ਇਹ ਕੇਹੀ ਰੁੱਤ ਆਈ .

 


ਸੱਚਮੁੱਚ ਲੱਗਦਾ ਕਲਯੁੱਗ ਆਇਆ,

ਮੱਚ ਗਈ ਹਾਲ ਦੁਹਾਈ।

ਇਹ ਕੇਹੀ ਰੁੱਤ ਆਈ ਨੀ ਮਾਏ,

ਇਹ ਕੇਹੀ ਰੁੱਤ ਆਈ। 



ਚੰਦਰੇ ਰੋਗ ਨੇ ਖਾਲੀ ਕਰਤਾ,

ਪਤਾ ਨੀ ਕਿੰਨੇ ਘਰਾਂ ਨੂੰ।

ਪਰਦੇਸ 'ਚ ਬੈਠੇ ਭੁੱਬਾ ਮਾਰਦੇ,

ਯਾਦ ਕਰ ਆਪਣੇ ਦਰਾਂ ਨੂੰ। 

ਕੁੱਲ ਸੰਸਾਰ 'ਚ ਦਹਿਸ਼ਤ ਫੈਲੀ,

ਇਹ ਭੈੜੀ ਅਲਾਮਤ ਛਾਈ।

ਇਹ ਕੇਹੀ ਰੁੱਤ ਆਈ ਨੀ ਮਾਏ,

ਇਹ ਕੇਹੀ ਰੁੱਤ ਆਈ।



ਇੱਕ ਦੀ ਗ਼ਲਤੀ ਪਹਿਲਾਂ ਭੋਗੀ,

ਮੱਚੇ-ਝੁਲਸੇ ਬੇ-ਜਬਾਨਾਂ ਨੇ।

ਬਲਦਾ ਲੈਣ ਲਈ ਆਇਆ ਕੋਰੋਨਾ,

ਜ਼ੁਲਮ ਸਹੇ ਜੋ ਨਿੱਕੀਆਂ ਜਾਨਾਂ ਨੇ। 

ਹੁਣ ਬਣ ਗਈ ਉਹ ਪਰਬਤ ਵਰਗੀ,

ਜੋ ਸੀ ਪਹਿਲਾਂ ਰਾਈ।

ਇਹ ਕੇਹੀ ਰੁੱਤ ਆਈ ਨੀ ਮਾਏ,

ਇਹ ਕੇਹੀ ਰੁੱਤ ਆਈ।


ਇੱਕ ਮਾਂ ਦਾ ਬੱਚਾ ਰੋਗੀ ਹੋ ਗਿਆ,

ਉਹਦੇ ਦਿਲ ਬਿਤੀ,ਕੋਈ ਕੀ ਜਾਣੇ।

ਅਸੀਂ ਇਸ ਨੂੰ ਹਾਸੇ ਵਿਚ ਲੈ ਲਿਆ,

ਮੌਤ ਵੱਲ ਵਧ ਰਹੇ ਹਾਂ ਜਾਣੇ-ਅਣਜਾਣੇ। 

ਇਕ ਗੱਲ ਜ਼ਹਿਨ ਵਿਚ ਰੱਖੀ ਤੂੰ,

ਨਾ ਹੱਥ ਕਿਸੇ ਨੂੰ ਲਾਈਂ।

ਇਹ ਕੇਹੀ ਰੁੱਤ ਆਈ ਨੀ ਮਾਏ,

ਇਹ ਕੇਹੀ ਰੁੱਤ ਆਈ।



ਬਚਾਅ ਸਾਡਾ ਹੈ ਸਾਡੇ ਹੱਥ ਵਿਚ,

ਇਹ ਗੱਲ ਖਾਨੇ ਪਾ ਲੈਣੀ।

ਅਸੀਂ ਸੁਰੱਖਿਆ ਆਪਣੀ ਕਰਕੇੇ,

ਨੱਥ ਵਾਇਰਸ ਨੂੰ ਪਾ ਲੈਣੀ।

ਜਿਵੇਂ ਚਿੜੀ ਸੀ ਅੱਗ ਬੁਝਾਵਣ ਚੱਲੀ,

ਤੂੰ ਵੀ ਰਸਤੇ ਉਹ ਜਾਈਂ। 

ਇਹ ਕੇਹੀ ਰੁੱਤ ਆਈ ਨੀ ਮਾਏ,

ਇਹ ਕੇਹੀ ਰੁੱਤ ਆਈ।


ਹਰਪ੍ਰੀਤ ਸਿੰਘ "ਅਖਾੜਾ"