ਸਟਾਕਟਨ (ਅਮਰੀਕਾ) ਵੱਸਦੀ ਪੰਜਾਬੀ ਲੇਖਿਕਾ ਹਰਪ੍ਰੀਤ ਕੌਰ ਧੂਤ ਦਾ ਕਹਾਣੀ ਸੰਗ੍ਰਹਿ “ਖ਼ਤਰਾ ਤਾਂ ਹੈ” ਗੁਰਭਜਨ ਗਿੱਲ ਵੱਲੋਂ ਲੋਕ ਅਰਪਣ.
ਲੁਧਿਆਣਾ : ਸਟਾਕਟਨ(ਅਮਰੀਕਾ) ਵੱਸਦੀ ਪੰਜਾਬੀ ਲੇਖਿਕਾ ਹਰਪ੍ਰੀਤ ਕੌਰ ਧੂਤ ਦਾ ਕਹਾਣੀ ਸੰਗ੍ਰਹਿ “ਖ਼ਤਰਾ ਤਾਂ ਹੈ” ਲੋਕ ਅਰਪਣ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਹਰਪ੍ਰੀਤ ਇੱਕੋ ਵੇਲੇ ਇੱਕੋ ਜਿੰਨੀ ਮੁਹਾਰਤ ਨਾਲ ਕਵਿਤਾ ਤੇ ਕਹਾਣੀ ਲਿਖਦੀ ਹੈ ਪਰ ਉਸ ਦੀ ਇਹ ਕਹਾਣੀ ਪੁਸਤਕ ਉਸ ਨੂੰ ਪਹਿਲੇ ਕਹਾਣੀ ਸੰਗ੍ਰਹਿ “ਸੂਰਜ ਹਾਰ ਗਿਆ ਹੈ” ਤੋਂ ਵਧੇਰੇ ਪੱਕਾ ਪਕੇਰਾ ਸਥਾਨ ਦਿਵਾਏਗੀ। ਉਨ੍ਹਾਂ ਕਿਹਾ ਕਿ ਉਸ ਦੀ ਸ਼ਾਇਰੀ ਤੇ ਕਹਾਣੀ ਦਾ ਮੂੰਹ ਮੁਹਾਂਦਰਾ ਲੋਕ ਮੁਖੀ ਭਾਵਨਾ ਵਾਲਾ ਹੋਣ ਕਰਕੇ ਉਸ ਦੀ ਵਿਸ਼ਲੇਸ਼ਣੀ ਨੀਝ ਲਗਾਤਾਰ ਤੇਜ਼ ਹੋ ਰਹੀ ਹੈ। ਉਨਾਂ ਕਿਹਾ ਕਿ ਉਹ ਡਾ. ਵਰਿਆਮ ਸਿੰਘ ਸੰਧੂ ਵਾਂਗ ਲੰਮੀ ਕਹਾਣੀ ਦੀ ਸਿਰਜਕ ਹੈ। ਇਸ 220 ਪੰਨਿਆਂ ਦੀ ਪੁਸਤਕ ਵਿੱਚ ਕੁੱਲ ਛੇ ਕਹਾਣੀਆਂ ਹਨ ਪਰ ਬਹੁਤੀਆਂ ਕਹਾਣੀਆਂ ਕਦੇ ਕਿਸੇ ਮੈਗਜ਼ੀਨ ਜਾਂ ਸੰਚਾਰ ਮਾਧਿਅਮ ਵਿੱਚ ਕਦੇ ਨਹੀਂ ਛਪੀਆਂ ਕਿਉਂਕਿ ਹਰਪ੍ਰੀਤ ਕੌਰ ਧੂਤ ਬੇਪ੍ਰਵਾਹ ਸਾਹਿੱਤ ਸਾਧਕ ਹੈ ਜੋ ਬਿਨ ਮੰਗੇ ਰਚਨਾ ਨਹੀਂ ਭੇਜਦੀ।
