ਜਵੱਦੀ ਟਕਸਾਲ ਵਿਖੇ 34ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਲ ਤੋਂ ਆਰੰਭ.
ਦੇਸ਼ ਵਿਦੇਸ਼ ਤੋਂ ਬੇਅੰਤ ਸੰਗਤਾਂ ਦਾ ਸਮੂਲੀਅਤ ਕਰਨ ਲਈ ਆਉਣਾ ਆਰੰਭ
ਲੁਧਿਆਣਾ 10 ਦਸੰਬਰ (ਪ੍ਰਿਤਪਾਲ ਸਿੰਘ ਪਾਲੀ) - ਰਬਾਬ ਦੀ ਤਾਰ ਤੋਂ ਤੇਗ ਦੀ ਧਾਰ ਤੱਕ ਫੈਲੇ ਸਿੱਖ ਧਰਮ ਦੇ ਰੂਹਾਨੀ ਅਨੰਦ ਵਾਲੇ ਗੁਰਮਤਿ ਸੰਗੀਤ ਦਾ ਚਾਰ ਦਿਨਾਂ ਮਹਾਨ ਕੁੰਭ, "34 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ" ਅੱਜ ਤੋਂ ਜਵੱਦੀ ਟਕਸਾਲ ਵਿਖੇ ਆਰੰਭ ਹੋ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਵੱਦੀ ਟਕਸਾਲ ਦੇ ਸਿਰਜਿਤ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਤੇ ਪਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਅਧੀਨ ਅਤੇ ਇਸ ਵਾਰ ਦਾ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 350ਵੇਂ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਹੋਵੇਗਾ। ਗੁਰਮਤਿ ਸੰਗੀਤ ਸੰਮੇਲਨ ਦੇ ਪਹਿਲੇ ਦਿਨ ਦੀ ਆਰੰਭਤਾ ਦੀ ਅਰਦਾਸ ਸ਼ਾਮ 6 ਵਜੇ ਹੋਵੇਗੀ। ਇਸ ਤੋਂ ਪਹਿਲਾਂ ਜਵੱਦੀ ਟਕਸਾਲ ਦੇ ਵਿਿਦਆਰਥੀ ਗਿਆਨੀ ਜਸਵਿੰਦਰ ਸਿੰਘ ਗੁਰ ਇਤਿਹਾਸ ਦੀ ਵਿਚਾਰ ਕਰਨਗੇ ਅਤੇ ਰੋਜ਼ਾਨਾ ਦੀ ਮਰਿਆਦਾ ਅਨੁਸਾਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਹੋਣਗੇ। ਗੁਰਮਤਿ ਸੰਗੀਤ ਸੰਮੇਲਨ ਦੀ ਆਰੰਭਤਾ ਗੁਰ ਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਵਿਿਦਆਰਥੀ ਭਾਈ ਗੁਰਸੇਵਕ ਸਿੰਘ ਵਲੋਂ ਆਰਤੀ ਅਤੇ ਰਾਗ ਜੈਤਸਰੀ ਵਿਚ ਸ਼ਬਦ ਕੀਰਤਨ ਨਾਲ ਹੋਵੇਗੀ, ਉਪਰੰਤ ਭਾਈ ਬਿਨੀਤ ਸਿੰਘ ਦਿੱਲੀ ਵਾਲੇ ਗਉੜੀ, ਕੇਦਾਰਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਜਗਤਾਰ ਸਿੰਘ ਸੋਰਠਿ, ਸਿਰੀ ਰਾਗ ਅਤੇ ਭਾਈ ਅਵਤਾਰ ਸਿੰਘ ਬੈਂਕ ਵਾਲੇ ਧਨਾਸਰੀ, ਕਲਿਆਣ ਅਤੇ ਭਾਈ ਸ਼ਮਿੰਦਰਪਾਲ ਸਿੰਘ ਜਲੰਧਰ ਵਾਲੇ ਰਾਗ ਜੈਜਾਵੰਤੀ, ਨੱਟ ਨਰਾਇਣ ਵਿਚ ਗੁਰਬਾਣੀ ਸ਼ਬਦ ਕੀਰਤਨ ਕਰਨਗੇ। ਜਵੱਦੀ ਟਕਸਾਲ ਦੇ ਮੁਖੀ ਮਹਾਂਪੁਰਸ਼ ਸੰਤ ਗਿਆਨੀ ਅਮੀਰ ਸਿੰਘ ਨੇ ਅੱਜ ਆਪਣੇ ਸਹਾਇਕ ਪ੍ਰਬੰਧਕਾਂ ਟਕਸਾਲ ਦੇ ਵਿਿਦਆਰਥੀਆਂ ਨੂੰ ਮਿਲ ਕੇ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀਆਂ ਪ੍ਰਬੰਧਾਂ ਨੂੰ ਬਾਰੀਕੀ ਨਾਲ ਵੇਖਿਆ ਅਤੇ ਤਸੱਲੀ ਪ੍ਰਗਟਾਈ। ਦੱਸ ਦੇਈਏ ਕਿ ਵੱਡੇ ਮਹਾਂਪੁਰਸ਼ਾਂ ਦੇ ਵੇਲੇ ਤੋਂ ਗੁਰਮਤਿ ਸੰਗੀਤ ਦੇ ਬੇਅੰਤ ਪ੍ਰੇਮੀ ਆਤਮ ਮੰਡਲ ਦੇ ਅਨੰਦ ਲਈ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਨ ਲਈ ਸੰਗਤੀ ਰੂਪ ਵਿੱਚ ਇਕੱਠੇ ਹੁੰਦੇ ਹਨ।ਗੁਰਬਾਣੀ ਕੀਰਤਨ ਦੁਆਰਾ ਲੱਖਾਂ ਪ੍ਰਾਣੀ ਗੁਰਮਤਿ ਦੇ ਪਾਂਧੀ ਬਣੇ ਹਨ। ਦੇਸ਼ ਦੇ ਵੱਖ ਵੱਖ ਖੇਤਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਗੁਰਮਤ ਸੰਗੀਤ ਦੇ ਪ੍ਰੇਮੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਸਮੂਲੀਅਤ ਕਰਨ ਲਈ ਉਚੇਚੇ ਤੌਰ ਤੇ ਪੁਜਦੇ ਹਨ।
