ਖੁਦ ਨੂੰ ਸਾਬਿਤ ਨਹੀਂ ਕਰਦਾ ਮੈਂ .

"ਮੈਂ ਖੁਦ ਨੂੰ ਸਾਬਿਤ ਨਹੀਂ ਕਰਦਾ,ਬੱਸ ਮੌਨ ਧਰ ਲੈਂਦਾ ਹਾਂ।।"


ਇੱਕ ਅਸੀਮ ਤਾਕਤ ਦਾ ਵੇਗ ਮਹਿਸੂਸ ਕਰਦਾ ਹਾਂ,

ਬੇਬੁਨਿਆਦੀ ਗੱਲਾਂ ਛੱਡ ਕੇ ਢੁਕਵੀਂ ਗੱਲ ਹੀ ਕਰਦਾ ਹਾਂ।।

ਮੇਰੀ ਖਾਮੋਸ਼ੀ ਨੂੰ ਕਈ ਲੋਕ ਕਮਜ਼ੋਰੀ ਦਾ ਨਾਂ ਦਿੰਦੇ,

ਕਿਤੇ ਮੰਦਾ ਬੋਲ ਨਾ ਬੋਲ ਦੇਵਾਂ, ਹਾਂ ਮੈਂ ਇਸੇ ਗੱਲੋਂ ਡਰਦਾ ਹਾਂ।।

ਭੇਡਾਂ ਚ ਦੌੜ ਕੇ, ਮਾੜਾ ਕਿਸੇ ਨੂੰ ਬੋਲ ਕੇ,

ਮੈਂ ਖੁਦ ਨੂੰ ਸਾਬਿਤ ਨਹੀਂ ਕਰਦਾ, ਬੱਸ ਮੌਨ ਧਰ ਲੈਂਦਾ ਹਾਂ।।


ਮੈਂ ਬੁੱਧ ਨਹੀਂ , ਮਹਾਂਵੀਰ ਨਹੀਂ , ਨਾ ਕਿਸੇ ਨਾਲ ਤੁਲਨਾ ਕਰਦਾ ਹਾਂ,

ਆਪਣੇ ਆਪ ਨੂੰ ਲੱਭ ਲਵਾਂ ਬੱਸ ਏਨੀ ਕੋਸ਼ਿਸ਼ ਕਰਦਾ ਹਾਂ।।

ਸਿਰਜਣਹਾਰ ਤਾਂ ਮੈਂ ਨਹੀਂ ਪਰ ਖੁਦ ਦੀ ਰਚਨਾ ਬੇਹਤਰ ਕਰਾਂ,

ਬੋਝਲ ਦੁਨੀਆ ਤੰਗ ਕਰੇ ਤਾਂ ਬੱਸ ਰੂਹ ਨਾਲ ਗੱਲਾਂ ਕਰਾਂ,

ਜਦ ਕੁੱਛ ਸਮਝ ਨਾ ਆਵੇ, ਹਾਰ ਸਤਾਵੇ,

ਮੈਂ ਖੁਦ ਨੂੰ ਨਿਰਾਸ਼ ਨਹੀਂ ਕਰਦਾ, ਬੱਸ ਮੌਨ ਧਰ ਲੈਂਦਾ ਹਾਂ।।


ਬੇਫਿਜ਼ੂਲੀ ਬੋਲ ਦੇਣਾ, ਆਪਾ ਖੋ ਦੇਣਾ, ਮੈਂ ਸੋਚਿਆ ਕਰਦਾ ਹਾਂ,

ਹੈ ਲਾਇਲਾਜ ਬਿਮਾਰੀ, ਮੈਂ ਇਸਤੋਂ ਤੌਬਾ ਕਰਦਾ ਹਾਂ।।

ਸੁਕੂਨ ਰਹਿਤ, ਸ਼ੋਸ਼ਾ ਚੱਲੇ, ਬੰਦਾ ਬੰਦੇ ਨੂੰ ਕਰਦਾ ਥੱਲੇ,

ਮੈਂ ਅਜਿਹੀ ਪਲੀਤ ਥਾਂ 'ਤੇ ਘੱਟ ਹੀ ਜਾਇਆ ਕਰਦਾ ਹਾਂ।।

ਬਣਾਂ ਖੁਸ਼ ਇਨਸਾਨ ਕਿਵੇਂ, ਵਿੱਦਵਾਨ ਕਿਵੇਂ,

ਮੈਂ ਜ਼ਿਆਦਾ ਕੁੱਛ ਨਹੀਂ ਕਰਦਾ,ਬੱਸ ਮੌਨ ਧਰ ਲੈਂਦਾ ਹਾਂ।।

                         ---------ਸਿਧਾਰਥ