ਵੈਟਨਰੀ ਯੂਨੀਵਰਸਿਟੀ 11 ਅਤੇ 12 ਦਸੰਬਰ ਨੂੰ ਵਨ ਹੈਲਥ ਵਿਸ਼ੇ ’ਤੇ ਅੰਤਰਰਾਸ਼ਟਰੀ ਗੋਸ਼ਠੀ ਅਤੇ ਸਾਲਾਨਾ ਕਾਨਫਰੰਸ ਦੀ ਕਰੇਗੀ ਮੇਜ਼ਬਾਨੀ.
ਲੁਧਿਆਣਾ, 9 ਦਸੰਬਰ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਵੱਲੋਂ 11-12 ਦਸੰਬਰ 2025 ਨੂੰ ਇੰਡੀਅਨ ਐਸੋਸੀਏਸ਼ਨ ਆਫ਼ ਵੈਟਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੀ 21ਵੀਂ ਸਾਲਾਨਾ ਕਾਨਫਰੰਸ ਅਤੇ ਅੰਤਰਰਾਸ਼ਟਰੀ ਗੋਸ਼ਠੀ "ਵਨ ਹੈਲਥ ਨੂੰ ਅੱਗੇ ਵਧਾਉਣਾ: ਮਨੁੱਖੀ, ਜਾਨਵਰ ਅਤੇ ਵਾਤਾਵਰਣ ਸਿਹਤ ਨੂੰ ਉਤਸ਼ਾਹਿਤ ਕਰਨ ਲਈ ਕਾਰਜ ਕਰਨ ਦਾ ਸੰਕਲਪ" ਵਿਸ਼ੇ ’ਤੇ ਕਰਵਾਈ ਜਾ ਰਹੀ ਹੈ।
ਇਸ ਦੋ-ਰੋਜ਼ਾ ਸਮਾਗਮ ਵਿੱਚ ਭਾਰਤ ਭਰ ਦੇ 200 ਤੋਂ ਵੱਧ ਵਿਦਵਾਨਾਂ, ਖੋਜਕਰਤਾਵਾਂ, ਵਿਗਿਆਨੀਆਂ ਅਤੇ ਪੇਸ਼ੇਵਰਾਂ ਦੇ ਭਾਗ ਲੈਣ ਦੀ ਉਮੀਦ ਹੈ, ਜੋ ਜਨਤਕ ਸਿਹਤ, ਪਸ਼ੂ ਵਿਗਿਆਨ, ਵਾਤਾਵਰਣ ਅਧਿਐਨ ਅਤੇ ਸੰਬੰਧਿਤ ਵਿਸ਼ਿਆਂ ਦੇ ਖੇਤਰਾਂ ਦੀ ਨੁਮਾਇੰਦਗੀ ਕਰਦੇ ਹਨ। ਗੋਸ਼ਠੀ ਦਾ ਉਦੇਸ਼ ਇੱਕ ਸਿਹਤ ਸੰਕਲਪ ਨੂੰ ਵਿਹਾਰਕ ਕਾਰਵਾਈ ਵਿੱਚ ਬਦਲਣਾ ਹੈ ਅਤੇ ਆਧੁਨਿਕ ਸਿਹਤ ਚੁਣੌਤੀਆਂ ਨਾਲ ਨਜਿੱਠਣ ਵਿੱਚ ਮਨੁੱਖੀ, ਜਾਨਵਰਾਂ ਅਤੇ ਵਾਤਾਵਰਣ ਭਲਾਈ ਦੇ ਆਪਸੀ ਸਬੰਧਾਂ `ਤੇ ਜ਼ੋਰ ਦੇਣਾ ਹੈ।
ਇਸ ਗੋਸ਼ਠੀ ਵਿੱਚ ਕਈ ਮੁੱਖ ਵਿਸ਼ਿਆਂ ਜਿਵੇਂ ਕਿ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਸੂਖਮਜੀਵ ਵਿਰੋਧੀ ਪ੍ਰਤੀਰੋਧ ਐਂਟੀਮਾਈਕਰੋਬਾਇਲ ਪ੍ਰਤੀਰੋਧ (Antimicrobial Resistance), ਭੋਜਨ ਸੁਰੱਖਿਆ, ਜੈਵਿਕ ਸੁਰੱਖਿਆ, ਵਾਤਾਵਰਣ ਪ੍ਰਦੂਸ਼ਕ, ਉੱਭਰ ਰਹੇ ਜਰਾਸੀਮ, ਅਤੇ ਏਕੀਕ੍ਰਿਤ ਨਿਗਰਾਨੀ ਵਿਧੀਆਂ `ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।ਇਹ ਪ੍ਰੋਗਰਾਮ ਰਾਸ਼ਟਰੀ ਅਤੇ ਵਿਸ਼ਵ ਪੱਧਰ `ਤੇ ਮਨੁੱਖਾਂ, ਜਾਨਵਰਾਂ, ਪੰਛੀਆਂ ਅਤੇ ਵਾਤਾਵਰਣ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਅਤੇ ਰਣਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ।
ਮਨੁੱਖੀ ਅਤੇ ਪਸ਼ੂਆਂ ਦੀ ਸਿਹਤ, ਵਾਤਾਵਰਣ, ਜੰਗਲੀ ਜੀਵ ਅਤੇ ਉਦਯੋਗਿਕ ਖੇਤਰਾਂ ਦੇ ਪ੍ਰਸਿੱਧ ਮਾਹਿਰ, ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਵਿਗਿਆਨੀ ਇਸ ਵਿਚਾਰ-ਵਟਾਂਦਰੇ ਵਿੱਚ ਯੋਗਦਾਨ ਪਾਉਣਗੇ। ਆਸਟ੍ਰੇਲੀਆ, ਕੈਨੇਡਾ ਅਤੇ ਬੈਲਜੀਅਮ ਦੇ ਅੰਤਰਰਾਸ਼ਟਰੀ ਡੈਲੀਗੇਟਾਂ ਦੀ ਭਾਗੀਦਾਰੀ, ਵਿਸ਼ਵਵਿਆਪੀ ਸੂਝ ਅਤੇ ਤਜਰਬਿਆਂ ਨਾਲ ਵਿਚਾਰ ਵਟਾਂਦਰਾ ਨੂੰ ਹੋਰ ਲ਼ਾਭਦਾਇਕ ਬਣਾਏੇਗੀ।
ਇਸ ਗੋਸ਼ਠੀ ਰਾਹੀਂ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਅਲੱਗ-ਅਲੱਗ ਵਿਭਾਗਾਂ ਵਿੱਚ ਸਹਿਯੋਗ ਅਤੇ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਣ ਪ੍ਰਣਾਲੀਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਵਿਗਿਆਨਕ ਵਿਧੀਆਂ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਪ੍ਰਗਟਾਏਗੀ।ਇਸ ਸਮਾਗਮ ਵਿੱਚ ਭਾਸ਼ਣ, ਚਰਚਾਵਾਂ, ਵਿਗਿਆਨਕ ਪੇਸ਼ਕਾਰੀਆਂ ਨਾਲ ਸੰਬੰਧਿਤ ਸੈਸ਼ਨ ਹੋਣਗੇ ਜਿਨ੍ਹਾਂ ਦਾ ਉਦੇਸ਼ ਵਨ ਹੈਲਥ ਵਿਸ਼ੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਜੋਕੀ ਦੁਨੀਆ ਵਿੱਚ ਲਾਗੂ ਕਰਨਾ ਹੈ।
