰਨ, ਲੁਧਿਆਣਾ ਅਤੇ ਪੰਚਕੂਲਾ ਆਦਿ ਦੀ ਨੁਮਾਇੰਦਗੀ ਕਰਨ ਵਾਲੇ ਮੈਂਬਰਾਂ ਸਮੇਤ ਪ੍ਰਧਾਨ ਅਤੇ ਸਕੱਤਰ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਐਡਵੋਕੇਟ ਯਾਦਬਿੰਦਰਪਾਲ ਸਿੰਘ ਕਾਨੂੰਨੀ ਸਲਾਹਕਾਰ ਨੇ ਪਾਵਾ ਮੈਂਬਰਾਂ ਅਤੇ ਲੁਧਿਆਣਾ ਕਲੱਬ ਪ੍ਰਬੰਧਨ ਦਾ ਧੰਨਵਾਦ ਕੀਤਾ।