ਆਈਆਈਐੱਸਐੱਫ 2025 ਨੌਜਵਾਨਾਂ ਵਿੱਚ ਬੇਹੱਦ ਮਕ ਬੂਲ: 10,000 ਤੋਂ ਵੱਧ ਵਿਦਿਆਰਥੀਆਂ ਨੇ ਹਰਿਆਣਾ ਵਿੱਚ ਦੇਸ਼ ਦੇ ਸਭ ਤੋਂ ਵੱਡੇ ਵਿਗਿਆਨ ਮੇਲੇ ਦਾ ਦੌਰਾ ਕੀਤਾ.
ਪੰਚਕੂਲਾ, 8 ਦਸੰਬਰ 2025: ਭਾਰਤ ਅੰਤਰਰਾਸ਼ਟਰੀ ਵਿਗਿਆਨ ਮੇਲਾ (IISF) 2025 ਦਾ ਉਦਘਾਟਨ 6 ਦਸੰਬਰ 2025 ਨੂੰ ਵਿਗਿਆਨ ਤੇ ਤਕਨਾਲੋਜੀ ਅਤੇ ਧਰਤੀ ਵਿਗਿਆਨ ਮੰਤਰਾਲੇ (MoES) ਦੇ ਮਾਣਯੋਗ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਜੀ ਨੇ ਕੀਤਾ ਸੀ। ਇਸ ਮੇਲੇ ਵਿੱਚ 10,000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ, ਜੋ ਦੇਸ਼ ਦੇ ਨੌਜਵਾਨਾਂ ਵਿੱਚ ਇਸ ਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ। ਵਿਦਿਆਰਥੀਆਂ ਨੂੰ ਮਾਣਯੋਗ ਮੰਤਰੀ ਡਾ. ਜਿਤੇਂਦਰ ਸਿੰਘ ਜੀ ਨਾਲ ਖੁੱਲ੍ਹੇ ਮੰਚ ਤੇ ਵੱਖ-ਵੱਖ ਵਿਸ਼ਿਆਂ – ਸਮਾਜ ਲਈ ਲਾਭਕਾਰੀ ਨਵੀਨਤਾਵਾਂ, ਕਰੀਅਰ, ਅਤੇ ਸਰਕਾਰ ਦੇ ਨੌਜਵਾਨਾਂ ਲਈ ਵਿਜ਼ਨ ਅਤੇ ਪਹਿਲਕਦਮੀਆਂ – 'ਤੇ ਗੱਲਬਾਤ ਕਰਨ ਦਾ ਮੌਕਾ ਮਿਲਿਆ।
ਸਾਰੇ ਸੈਸ਼ਨਾਂ ਵਿੱਚ ਵਿਦਿਆਰਥੀਆਂ ਨੂੰ ਵਿਗਿਆਨੀਆਂ ਤੇ ਨਵੀਨਤਾਕਾਰਾਂ ਨਾਲ ਗੱਲਬਾਤ ਕਰਦਿਆਂ ਦੇਖਿਆ ਗਿਆ। ਉਹ ਖਾਸ ਆਕਰਸ਼ਣਾਂ ਜਿਵੇਂ ਕਿ ਐੱਸਐਂਡਟੀ ਵਿਲੇਜ, ਸਾਇੰਸ ਸਫਾਰੀ, ਸਾਇੰਸ ਆਨ ਏ ਸਫੀਅਰ, ਵਰਚੁਅਲ ਰਿਐਲਟੀ ਟੂਰ ਅਤੇ ਲਾਈਵ ਪ੍ਰਯੋਗਾਂ ਵਾਲੀਆਂ ਪ੍ਰਦਰਸ਼ਨੀਆਂ ਵੱਲ ਖਿੱਚੇ ਚਲੇ ਆ ਰਹੇ ਸਨ। ਭਾਰਤੀ ਵਾਯੂ ਸੈਨਾ ਦੇ ਟੈਸਟ ਪਾਇਲਟ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੂੰ ਮਿਲਣ 'ਤੇ ਵਿਦਿਆਰਥੀਆਂ ਵਿੱਚ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨ ਮਨਾਂ ਨੂੰ ਭਵਿੱਖ-ਮੁਖੀ ਵਿਸ਼ਿਆਂ – ਬਾਇਓ-ਇਕਾਨਮੀ, ਬਲੂ ਇਕਾਨਮੀ, ਵੇਸਟ ਟੂ ਵੈਲਥ, ਸਟਾਰਟਅੱਪਸ, ਨਵੀਂ ਪੀੜ੍ਹੀ ਦੀਆਂ ਤਕਨੀਕਾਂ, ਜੀਨ ਐਡਿਟਿੰਗ ਤੇ ਕਵਾਂਟਮ – 'ਤੇ ਚਰਚਾਵਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ।
ਆਈਆਈਐੱਸਐੱਫ 2025 ਦੇ ਆਕਰਸ਼ਣਾਂ ਦਾ ਮਕਸਦ ਜਿਗਿਆਸਾ ਜਗਾਉਣਾ ਅਤੇ ਵਿਗਿਆਨ-ਤਕਨਾਲੋਜੀ ਵਿੱਚ ਦਿਲਚਸਪੀ ਵਧਾਉਣਾ ਸੀ। ਐੱਸਐਂਡਟੀ ਵਿਲੇਜ ਨੇ ਵਿਦਿਆਰਥੀਆਂ ਨੂੰ ਵਿਗਿਆਨੀਆਂ, ਤਕਨੀਕੀ ਮਾਹਿਰਾਂ ਅਤੇ ਨਵੀਨਤਾਕਾਰਾਂ ਨਾਲ ਜੋੜਿਆ ਅਤੇ ਅਸਲ ਦੁਨੀਆਂ ਦੇ ਵਿਗਿਆਨ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਸਾਇੰਸ ਆਨ ਏ ਸਫੀਅਰ ਇੱਕ ਸਾਇੰਸ-ਫਿਕਸ਼ਨ ਫਿਲਮ ਵਰਗਾ ਅਨੁਭਵ ਸੀ, ਜਿਸ ਵਿੱਚ ਘੁੰਮਦੀ ਗੋਲਾਕਾਰ ਪ੍ਰਦਰਸ਼ਨੀ ਅਤੇ ਧਰਤੀ ਦੇ ਮੌਸਮ ਅਤੇ ਪ੍ਰਕਿਰਿਆਵਾਂ (ਜਿਵੇਂ ਤੂਫਾਨ ਅਤੇ ਟੈਕਟੋਨਿਕ ਪਲੇਟਾਂ ਦੀ ਹਿਲਜੁਲ) ਦੇ ਹਾਈ-ਡੈਫੀਨੇਸ਼ਨ ਦ੍ਰਿਸ਼ ਰੀਅਲ-ਟਾਈਮ ਵਿੱਚ ਦਿਖਾਏ ਗਏ। ਸਾਇੰਸ ਸਫਾਰੀ ਬੱਚਿਆਂ ਨੂੰ ਸਟੈਮ (STEM) ਖਿਡੌਣੇ, ਖੇਡਾਂ, ਹੈਂਡਸ-ਆਨ ਵਰਕਸ਼ਾਪਾਂ ਅਤੇ ਅਧਿਆਪਕ ਸਿਖਲਾਈ ਸੈਸ਼ਨਾਂ ਰਾਹੀਂ ਵਿਗਿਆਨਿਕ ਧਾਰਨਾਵਾਂ ਸਿਖਾਉਣ ਦਾ ਵਿਲੱਖਣ ਤਰੀਕਾ ਸੀ।
