ਮਾਲਵਾ ਸੱਭਿਆਚਾਰਕ ਮੰਚ ਵੱਲੋਂ 30ਵੇਂ ਧੀਆਂ ਦੇ ਲੋਹੜੀ ਮੇਲੇ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ.
ਲੁਧਿਆਣਾ, 8 ਜਨਵਰੀ (ਵਾਸੂ ਜੇਤਲੀ) - ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ 10 ਜਨਵਰੀ 2026 ਨੂੰ ਕਰਵਾਏ ਜਾ ਰਹੇ ਧੀਆਂ ਦੇ 30ਵੇਂ ਲੋਹੜੀ ਮੇਲੇ ਦੀਆਂ ਤਿਆਰੀਆਂ ਸਬੰਧੀ ਗਠਿਤ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਹੋਈ।
ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮੰਚ ਦੇ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ ਅਤੇ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਇੰਦਰਜੀਤ ਕੌਰ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਮੇਲੇ ਨੂੰ ਕਾਮਯਾਬ ਬਣਾਉਣ ਲਈ ਮੰਚ ਦੀਆਂ ਵੱਖ-ਵੱਖ ਕਮੇਟੀਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਉੱਪਰ ਤਸੱਲੀ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਇਸ ਵਾਰ ਮੇਲਾ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਦੇ ਇਤਿਹਾਸ ਵਿਚ ਇਕ ਯਾਦਗਾਰ ਸਾਬਿਤ ਹੋਵੇਗਾ। ਇਸ ਮੌਕੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਮੀਟਿੰਗ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਮੰਚ ਦੇ ਸਰਪ੍ਰਸਤ ਮਲਕੀਤ ਸਿੰਘ ਦਾਖਾ ਸਾਬਕਾ ਵਿਧਾਇਕ, ਤਰਲੋਚਨ ਸਿੰਘ ਸਫਰੀ ਅਤੇ ਕੈਨੇਡਾ ਤੋਂ ਮੇਲੇ ਵਿੱਚ ਹਰ ਵਾਰ ਦੀ ਤਰ੍ਹਾਂ ਹਾਜ਼ਰੀ ਲਵਾਉਣ ਉਚੇਚੇ ਤੌਰ 'ਤੇ ਪਹੁੰਚੇ ਰਵਿੰਦਰ ਸਿਆਣ ਸਮੇਤ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਸ੍ਰੀ ਬਾਵਾ ਅਤੇ ਰਾਣਾ ਝਾਂਡੇ ਨੇ ਦੱਸਿਆ ਕਿ ਇਸ ਵਾਰ 30ਵੇਂ ਧੀਆਂ ਦੇ ਲੋਹੜੀ ਮੇਲੇ ਮੌਕੇ ਨਾਨੀਆਂ-ਦਾਦੀਆਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਜਾਵੇਗਾ। ਮਹਿਲਾ ਵਿੰਗ ਪ੍ਰਧਾਨ ਇੰਦਰਜੀਤ ਕੌਰ ਨੇ ਦੱਸਿਆ ਕਿ ਮੇਲੇ ਵਿੱਚ ਪਿਛਲੇ ਸਾਲ ਜਨਮ ਲੈਣ ਵਾਲੀਆਂ 125 ਨੰਨੀਆਂ ਬੱਚੀਆਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਰਾਕੇਸ਼ ਗੋਇਲ, ਸੁਖਵਿੰਦਰ ਸਿੰਘ ਜਗਦੇਵ, ਮਾਸਟਰ ਹਰੀਦੇਵ ਬਾਵਾ, ਬੀਬਾ ਖੁਸ਼ਦੀਪ ਗਰੇਵਾਲ, ਪਾਲੀ ਦਮਦਮੇਵਾਲਾ ਲੋਕ ਗਾਇਕ, ਗੁਲਸ਼ਨ ਬਾਵਾ, ਗਗਨ ਖੰਨਾ, ਨਰਿੰਦਰ ਕੁਮਾਰ ਬਾਵਾ ਅਤੇ ਅਰਜੁਨ ਬਾਵਾ ਵੀ ਹਾਜ਼ਰ ਸਨ।
