*ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਕੂਲਾਂ 'ਚ ਸਵੇਰ ਦੀ ਸਭਾ ਦੌਰਾਨ ਕਰਵਾਏ ਸੈਮੀਨਾਰ.
*- ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਦੱਸਦਿਆਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ*
*- ਜੱਜ ਸਹਿਬਾਨ, ਵਕੀਲ, ਪੈਰਾ ਲੀਗਲ ਵਲੰਟੀਅਰ, ਸਕੂਲ ਪ੍ਰਿੰਸੀਪਲ ਤੇ ਅਧਿਆਪਕਾਂ ਨਾਲ ਸਕੂਲਾਂ ਦੇ ਵਿਦਿਆਰਥੀ ਵੀ ਰਹੇ ਮੌਜੂਦ*
ਲੁਧਿਆਣਾ, 11 ਦਸੰਬਰ (ਵਾਸੂ ਜੇਤਲੀ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ''ਯੂਥ ਅਗੇਂਸਟ ਡਰੱਗਜ'' ਮੁਹਿੰਮ ਤਹਿਤ ਜ਼ਿਲ੍ਹਾ ਲੁਧਿਆਣਾ ਸਮੇਤ ਸਬ ਤਹਿਸੀਲ ਖੰਨਾ, ਪਾਇਲ, ਜਗਰਾਓਂ ਅਤੇ ਸਮਰਾਲਾ ਦੇ ਵੱਖ-ਵੱਖ ਸਕੂਲਾਂ ਵਿੱਚ ਸਵੇਰ ਦੀ ਸਭਾ ਦੌਰਾਨ ਸੈਮੀਨਾਰ ਲਗਾਏ ਗਏ, ਜਿਸ ਵਿੱਚ ਜੱਜ ਸਹਿਬਾਨ, ਵਕੀਲ ਅਤੇ ਪੈਰਾ ਲੀਗਲ ਵਲੰਟੀਅਰ, ਸਕੂਲ ਪ੍ਰਿੰਸੀਪਲ ਸਹਿਬਾਨ, ਅਧਿਆਪਕ ਸਹਿਬਾਨ ਅਤੇ ਸਕੂਲ ਦੇ ਵਿਦਿਆਰਥੀ ਵੀ ਮੌਜੂਦ ਸਨ।
ਇਸ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣੂੰ ਕਰਵਾਉਂਦਿਆਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਸੁਮਿਤ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਕੀਲਾਂ, ਪੈਰਾ ਲੀਗਲ ਵਲੰਟੀਅਰਾਂ, ਪੈਨਲ ਵਕੀਲਾਂ ਵੱਲੋਂ ਬੱਚਿਆਂ ਨੂੰ ਇਹ ਦੱਸਿਆ ਗਿਆ ਕਿ ਨਸ਼ਿਆਂ ਦਾ ਸੇਵਨ ਕਰਨ ਨਾਲ ਜਿੱਥੇ ਉਨ੍ਹਾਂ ਦੇ ਸਰੀਰ ਦਾ ਨੁਕਸਾਨ ਹੁੰਦਾ ਹੈ ਉੱਥੇ ਮਾਪਿਆਂ ਦੇ ਪੈਸੇ ਦਾ ਵੀ ਉਜਾੜਾ ਹੁੰਦਾ ਹੈ। ਨਸ਼ੇ ਦੀ ਦਲਦਲ ਵਿੱਚ ਫਸੇ ਰੋਗੀ ਦੇ ਪਰਿਵਾਰ ਦੀ ਇਲਾਕੇ ਵਿੱਚ ਬਦਨਾਮੀ ਹੁੰਦੀ ਹੈ ਅਤੇ ਉਹ ਚਾਰ ਬੰਦਿਆਂ ਵਿੱਚ ਸਿਰ ਚੁੱਕ ਕੇ ਗੱਲ ਵੀ ਨਹੀਂ ਕਰ ਸਕਦੇ। ਉਨ੍ਹਾਂ ਸਕੂਲੀ ਬੱਚਿਆਂ ਨੂੰ ਮਿਹਨਤ ਕਰਕੇ ਆਪਣੇ ਟੀਚੇ ਪ੍ਰਾਪਤ ਕਰਨ ਦੇ ਗੁਰ ਵੀ ਦੱਸੇ।
ਸਕੱਤਰ ਸੱਭਰਵਾਲ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਸਕੂਲੀ ਬੱਚੇ ਆਪਣੇ ਸਾਥੀਆਂ ਨੂੰ ਪ੍ਰੇਰਿਤ ਕਰਕੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਕੇ ਦੇਸ਼ ਦੇ ਭਵਿੱਖ ਨੂੰ ਬਚਾ ਸਕਦੇ ਹਨ। ਉਨ੍ਹਾਂ ਮੁਹਿੰਮ ਤਹਿਤ ਜਾਰੀ ਕੀਤੇ ਟੋਲ ਫ੍ਰੀ ਨੰਬਰ 15100 ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ।
ਉਨ੍ਹਾਂ ਦੁਹਰਾਇਆ ਕਿ ਮਾਣਯੋਗ ਮੈਂਬਰ ਸਕੱਤਰ, ਪੰਜਾਬ ਰਾਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ ਅਤੇ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ 06 ਦਸੰਬਰ, 2025 ਨੂੰ ''ਨਸ਼ਿਆਂ ਵਿਰੁੱਧ ਨੌਜਵਾਨ'' ਮੁਹਿੰਮ ਦਾ ਜ਼ਿਲ੍ਹਾ ਪੱਧਰੀ ਆਗਾਜ਼ ਕੀਤਾ ਜਾ ਚੁੱਕਾ ਹੈ ਜੋਕਿ 06 ਜਨਵਰੀ, 2026 ਤੱਕ ਜਾਰੀ ਰਹੇਗੀ।