ਸਰਕਾਰ ਦੇ ਵਿਗਿਆਨ ਵਿਭਾਗਾਂ ਅਤੇ ਮੰਤਰਾਲਿਆਂ ਦੀਆਂ ਪ੍ਰਦਰਸ਼ਨੀਆਂ ਵੀ ਬਹੁਤ ਪ੍ਰਭਾਵਸ਼ਾਲੀ ਰਹੀਆਂ। ਡੀਐੱਸਟੀ, ਆਈਸੀਐੱਮਆਰ ਅਤੇ ਡੀਬੀਟੀ ਮੰਡਪਾਂ ਵਿੱਚ ਲਾਈਵ ਵਿਗਿਆਨ ਕਵਿਜ਼, ਸੀਐੱਸਆਈਆਰ ਮੰਡਪ ਵਿੱਚ ਲਾਈਵ ਪ੍ਰਯੋਗ ਅਤੇ ਨਵੇਂ ਉਤਪਾਦਾਂ (ਜਿਵੇਂ ਬਾਜਰੇ ਦਾ ਬਰਗਰ, ਨਿਊਟ੍ਰਾਸਿਊਟੀਕਲਜ਼ ਅਤੇ ਲੈਵੈਂਡਰ ਤੋਂ ਬਣੇ ਸੌਂਦਰਯ ਪ੍ਰਸਾਧਨ) ਦਾ ਪ੍ਰਦਰਸ਼ਨ, ਸੀਐੱਸਆਈਆਰ, ਆਈਯੂਸੀਏਏ ਅਤੇ ਐੱਨਆਈਐੱਫ ਮੰਡਪਾਂ ਵਿੱਚ ਆਕਰਸ਼ਕ ਤਕਨੀਕੀ ਪ੍ਰਦਰਸ਼ਨ, ਖਾਣ ਮੰਤਰਾਲੇ ਦੇ ਜੀਐੱਸਆਈ ਦਾ ਜੀਵਾਸ਼ਮ ਪ੍ਰਦਰਸ਼ਨ, ਅਤੇ ਧਰਤੀ ਵਿਗਿਆਨ ਮੰਤਰਾਲੇ ਦੇ ਐੱਨਸੀਪੀਓਆਰ ਮੰਡਪ ਵਿੱਚ ਭਾਰਤ ਦੇ ਅੰਟਾਰਕਟਿਕ ਰਿਸਰਚ ਸਟੇਸ਼ਨ ਦਾ ਵਰਚੁਅਲ ਰਿਐਲਟੀ ਟੂਰ – ਇਹ ਸਾਰੇ ਹਰ ਰੋਜ਼ ਸੈਂਕੜੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੇ ਹਨ।
ਭਾਰਤ ਅੰਤਰਰਾਸ਼ਟਰੀ ਵਿਗਿਆਨ ਮੇਲਾ 6 ਤੋਂ 9 ਦਸੰਬਰ 2025 ਤੱਕ ਹਰਿਆਣਾ ਦੇ ਪੰਚਕੂਲਾ ਵਿੱਚ ਦਸਹਿਰਾ ਗਰਾਊਂਡ ਵਿਖੇ ਚੱਲ ਰਿਹਾ ਹੈ। ਇਹ ਭਾਰਤ ਦੇ ਵਿਗਿਆਨਿਕ ਮੰਤਰਾਲਿਆਂ ਅਤੇ ਵਿਭਾਗਾਂ (ਸੀਐੱਸਆਈਆਰ, ਡੀਐੱਸਟੀ, ਡੀਬੀਟੀ ਅਤੇ ਧਰਤੀ ਵਿਗਿਆਨ ਮੰਤਰਾਲੇ) ਵੱਲੋਂ ਸਾਲਾਨਾ ਆਯੋਜਿਤ ਪ੍ਰੋਗਰਾਮ ਹੈ, ਜਿਸ ਦਾ ਮਕਸਦ ਵਿਗਿਆਨਿਕ ਸੁਭਾਅ ਨੂੰ ਵਧਾਉਣਾ ਅਤੇ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਵਿੱਚ ਹੋਈ ਤਰੱਕੀ ਬਾਰੇ ਜਨਤਕ ਜਾਗਰੂਕਤਾ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਹੈ।
