ਵੈਟਨਰੀ ਯੂਨੀਵਰਸਿਟੀ ਵਿਖੇ ‘ਵਨ ਹੈਲਥ’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ.
200 ਤੋਂ ਵਧੇਰੇ ਡੈਲੀਗੇਟਾਂ ਅਤੇ ਮਾਹਿਰ ਵਿਗਿਆਨੀਆਂ ਨੇ ਸ਼ਿਰਕਤ ਕੀਤੀ
ਲੁਧਿਆਣਾ 11 ਦਸੰਬਰ 2025 :
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਵਨ ਹੈਲਥ ਨੂੰ ਅੱਗੇ ਵਧਾਉਣਾ: ਮਨੁੱਖੀ ਜਾਨਵਰ ਅਤੇ ਵਾਤਾਵਰਣ ਸਿਹਤ ਨੂੰ ਬਿਹਤਰ ਕਰਨ ਲਈ ਕਾਰਜ ਕਰਨ ਦਾ ਸੰਕਲਪ’ ਵਿਸ਼ੇ ’ਤੇ ਦੋ ਦਿਨਾ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਇਹ ਕਾਨਫਰੰਸ ਇੰਡੀਅਨ ਐਸੋਸੀਏਸ਼ਨ ਆਫ ਵੈਟਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੇ 21ਵੇਂ ਸਾਲਾਨਾ ਸੰਮੇਲਨ ਦੇ ਨਾਲ ਰੱਖੀ ਗਈ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 200 ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਵਿਗਿਆਨੀ, ਡਾਕਟਰ, ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ ਅਤੇ ਵਿਦਿਆਰਥੀ ਸ਼ਾਮਿਲ ਹੋਏ ਹਨ। ਡਾ. ਜਸਬੀਰ ਸਿੰਘ ਬੇਦੀ, ਪ੍ਰਬੰਧਕੀ ਸਕੱਤਰ ਨੇ ਸਭ ਦਾ ਸਵਾਗਤ ਕਰਦਿਆਂ ਦੋ ਦਿਨਾ ਗੋਸ਼ਠੀ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਨੂੰ ਏਨਾ ਵਿਸ਼ੇਸ਼ ਹੁੰਗਾਰਾ ਵਨ ਹੈਲਥ ਖੋਜ ਅਤੇ ਕਿਰਿਆਸ਼ੀਲਤਾ ਸੰਬੰਧੀ ਪ੍ਰਤੀਭਾਗੀਆਂ ਦੀ ਵਚਨਬੱਧਤਾ ਨੂੰ ਪ੍ਰਗਟਾਉਂਦਾ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਅਤੇ ਇਸ ਐਸੋਸੀਏਸ਼ਨ ਦੇ ਪ੍ਰਧਾਨ ਨੇ ਉਦਘਾਟਨੀ ਭਾਸ਼ਣ ਵਿੱਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਰੋਗਾਣੂਨਾਸ਼ਕ ਪ੍ਰਤੀਰੋਧ, ਜਲਵਾਯੂ ਨਾਲ ਜੁੜੇ ਖ਼ਤਰਿਆਂ ਅਤੇ ਭੋਜਨ ਸੁਰੱਖਿਆ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਵਨ ਹੈਲਥ ਦੀ ਵੱਧਦੀ ਮਹੱਤਤਾ ਸੰਬੰਧੀ ਰੋਸ਼ਨੀ ਪਾਈ। ਉਨ੍ਹਾਂ ਇਨ੍ਹਾਂ ਗਤੀਵਿਧੀਆਂ ਵਾਸਤੇ ਇਸ ਗੋਸ਼ਠੀ ਨੂੰ ਇਕ ਮਹੱਤਵਪੂਰਨ ਮੰਚ ਵਜੋਂ ਪ੍ਰਗਟਾਇਆ।
