ਡਾ ਗੁਰਪ੍ਰੀਤ ਸਿੰਘ ਬਜਾਜ ਨੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੇ ਪ੍ਰਧਾਨ ਵਜੋਂ ਸੇਵਾ ਸੰਭਾਲੀ.

 

ਲੁਧਿਆਣਾ, 3 ਜਨਵਰੀ - ਲੁਧਿਆਣਾ ਸ਼ਹਿਰ ਦੇ ਮਸ਼ਹੂਰ ਗੁਰਦੁਆਰਿਆਂ ਦੀ ਸੂਚੀ ਵਿੱਚ ਸ਼ਾਮਲ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰਾਭਾ ਨਗਰ ਦੇ ਪ੍ਰਧਾਨ ਦੀ ਪਿਛਲੇ ਦਿਨੀਂ ਚੋਣ ਕਰਵਾਈ ਗਈ, ਜਿਸ ਵਿੱਚ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਸੁਰਿੰਦਰਜੀਤ ਸਿੰਘ ਚੁੱਘ ਸੇਵਾ ਮੁਕਤ ਸਹਾਇਕ ਕਮਿਸ਼ਨਰ ਅਤੇ ਪਰਮਿੰਦਰ ਸਿੰਘ ਲਾਡੀ ਐਡਵੋਕੇਟ ਜਿਲ੍ਹਾ ਅਦਾਲਤਾਂ ਲੁਧਿਆਣਾ ਨੇ ਬਤੌਰ ਚੋਣ ਅਧਿਕਾਰੀ ਸੇਵਾਵਾਂ ਨਿਭਾਈਆਂ। ਇਸ ਮੌਕੇ ਡਾ: ਗੁਰਪ੍ਰੀਤ ਸਿੰਘ ਬਜਾਜ ਬਿਨਾਂ ਵਿਰੋਧ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਚੁਣੇ ਗਏ ਜਦ ਕਿ ਇਸੇ ਤਰ੍ਹਾਂ ਹੀ ਬਲਾਕ ਸਰਾਭਾ ਨਗਰ ਅਧੀਨ ਆਉਂਦੇ ਬਲਾਕਾਂ ਦੇ ਮੈਂਬਰਾਂ ਦੀ ਚੋਣ ਵੀ ਨਿਰਵਿਰੋਧ ਕੀਤੀ ਗਈ ਜਿਸ ਵਿੱਚ ਜਗਦੀਪ ਸਿੰਘ ਨੀਲੂ ਬਲਾਕ-ਏ, ਕਮਿੱਕਰ ਸਿੰਘ ਬਲਾਕ- ਬੀ, ਬੀਬੀ ਰਵਿੰਦਰ ਕੌਰ ਬਲਾਕ - ਸੀ ਅਤੇ ਡੀ, ਇਕਬਾਲ ਸਿੰਘ ਬਲਾਕ - ਈ, ਜਸਪਾਲ ਸਿੰਘ ਠੁਕਰਾਲ ਬਲਾਕ ਐਫ਼, ਚਰਨਦੀਪ ਸਿੰਘ ਬਲਾਕ- ਜੀ, ਸੁਖਦੇਵ ਸਿੰਘ ਬਲਾਕ - ਐਚ, ਡਾ:ਤ੍ਰਿਪਤ ਕੌਰ ਬਜਾਜ ਬਲਾਕ- ਆਈ ਅਤੇ ਕੰਵਰਜੀਤ ਸਿੰਘ ਬਲਾਕ- ਕੇ ਸ਼ਾਮਲ ਹਨ ਜਦ ਕਿ ਬਲਾਕ ਜੇ ਦੇ ਮੈਂਬਰ ਦੀ ਚੋਣ ਕਰਨੀ ਅਜੇ ਬਾਕੀ ਹੈ।

ਚੁਣੀ ਗਈ ਕਮੇਟੀ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਗੁਰਪ੍ਰੀਤ ਸਿੰਘ ਬਜਾਜ ਨੂੰ ਚੋਣ ਅਧਿਕਾਰੀ ਸੁਰਿੰਦਰਜੀਤ ਸਿੰਘ ਚੁੱਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪ੍ਰਣ ਕਰਵਾਇਆ ਕਿ ਉਹ ਗੁਰੁਦਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਵਜੋਂ ਨਿਮਰਤਾ ਸਹਿਤ ਨਿਮਾਣਾ ਸਿੱਖ ਬਣ ਕੇ ਸੇਵਾ ਕਰੇਗਾ ਅਤੇ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਦੇ ਪ੍ਰਚਾਰ ਲਈ ਇਮਾਨਦਾਰੀ ਅਤੇ ਨਿਸ਼ਚੇ ਨਾਲ ਕੰਮ ਕਰੇਗਾ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਲਈ ਬਿਹਤਰ ਸਹੂਲਤਾਂ ਬਣਾਉਣ ਲਈ ਸਾਰੇ ਮੈਂਬਰਾਂ ਅਤੇ ਸੰਗਤਾਂ ਦਾ ਸਹਿਯੋਗ ਲੈ ਕੇ ਚੱਲੇਗਾ। ਇਸ ਮੌਕੇ ਬਤੌਰ ਪ੍ਰਧਾਨ ਜਿੰਮੇਵਾਰੀ ਸੰਭਾਲਣ ਉਪਰੰਤ ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਸਰਾਭਾ ਨਗਰ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਵਜੋਂ ਜੋ ਸੇਵਾਵਾਂ ਸੌਂਪੀਆਂ ਹਨ, ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਪੂਰੀਆਂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਯਤਨ ਕਰੇਗਾ। ਇਥੇ ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਬਜਾਜ 2020 ਤੋਂ 2022 ਤੱਕ ਬਤੌਰ ਕੈਸ਼ੀਅਰ ਅਤੇ 2023 ਤੋਂ 2025 ਤੱਕ ਬਤੌਰ ਜਨਰਲ ਸਕੱਤਰ ਦੇ ਅਹੁਦੇ 'ਤੇ ਬਾਖ਼ੂਬੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਸਰਾਭਾ ਨਗਰ ਦੀਆਂ ਸੰਗਤਾਂ ਵਲੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਕਮੇਟੀ ਦਾ ਨਿਰਵਿਰੋਧ ਪ੍ਰਧਾਨ ਚੁਣਿਆ ਗਿਆ ।