ਪ੍ਰੋ. ਗੁਰਪ੍ਰੀਤ ਸਿੰਘ ਵਾਂਡਰ, ਪ੍ਰਿਸੀਪਲ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਵਨ ਹੈਲਥ ਵਿਸ਼ੇ ਨਾਲ ਜੁੜੀਆਂ ਸਿਹਤ ਚੁਣੌਤੀਆਂ ਦਾ ਸਮੇਂ ਸਿਰ ਪਤਾ ਲਗਾਉਣ ਅਤੇ ਉਨ੍ਹਾਂ ਦਾ ਨਿਦਾਨ ਕਰਨ ਸੰਬੰਧੀ ਮੈਡੀਕਲ ਅਤੇ ਵੈਟਨਰੀ ਭਾਈਵਾਲੀ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਪ੍ਰੋ. ਰਾਜੀਵ ਸੂਦ, ਉਪ-ਕੁਲਪਤੀ, ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੇ ਸਿਹਤ ਮੁੱਦਿਆਂ ਸੰਬੰਧੀ ਰਾਸ਼ਟਰੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਅੰਤਰ ਖੇਤਰੀ ਸਮਰੱਥਾ, ਸੰਯੁਕਤ ਸਿਖਲਾਈ ਅਤੇ ਸਾਂਝੀ ਡਾਟਾ ਪ੍ਰਣਾਲੀ ਨੂੰ ਸੁਦ੍ਰਿੜ ਕਰਨ ਸੰਬੰਧੀ ਜ਼ਰੂਰਤ ਦੀ ਗੱਲ ਕੀਤੀ।
ਡਾ. ਤਰੁਣ ਸ਼੍ਰੀਧਰ, ਸੇਵਾਮੁਕਤ ਸਕੱਤਰ, ਭਾਰਤ ਸਰਕਾਰ ਨੇ ਕੌਮੀ ਨੀਤੀ ਅਨੁਕੂਲਤਾ ਅਤੇ ਵਨ ਹੈਲਥ ਨੂੰ ਸ਼ਾਸਨ ਢਾਂਚੇ ਵਿੱਚ ਏਕੀਕ੍ਰਿਤ ਕਰਨ ਦੀ ਲੋੜ ’ਤੇ ਇਕ ਕੁੰਜੀਵਤ ਭਾਸ਼ਣ ਦਿੱਤਾ। ਡਾ. ਆਰ ਜੇ ਜ਼ੇਂਡੇ, ਜਨਰਲ ਸਕੱਤਰ ਨੇ ਐਸੋਸੀਏਸ਼ਨ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਵਨ ਹੈਲਥ ਰਾਹੀਂ ਜਨਤਕ ਸਿਹਤ ਨੂੰ ਮਜ਼ਬੂਤ ਕਰਨ ਦੇ ਉਦੇਸ਼, ਮੁੱਖ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਦਾ ਵੇਰਵਾ ਦਿੱਤਾ। ਕਾਨਫਰੰਸ ਦੌਰਾਨ ਏਮਜ਼, ਬਠਿੰਡਾ ਅਤੇ ਵੈਟਨਰੀ ਯੂਨੀਵਰਸਿਟੀ ਦੌਰਾਨ ਇਕ ਸਮਝੌਤਾ ਪੱਤਰ ’ਤੇ ਵੀ ਹਸਤਾਖ਼ਰ ਕੀਤੇ ਗਏ। ਮੁਹਤਬਰ ਸ਼ਖ਼ਸੀਅਤਾਂ ਨੇ ਸੋਵੀਨਰ ਅਤੇ ਲੇਖ ਸੰਗ੍ਰਹਿ ਵੀ ਲੋਕ ਅਰਪਣ ਕੀਤਾ। ਐਸੋਸੀਏਸ਼ਨ ਦੇ ਪੁਰਸਕਾਰ ਵੀ ਇਸ ਮੰਚ ’ਤੇ ਪ੍ਰਦਾਨ ਕੀਤੇ ਗਏ।
ਡਾ. ਰਾਬਿੰਦਰ ਸਿੰਘ ਔਲਖ, ਪ੍ਰਬੰਧਕੀ ਸਕੱਤਰ ਨੇ ਪਤਵੰਤੇ ਮਹਿਮਾਨਾਂ, ਸਹਿਯੋਗੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਕਾਨਫਰੰਸ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਦਾ ਇਸ ਦੇ ਸਫਲ ਆਯੋਜਨ ਲਈ ਧੰਨਵਾਦ ਕੀਤਾ।
